ਪਤਨੀ ਦੀਆਂ ਸਹੇਲੀਆਂ ਦੀ ਬਲੈਕਮੇਲਿੰਗ ਤੋਂ ਤੰਗ ਵਿਅਕਤੀ ਨੇ ਕੀਤੀ ਆਤਮ-ਹੱਤਿਆ
Friday, Apr 26, 2019 - 12:21 PM (IST)
ਸਮਾਣਾ (ਦਰਦ, ਅਸ਼ੋਕ)—ਵਿਆਹ ਦੇ 15 ਸਾਲ ਬਾਅਦ ਵੀ ਕੋਈ ਔਲਾਦ ਨਾ ਹੋਣ 'ਤੇ ਬੱਚੇ ਦੀ ਚਾਹਤ ਰਖਦੇ ਵਿਅਕਤੀ ਨੇ ਦੂਜਾ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਕਥਿਤ ਦੂਜੀ ਪਤਨੀ ਦੀਆਂ 2 ਸਹੇਲੀਆਂ ਵੱਲੋਂ ਪੈਸਿਆਂ ਦੀ ਮੰਗ ਤੇ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ 5 ਦਿਨਾਂ ਬਾਅਦ ਵੀਰਵਾਰ ਨੂੰ ਭਾਖੜਾ ਨਹਿਰ ਖਨੌਰੀ ਬ੍ਰਾਂਚ ਤੋਂ ਮਿਲਣ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਮ੍ਰਿਤਕ ਸੁਖਚੈਨ ਸਿੰਘ (40) ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸਰੋਲਾ (ਕੈਥਲ) ਦੇ ਭਰਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਵਿਆਹ ਦੇ ਬਾਵਜੂਦ 15 ਸਾਲ ਤੱਕ ਉਸ ਦੇ ਭਰਾ ਕੋਲ ਕੋਈ ਔਲਾਦ ਪੈਦਾ ਨਾ ਹੋਣ 'ਤੇ ਉਸ ਦਾ ਭਰਾ ਸੁਖਚੈਨ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਬੱਚੇ ਦੀ ਚਾਹਤ ਕਾਰਨ ਕਰੀਬ ਇਕ ਸਾਲ ਪਹਿਲਾਂ ਉਸ ਦੇ ਦੋਸਤ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਸੁਖਦੀਪ ਕੌਰ ਨਾਮਕ ਔਰਤ ਨਾਲ ਉਸ ਦਾ ਵਿਆਹ ਕਰਵਾ ਦਿੱਤਾ। ਸੁਖਦੀਪ ਕੌਰ ਦੀ ਇੱਛਾ ਅਨੁਸਾਰ ਉਹ ਕਿਰਾਏ 'ਤੇ ਘਰ ਲੈ ਕੇ ਚੀਕਾ ਜ਼ਿਲਾ ਕੈਥਲ ਰਹਿਣ ਲੱਗ ਪਏ।
ਅੰਗਰੇਜ਼ ਸਿੰਘ ਅਨੁਸਾਰ ਕੁਝ ਸਮੇਂ ਬਾਅਦ ਸੁਖਦੀਪ ਕੌਰ ਦੀਆਂ 2 ਸਹੇਲੀਆਂ ਜੋਤੀ ਨਿਵਾਸੀ ਮੰਡਵੀ ਜ਼ਿਲਾ ਸੰਗਰੂਰ ਅਤੇ ਅਮਨ ਨਿਵਾਸੀ ਮਾਈਸਰ ਮੰਦਰ ਰੋਡ ਸਮਾਣਾ ਉਨ੍ਹਾਂ ਨੂੰ ਚੀਕਾ ਤੋਂ ਸਾਮਾਨ ਸਣੇ ਮਾਈਸਰ ਰੋਡ ਸਮਾਣਾ ਸਥਿਤ ਆਪਣੇ ਘਰ ਲੈ ਆਈਆਂ। ਇਥੇ ਆ ਕੇ ਸੁਖਦੀਪ ਦੀਆਂ ਦੋਵੇਂ ਸਹੇਲੀਆਂ ਵੱਖ-ਵੱਖ ਤਰੀਕਿਆਂ ਨਾਲ ਉਸ ਦੇ ਭਰਾ ਤੋਂ ਪੈਸੇ ਬਟੋਰਦੀਆਂ ਰਹੀਆਂ। ਕੁਝ ਸਮੇਂ ਬਾਅਦ ਪੈਸਿਆਂ ਦੀ ਮੰਗ ਪੂਰੀ ਨਾ ਹੋਣ ਕਾਰਨ ਉਨ੍ਹਾਂ ਸੁਖਚੈਨ ਸਿੰਘ ਨੂੰ ਸੁਖਦੀਪ ਕੌਰ ਨਾਲ ਮਿਲਣ ਤੋਂ ਰੋਕ ਦਿੱਤਾ। ਉਸ ਨਾਲ ਮਿਲਣ ਲਈ ਬਲੈਕਮੇਲ ਕਰਨ ਲੱਗੀਆਂ। ਉਸ ਨੇ ਪੈਸੇ ਠੱਗਣ ਵਾਲੀਆਂ ਇਨ੍ਹਾਂ 3 ਔਰਤਾਂ ਨੂੰ ਇਕ ਚਲਾਕ ਗਰੋਹ ਦੱਸਿਆ। ਇਸ ਕਾਰਨ ਉਹ ਕਾਫੀ ਦੁਖੀ ਤੇ ਪ੍ਰੇਸ਼ਾਨ ਰਹਿਣ ਲੱਗਾ। ਇਸ ਤੋਂ ਪਹਿਲਾਂ ਵੀ ਸੁਖਚੈਨ ਨੇ ਇਨ੍ਹਾਂ ਤਿੰਨਾਂ ਔਰਤਾਂ ਵੱਲੋਂ ਉਸ ਨੂੰ ਬਲੈਕਮੇਲਿੰਗ 'ਤੇ ਤੰਗ-ਪ੍ਰੇਸ਼ਾਨ ਕਰਨ ਸਬੰਧੀ ਇਕ ਸ਼ਿਕਾਇਤ ਕਰੀਬ ਢਾਈ ਮਹੀਨੇ ਪਹਿਲਾਂ ਗੂਹਲਾ ਪੁਲਸ ਥਾਣਾ ਨੂੰ ਕੀਤੀ ਸੀ। ਇਸ ਅਨੁਸਾਰ ਉਸ ਵੱਲੋਂ ਆਤਮ-ਹੱਤਿਆ ਕਰ ਲੈਣ ਤੇ ਤਿੰਨਾਂ ਨੂੰ ਦੋਸ਼ੀ ਮੰਨਣ ਸਬੰਧੀ ਲਿਖਿਆ ਸੀ। ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਹੋਣ 'ਤੇ ਇਨ੍ਹਾਂ ਔਰਤਾਂ ਵੱਲੋਂ ਉਸ ਨੂੰ ਬਲੈਕਮੇਲਿੰਗ ਕਾਰਨ ਤੰਗ-ਪ੍ਰੇਸ਼ਾਨ ਸੁਖਚੈਨ ਸਿੰਘ ਵੱਲੋਂ 20 ਅਪ੍ਰੈਲ ਨੂੰ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਸੀ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ?
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਅਤੇ ਮ੍ਰਿਤਕ ਵੱਲੋਂ ਲਿਖੇ ਸੁਸਾਈਡ ਨੋਟ ਦੇ ਆਧਾਰ 'ਤੇ ਸੁਖਦੀਪ ਕੌਰ ਦੀਆਂ ਦੋਵੇਂ ਸਹੇਲੀਆਂ ਅਮਨ ਤੇ ਜੋਤੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਹੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।