ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ, ਹਮਲਾਵਰ ਮੌਕੇ ਤੋਂ ਫ਼ਰਾਰ
Tuesday, Feb 03, 2026 - 05:35 PM (IST)
ਜਲੰਧਰ (ਵੈੱਬ ਡੈਸਕ, ਜਸਪ੍ਰੀਤ) : ਇੱਥੇ ਨਾਮਦੇਵ ਚੌਂਕ ਨੇੜੇ ਟੈਕਸੀ ਸਟੈਂਡ ਸਾਹਮਣੇ ਬਾਈਕ ਸਵਾਰ ਨੌਜਵਾਨਾਂ ਵਲੋਂ ਨੰਬਰਦਾਰ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ 'ਚ ਜ਼ਖਮੀ ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਬਸਤੀ ਸ਼ੇਖ ਦੇ ਤੌਰ 'ਤੇ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਨੰਬਰਦਾਰ ਹੈ। ਉਸ ਦਾ ਵਿਦੇਸ਼ ਤੋਂ ਫੋਨ ਆਇਆ ਸੀ ਅਤੇ ਉਹ ਗੱਲ ਕਰ ਰਿਹਾ ਸੀ। ਇਸ ਦੌਰਾਨ ਗਲਤ ਸਾਈਡ ਤੋਂ ਆਏ ਬਾਈਕ ਸਵਾਰ ਨੌਜਵਾਨਾਂ ਵਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਬਾਈਕ ਸਵਾਰ 2 ਨੌਜਵਾਨ ਦੂਜੀ ਸੜਕ ਤੋਂ ਆਏ ਸਨ।
ਨੌਜਵਾਨਾਂ ਨੇ ਉਸ 'ਤੇ ਦੋਸ਼ ਲਾਏ ਕਿ ਉਹ ਕੁੜੀਆਂ ਨਾਲ ਛੇੜਛਾੜ ਕਰਦਾ ਹੈ, ਜਿਸ ਤੋਂ ਬਾਅਦ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਕਿਹਾ ਕਿ ਘਟਨਾ ਸਥਾਨ 'ਤੇ ਨਾ ਤਾਂ ਕੋਈ ਕੁੜੀ ਸੀ ਅਤੇ ਨਾ ਹੀ ਉਸ ਨੇ ਕਿਸੇ ਕੁੜੀ ਨਾਲ ਛੇੜਛਾੜ ਕੀਤੀ। ਇਸ ਦੌਰਾਨ ਮੌਕੇ 'ਤੇ ਲੋਕ ਇਕੱਠੇ ਹੋ ਗਏ। ਘਟਨਾ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ
'ਤੇ ਪੁੱਜੀ ਅਤੇ ਨੌਜਵਾਨਾਂ ਵਲੋਂ ਛੱਡੀ ਗਈ ਇਕ ਬਾਈਕ ਨੂੰ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਜ਼ਖਮੀ ਨੰਬਰਦਾਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਚਸ਼ਮਦੀਦ ਅਨੁਰਾਗ ਨੇ ਦੱਸਿਆ ਕਿ ਉਹ ਪੈਦਲ ਜਾ ਰਿਹਾ ਸੀ ਕਿ ਇਸ ਦੌਰਾਨ 2 ਬਾਈਕਾਂ 'ਤੇ ਸਵਾਰ 4 ਨੌਜਵਾਨ ਆਏ, ਜਿਨ੍ਹਾਂ ਦੇ ਹੱਥਾਂ 'ਚ ਰਾਡਾਂ ਫੜ੍ਹੀਆਂ ਹੋਈਆਂ ਸਨ ਅਤੇ ਉਹ ਅੰਕਲ 'ਤੇ ਹਮਲਾ ਕਰ ਰਹੇ ਸਨ। ਇਸ ਤੋਂ ਬਾਅਦ ਰੌਲਾ ਪਾਉਣ ਮਗਰੋਂ ਉਕਤ ਨੌਜਵਾਨ ਫ਼ਰਾਰ ਹੋ ਹਏ।
