ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੁਕੰਮਲ ਹੜਤਾਲ ’ਤੇ

Tuesday, Jul 13, 2021 - 02:10 AM (IST)

ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੁਕੰਮਲ ਹੜਤਾਲ ’ਤੇ

ਮਾਨਸਾ(ਸੰਦੀਪ ਮਿੱਤਲ)- ਪੰਜਾਬ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਸਭ ਤੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਿਭਾਗ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਚਲਾਉਣ ਵਾਲੇ ਅਫਸਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਮੁਕੰਮਲ ਹੜਤਾਲ ’ਤੇ ਚਲੇ ਗਏ ਹਨ।

ਅੱਜ ਹੜਤਾਲ ’ਤੇ ਬੈਠੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਖਵਿੰਦਰ ਸਿੰਘ ਸਿੱਧੂ ਮਾਨਸਾ, ਕਵਿਤਾ ਗਰਗ ਬੀ. ਡੀ. ਪੀ. ਓ. ਭੀਖੀ, ਮੇਜਰ ਸਿੰਘ ਧਾਲੀਵਾਲ ਬੀ. ਡੀ. ਪੀ. ਓ. ਸਰਦੂਲਗੜ੍ਹ, ਅਸ਼ੋਕ ਕੁਮਾਰ ਬੀ. ਡੀ. ਪੀ. ਓ. ਬੁਢਲਾਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਕੰਮ, ਕੋਈ ਵੀ ਪ੍ਰਾਜੈਕਟ ਪੇਂਡੂ ਵਿਕਾਸ ਅਤੇ ਪੰਚਇਤ ਵਿਭਾਗ ਦੀ ਸਰਗਰਮ ਭੂਮਿਕਾ ਤੋਂ ਬਿਨਾਂ ਸਿਰੇ ਨਹੀਂ ਚੜ੍ਹਦਾ ਪਰ ਬਹੁਤ ਸਾਰੇ ਅਫਸਰ ਸਾਹਿਬਾਨ ਨਾਲੋਂ ਜ਼ਿਆਦਾ ਮਿਹਨਤ ਕਰਨ ਵਾਲੇ ਬੀ. ਡੀ. ਪੀ. ਓਜ਼ ਨੂੰ ਸਰਕਾਰ ਵਲੋਂ ਤਨਖਾਹ ਦੇਣ ਦੇ ਮਾਮਲੇ ’ਚ ਸ਼ਾਇਦ ਅਫਸਰ ਹੀ ਨਹੀਂ ਸਮਝਿਆ ਜਾ ਰਿਹਾ। ਸਗੋਂ ਇਕ ਆਮ ਕਰਮਚਾਰੀ ਨਾਲੋਂ ਵੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਲ 1998 ਤੋਂ ਲੈ ਕੇ ਹੁਣ ਤੱਕ ਲਗਾਤਾਰ ਸਰਕਾਰ, 5ਵੇਂ ਪੇ-ਕਮਿਸ਼ਨ ਅਤੇ 6ਵੇਂ ਪੇ-ਕਮਿਸ਼ਨ ਕੋਲ ਸੈਂਕੜੇ ਵਾਰ ਆਪਣੀ ਮੰਗ ਦੁਹਰਾਈ ਜਾ ਚੁੱਕੀ ਹੈ। ਹਰ ਵਾਰ ਕਿਹਾ ਜਾਂਦਾ ਹੈ ਕਿ ਤੁਹਾਡੀ ਮੰਗ ਜਾਇਜ਼ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ ਹੈ ਅਤੇ ਬੀ. ਡੀ. ਪੀ. ਓਜ਼ ਅਜੇ ਵੀ ਸਨਮਾਨਜਨਕ ਪੇ-ਸਕੇਲ ਨੂੰ ਤਰਸ ਰਹੇ ਹਨ।

ਉਨ੍ਹਾਂ ਇਹ ਸੰਕਲਪ ਦੁਹਰਾਇਆ ਗਿਆ ਹੈ ਕਿ ਸਾਡੇ ਨਾਲ ਜੋ ਧੱਕਾ ਲਗਾਤਾਰ ਕੀਤਾ ਜਾ ਰਿਹਾ ਹੈ, ਉਸ ਦੇ ਖਿਲਾਫ ਅਤੇ ਆਪਣੇ ਸਨਮਾਨਜਨਕ ਪੇ-ਸਕੇਲ ਦੀ ਬਹਾਲੀ ਤੱਕ ਬੀ. ਡੀ. ਪੀ. ਓਜ਼ ਮੁਕੰਮਲ ਹੜਤਾਲ ਰਹਿਣਗੇ।


author

Bharat Thapa

Content Editor

Related News