ਭਾਜਪਾ ਆਗੂ ਦੇ ਘਰ ’ਚ ਦਾਖ਼ਲ ਹੋਏ ਦੋ ਨਕਾਬਪੋਸ਼ ਨੌਜਵਾਨਾਂ ਨੇ ਬ੍ਰੇਜ਼ਾ ਗੱਡੀ ਨੂੰ ਲਾਈ ਅੱਗ

05/13/2024 4:38:02 PM

ਜਲੰਧਰ (ਮਹੇਸ਼)-ਜਲੰਧਰ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਚਾਂਦਪੁਰ ’ਚ ਐਤਵਾਰ ਰਾਤ 1.45 ਵਜੇ ਦੋ ਨਕਾਬਪੋਸ਼ ਨੌਜਵਾਨ ਭਾਜਪਾ ਆਗੂ ਦੇ ਘਰ ਦਾ ਗੇਟ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਅੰਦਰ ਖੜ੍ਹੀ ਬ੍ਰੇਜ਼ਾ ਗੱਡੀ ਨੂੰ ਅੱਗ ਲਾ ਦਿੱਤੀ। ਭਾਜਪਾ ਦੇ ਯੂਥ ਪ੍ਰਧਾਨ ਸੁਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚਾਂਦਪੁਰ ਨੇ ਦੱਸਿਆ ਕਿ ਰਾਤ 10 ਵਜੇ ਪਰਿਵਾਰ ਦੇ ਸਾਰੇ ਮੈਂਬਰ ਸੌਂ ਗਏ ਸਨ। ਰਾਤ 2 ਵਜੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਾਰ ਦੇ ਸਾਇਰਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਦੋਵੇਂ ਬਾਹਰ ਨਿਕਲੇ ਤਾਂ ਵੇਖਿਆ ਕਿ ਉਨ੍ਹਾਂ ਦੀ ਬ੍ਰੇਜ਼ਾ ਗੱਡੀ ਆਟੋਮੈਟਿਕ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਪਾਣੀ ਦੀ ਮੋਟਰ ਤੋਂ ਪਾਈਪ ਲਗਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪਹੁੰਚੇ ਉਨ੍ਹਾਂ ਦੇ ਮਜ਼ਦੂਰਾਂ ਨੇ ਵੀ ਬਾਲਟੀਆਂ ਨਾਲ ਪਾਣੀ ਅੱਗ ’ਤੇ ਪਾਇਆ। ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ- ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ

PunjabKesari

ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਤਾਰਾ ਥਾਣੇ ਦੀ ਪੁਲਸ ਨੇ ਉੱਥੇ ਆ ਕੇ ਉਨ੍ਹਾਂ ਦੇ ਬਿਆਨ ਲਏ। ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਜਦੋਂ ਚੈੱਕ ਕੀਤੇ ਤਾਂ ਉਨ੍ਹਾਂ ਵਿਚ ਦੋ ਨਕਾਬਪੋਸ਼ ਨੌਜਵਾਨ ਕੈਦ ਪਾਏ ਗਏ ਪਰ ਉਨ੍ਹਾਂ ਦੇ ਚਿਹਰੇ ਪਛਾਣ ਵਿਚ ਨਹੀਂ ਆ ਰਹੇ ਸਨ। ਭਾਜਪਾ ਆਗੂ ਨੇ ਦੱਸਿਆ ਕਿ ਘਰ ਵਿਚ ਕਾਰ ਖੜ੍ਹੀ ਕਰਨ ਵਾਲੀ ਥਾਂ ਦੇ ਨੇੜੇ ਹੀ ਪੌੜੀਆਂ ਦੇ ਹੇਠਾਂ ਡੀਜ਼ਲ ਨਾਲ ਭਰੇ ਤਿੰਨ ਡਰੰਮ ਅਤੇ ਖਿੜਕੀ ਦੇ ਕੋਲ ਇਕ ਗੈਸ ਸਿਲੰਡਰ ਪਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਗੱਡੀ ਦੇ ਟੈਂਕ ਨੂੰ ਅੱਗ ਲੱਗ ਜਾਂਦੀ ਤਾਂ ਵੱਡਾ ਧਮਾਕਾ ਹੋ ਸਕਦਾ ਸੀ ਅਤੇ ਇਸ ਧਮਾਕੇ ਨਾਲ ਉਨ੍ਹਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਸਨ।

ਉਨ੍ਹਾਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਡਾ. ਅੰਕੁਰ ਗੁਪਤਾ ਆਈ. ਪੀ. ਐੱਸ. ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਲੱਭ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਜਾਬ ਭਾਜਪਾ ਦੇ ਸੂਬਾਈ ਕਾਰਜਕਾਰਨੀ ਮੈਂਬਰ ਮਨਜੀਤ ਬਾਲੀ, ਡਾ. ਅੰਬੇਡਕਰ ਫਾਊਂਡੇਸ਼ਨ ਆਫ਼ ਇੰਡੀਆ ਦੇ ਮੈਂਬਰ ਅਤੇ ਬਲਾਕ ਸੰਮਤੀ ਪਤਾਰਾ ਦੇ ਮੈਂਬਰ ਰਜਿੰਦਰ ਸਿੰਘ ਸੋਨਾ ਵੀ ਮੌਕੇ ’ਤੇ ਪੁੱਜ ਗਏ ਸਨ।

ਇਹ ਵੀ ਪੜ੍ਹੋ- ਮੁੰਡੇ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਦੁਖ਼ੀ ਹੋ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News