ਭਾਜਪਾ ਮਹਿਲਾ ਆਗੂ 'ਤੇ ਲੱਗੇ 8 ਲੱਖ ਦੀ ਠੱਗੀ ਦੇ ਦੋਸ਼

09/05/2017 1:51:02 PM

ਅੰਮ੍ਰਿਤਸਰ (ਸੁਮਿਤ ਖੰਨਾ) — ਅੰਮ੍ਰਿਤਸਰ 'ਚ ਭਾਜਪਾ ਦੀ ਮਹਿਲਾ ਮੋਰਚਾ ਦੀ ਆਗੂ 'ਤੇ ਇਕ ਵਿਅਕਤੀ ਨੇ 8 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਸ ਭਾਜਪਾ ਮਹਿਲਾ ਆਗੂ ਨੇ ਇਕ ਵਿਅਕਤੀ ਨੂੰ ਬੈਂਕ 'ਚ ਨੌਕਰੀ ਦਿਵਾਉਣ ਲਈ 8 ਲੱਖ ਰੁਪਏ ਲਏ। ਇਹ ਹੀ ਨਹੀਂ ਸੱਤਾ ਦਾ ਗਰੂਰ ਇਸ ਹੱਦ ਤਕ ਦੇਖਣ ਨੂੰ ਮਿਲਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਚਾਰ ਸਾਲ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ, ਅਸਲ 'ਚ ਇਸ ਪ੍ਰਚਾਰਕ ਭਾਜਪਾ ਆਗੂ ਦੇ ਅਕਾਲੀ-ਭਾਜਪਾ ਸਰਕਾਰ 'ਚ ਮੰਤਰੀ ਰਹਿ ਚੁੱਕੇ ਕਈ ਵੱਡੇ ਆਗੂਆਂ ਦੇ ਨਾਲ ਸਿਆਸੀ ਸੰਬੰਧ ਹਨ ਇਹ ਹੀ ਨਹੀਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਕਿ ਇਹ ਮਹਿਲਾ ਭਾਜਪਾ ਦੇ ਇਕ ਵੱਡੇ ਕੈਬਨਿਟ ਮੰਤਰੀ ਦੇ ਨਾਲ ਦਿਖ ਰਹੀ ਹੈ। 
ਸ਼ਿਕਾਇਤਕਰਤਾ ਨੇ ਉਕਤ ਮਹਿਲਾ ਦੀ ਵੀਡੀਓ ਵੀ ਬਣਾਈ ਹੈ, ਜਿਸ 'ਚ ਉਹ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਰ ਰਹੀ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਕਤ ਮਹਿਲਾ ਨੇ ਉਸ ਨੂੰ ਝੂਠ ਬੋਲਿਆਂ ਕਿ ਉਹ ਉੱਚੀ ਪਹੁੰਚ ਵਾਲੀ ਨੇਤਾ ਹੈ ਤੇ ਜਲਦ ਹੀ ਨਵੇਂ ਬਣਨ ਵਾਲੇ ਸਰਕਾਰੀ ਬੈਂਕ 'ਚ ਉਸ ਨੂੰ ਉੱਚਾ ਅਹੁਦਾ ਦਿਵਾ ਸਕਦੀ ਹੈ। ਇਸ ਕੜੀ ਤਹਿਤ ਉਸ ਨੂੰ ਖਾਲੀ ਜਗ੍ਹਾ ਵੀ ਦਿਖਾਈ ਗਈ ਜਿਥੇ ਸਰਕਾਰੀ ਹਸਪਤਾਲ ਬਣਾਇਆ ਜਾਣਾ ਸੀ। ਇਸ ਦੇ ਨਾਲ ਹੀ ਪੀੜਤ ਨੇ ਦੋਸ਼ ਲਗਾਏ ਕਿ ਚਾਰ ਸਾਲ ਜਦ ਤਕ ਅਕਾਲੀ-ਭਾਜਪਾ ਸਰਕਾਰ ਰਹੀ ਤਦ ਤਕ ਉਸ ਦੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਕਾਂਗਰਸ ਸਰਕਾਰ ਆਉਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਨੇ ਇਸ ਇਲਾਕੇ 'ਚ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ ਪਰ ਉਕਤ ਔਰਤ ਦੀ ਸੱਤਾ 'ਚ ਪਹੁੰਚ ਕਾਰਨ ਕੋਈ ਕੇਸ ਦਰਜ ਨਹੀਂ ਹੋਇਆ ਹੈ। 
ਉਥੇ ਹੀ ਇਸ ਸੰਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ।


Related News