ਖੰਨਾ ''ਚ ਵਿਅਕਤੀ ਨੇ ਸਲਫ਼ਾਸ ਨਿਗਲ ਕੇ ਕੀਤੀ ਖੁਦਕੁਸ਼ੀ

Wednesday, Feb 11, 2026 - 07:09 PM (IST)

ਖੰਨਾ ''ਚ ਵਿਅਕਤੀ ਨੇ ਸਲਫ਼ਾਸ ਨਿਗਲ ਕੇ ਕੀਤੀ ਖੁਦਕੁਸ਼ੀ

ਖੰਨਾ (ਵਿਪਨ): ਪਿੰਡ ਜਖਵਾਲੀ ਦੇ ਅੱਡੇ 'ਤੇ ਇਕ ਵਿਅਕਤੀ ਵੱਲੋਂ ਸਲਫ਼ਾਸ ਨਿਗਲ ਕੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਮੂਲੇਪੁਰ ਪੁਲਿਸ ਵੱਲੋਂ ਮ੍ਰਿਤਕ ਦੇ ਚਚੇਰੇ ਭਰਾ,ਚਾਚੀ, ਚਾਚੇ ਦੀ ਨੂੰਹ ਅਤੇ ਚਾਚੇ ਦੇ ਸਾਲੇ ਵਿਰੁੱਧ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੇਖੂਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਪਿਤਾ ਹੋਰੀਂ ਤਿੰਨ ਭਰਾ ਸਨ ਜਿਹਨਾਂ ਦਾ ਆੜ੍ਹਤ ਅਤੇ ਖੇਤੀਬਾੜੀ ਦਾ ਕਾਰੋਬਾਰ ਸਾਂਝਾ ਸੀ।ਉਸਦੇ ਚਾਚਾ ਜੀ ਦੇ ਬਿਮਾਰ ਹੋਣ ਤੋਂ ਬਾਅਦ ਆੜ੍ਹਤ ਦੀਆਂ ਦੋਵੇਂ ਫਰਮਾਂ ਦੇ ਲੈਣ ਦੇਣ ਦਾ ਸਾਰਾ ਕੰਮ ਉਸਦੇ ਚਾਚੇ ਦਾ ਲੜਕਾ ਸੁਖਦਰਸ਼ਨ ਸਿੰਘ ਸੁੱਖਾ ਦੇਖਣ ਲੱਗ ਪਿਆ।ਸਾਲ 2024 ਚ ਉਹਨਾਂ ਨੂੰ ਸੁਖਦਰਸ਼ਨ ਉੱਪਰ ਸ਼ੱਕ ਪੈਣਾ ਸ਼ੁਰੂ ਹੋ ਗਿਆ ਜਿਸ ਤੇ ਉਸਨੇ ਅਤੇ ਉਸਦੇ ਵੱਡੇ ਭਰਾ ਸੰਤ ਸਿੰਘ ਨੇ ਆਪਣੇ ਚਚੇਰੇ ਭਰਾ ਸੁਖਦਰਸ਼ਨ ਸਿੰਘ ਉਰਫ ਸੁੱਖਾ ਨੂੰ ਆੜ੍ਹਤ ਦੀਆਂ ਫਰਮਾਂ ਦਾ ਹਿਸਾਬ ਕਿਤਾਬ ਪੁੱਛਿਆ ਤਾਂ ਉਸਨੇ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਹਿਸਾਬ ਨਹੀਂ ਦਿੱਤਾ। ਜਿਸ ਤੇ ਕਰੀਬ ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਘਰ ਵਿਚ ਸਾਂਝੇ ਰਿਸ਼ਤੇਦਾਰਾਂ ਦਾ ਇਕੱਠ ਸੱਦ ਕੇ ਸੁਖਦਰਸ਼ਨ ਸਿੰਘ ਉਰਫ ਸੁੱਖਾ ਨੂੰ ਆੜ੍ਹਤ ਦਾ ਹਿਸਾਬ ਕਿਤਾਬ ਦੱਸਣ ਲਈ ਕਿਹਾ।ਜਿੱਥੇ ਸੁਖਦਰਸ਼ਨ ਸਿੰਘ ਉਰਫ਼ ਸੁੱਖਾ ਅਤੇ ਸੁੱਖੇ ਦੇ ਮਾਮੇ ਭੁਪਿੰਦਰ ਸਿੰਘ ਨੇ ਉਹਨਾਂ ਨੂੰ ਕਾਫੀ ਬੁਰਾ ਭਲਾ ਬੋਲਦੇ ਹੋਏ ਕਿਹਾ ਕਿ ਅਸੀਂ ਤੁਹਾਨੂੰ ਕੋਈ ਹਿਸਾਬ ਨਹੀਂ ਦੇਣਾ ਤੁਸੀਂ ਜੋ ਮਰਜ਼ੀ ਕਰ ਲਓ।

ਉਕਤ ਦਿਨ ਤੋਂ ਬਾਅਦ ਉਸਦਾ ਵੱਡਾ ਭਰਾ ਸੰਤ ਸਿੰਘ ਬਹੁਤ ਪਰੇਸ਼ਾਨ ਰਹਿਣ ਲੱਗ ਪਿਆ ਕਿਉਂਕਿ ਸੁਖਦਰਸ਼ਨ ਸਿੰਘ ਉਰਫ ਸੁੱਖੇ, ਸੁੱਖੇ ਦੀ ਮਾਤਾ, ਸੁੱਖੇ ਦੀ ਪਤਨੀ ਅਤੇ ਸੁੱਖੇ ਦੇ ਮਾਮੇ ਭੁਪਿੰਦਰ ਸਿੰਘ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਵਿਸ਼ਵਾਸ਼ ਚ ਲੈ ਕੇ ਉਹਨਾਂ ਨਾਲ ਦੋ-ਢਾਈ ਕਰੋੜ ਰੁਪਏ ਦੀ ਬੇਇਮਾਨੀ ਕੀਤੀ ਸੀ। ਉਕਤ ਪ੍ਰੇਸ਼ਾਨੀ ਦੇ ਚੱਲਦਿਆਂ ਤੇ ਐਨੀ ਵੱਡੀ ਧੋਖਾਧੜੀ ਨਾ ਸਹਾਰਦੇ ਹੋਏ ਉਸਦੇ ਵੱਡੇ ਭਰਾ ਸੰਤ ਸਿੰਘ ਨੇ 7 ਫਰਵਰੀ ਨੂੰ ਜਖਵਾਲੀ ਅੱਡੇ ਵਿੱਚ ਸਲਫਾਸ ਨਿਗਲ ਲਈ।ਜਿਸ ਨੂੰ ਗੰਭੀਰ ਹਾਲਤ ਵਿਚ ਚੁੱਕ ਕੇ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।ਸ਼ਿਕਾਇਤ ਕਰਤਾ ਨੇ ਦੋਸ਼ ਲਾਏ ਕਿ ਮਰਨ ਤੋਂ ਪਹਿਲਾਂ ਉਸਦੇ ਭਰਾ ਸੰਤ ਸਿੰਘ ਨੇ ਡਾਇਰੀ ਵਿਚ ਇਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿਚ ਮ੍ਰਿਤਕ ਨੇ ਉਕਤ ਧੋਖਾਧੜੀ ਦਾ ਜ਼ਿਕਰ ਕਰਦੇ ਹੋਏ ਆਪਣੀ ਮੌਤ ਦਾ ਜ਼ਿੰਮੇਵਾਰ ਚਚੇਰੇ ਭਰਾ ਸੁਖਦਰਸ਼ਨ ਸਿੰਘ ਉਰਫ਼ ਸੁੱਖਾ, ਚਾਚੀ ਹਰਪ੍ਰੀਤ ਕੌਰ, ਚਾਚੇ ਦੀ ਨੂੰਹ ਰਾਜਵੰਤ ਕੌਰ ਅਤੇ ਸੁੱਖੇ ਦੇ ਮਾਮੇ ਭੁਪਿੰਦਰ ਸਿੰਘ ਉਰਫ ਭਿੰਦਰ ਨੂੰ ਦੱਸਿਆ ਹੈ।ਗੁਰਪ੍ਰੀਤ ਸਿੰਘ ਦੇ ਬਿਆਨਾਂ ਅਤੇ ਮਿਲੇ ਸੁਸਾਈਡ ਨੋਟ ਦੇ ਅਧਾਰ ਤੇ ਸੁਖਦਰਸ਼ਨ ਸਿੰਘ ਉਰਫ਼ ਸੁੱਖਾ,ਹਰਪ੍ਰੀਤ ਕੌਰ,ਰਾਜਵੰਤ ਕੌਰ ਤੇ ਭੁਪਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਮੂਲੇਪੁਰ ਦੀ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News