ਪੀ. ਐੱਮ. ਮੋਦੀ ਦੀ 10 ਸਾਲਾਂ ਦੀ ਮਿਹਨਤ ਦੇ ਦਮ ’ਤੇ 400 ਦਾ ਅੰਕੜਾ ਪਾਰ ਕਰੇਗੀ ਭਾਜਪਾ : ਤਰੁਣ ਚੁਘ

05/21/2024 6:57:16 PM

ਜਲੰਧਰ (ਅਨਿਲ ਪਾਹਵਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਤੇ ਤੇਲੰਗਾਨਾ ਦੇ ਇੰਚਾਰਜ ਤਰੁਣ ਚੁਘ ਨੇ ਜਿੱਥੇ 400 ਤੋਂ ਵੱਧ ਸੀਟਾਂ ਆਉਣ ਦੇ ਪਾਰਟੀ ਦੇ ਦਾਅਵੇ ’ਤੇ ਬੇਝਿਜਕ ਗੱਲਬਾਤ ਕੀਤੀ, ਉੱਥੇ ਹੀ ਉਨ੍ਹਾਂ ਪੰਜਾਬ ਵਿਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਪ੍ਰਗਟ ਕੀਤੀਆਂ ਜਾ ਰਹੀਆਂ ਸੰਭਾਵਨਾਵਾਂ ਨੂੰ ਲੈ ਕੇ ਵੀ ਚਰਚਾ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼–

ਸਵਾਲ :  400 ਪਾਰ ਦਾ ਅੰਕੜਾ ਕਿਵੇਂ ਸੰਭਵ ਹੈ?
ਜਵਾਬ :
ਇਹ ਯਕੀਨੀ ਤੌਰ ’ਤੇ ਸੰਭਵ ਹੈ। ਦੇਸ਼ ਦੀ ਜਨਤਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਟੁੱਟ ਵਿਸ਼ਵਾਸ ਹੈ। ਉਨ੍ਹਾਂ ਨੇ 10 ਸਾਲਾਂ ’ਚ ਜਨਤਾ ਲਈ ਬਹੁਤ ਕੁਝ ਕਰ ਕੇ ਵਿਖਾਇਆ ਹੈ। ਉਨ੍ਹਾਂ ਇਕ ਗਰੀਬ ਦੀ ਰਸੋਈ ’ਚ ਰਸੋਈ ਗੈਸ, ਟਾਇਲਟ, ਪੀਣ ਵਾਲਾ ਪਾਣੀ, ਮੈਡੀਕਲ ਇੰਸ਼ੋਰੈਂਸ ਅਤੇ ਅਗਲੇ 5 ਸਾਲਾਂ ਤਕ ਭੋਜਨ ਦੇਣ ਦੀ ਗਾਰੰਟੀ ਦਿੱਤੀ ਅਤੇ ਉਸ ਨੂੰ ਪੂਰਾ ਕੀਤਾ। ਮੋਦੀ ਦੀ ਅਗਵਾਈ ’ਚ ਭਾਰਤ ਦੀ ਪੂਰੀ ਦੁਨੀਆ ’ਚ ਚਮਕ ਵਧੀ ਹੈ। ਮੈਨੂੰ ਯਕੀਨ ਹੈ ਕਿ ‘ਅਬ ਕੀ ਬਾਰ 400 ਪਾਰ’ ਜ਼ਰੂਰ ਹੋਵੇਗਾ। ਪਹਿਲੇ 5 ਪੜਾਵਾਂ ਦੀਆਂ ਚੋਣਾਂ 20 ਤਰੀਕ ਤਕ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਚੋਣਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਨ੍ਹਾਂ ’ਚ ਭਾਜਪਾ ਬਹੁਮਤ ’ਚ ਹੈ। ਅਗਲੇ 2 ਪੜਾਵਾਂ ’ਚ ਅਸੀਂ 400 ਤੋਂ ਪਾਰ ਪਹੁੰਚਣਾ ਹੈ ਅਤੇ ਇਹ ਅੰਕੜਾ ਜ਼ਰੂਰ ਪਾਰ ਹੋਵੇਗਾ। ਇੰਝ ਭਾਰਤ ਵਿਕਾਸਸ਼ੀਲ ਰਾਸ਼ਟਰ ਤੋਂ ਵਿਕਸਿਤ ਭਾਰਤ ਵੱਲ ਵਧੇਗਾ। ਇਸ ਦੀ ਸ਼ੁਰੂਆਤ 26 ਮਈ 2014 ਤੋਂ ਹੋ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ :  ਹਾਰ ਨੂੰ ਦੇਖ ਬੌਖਲਾਏ ਵਿਰੋਧੀ ਉਤਰੇ ਹੋਸ਼ੀਆਂ ਹਰਕਤਾਂ ’ਤੇ : ਧਾਲੀਵਾਲ

ਸਵਾਲ : ਵੋਟ ਫੀਸਦੀ ’ਚ ਕਮੀ ਨਾਲ ਕਿੰਨਾ ਨੁਕਸਾਨ ਸੰਭਵ?
ਜਵਾਬ : ਪਹਿਲੇ ਪੜਾਅ ’ਚ ਦੱਖਣੀ ਭਾਰਤ ’ਚ ਬੇਸ਼ੱਕ ਵੋਟਿੰਗ ਘੱਟ ਹੋਈ ਹੈ ਪਰ ਸ਼੍ਰੀਨਗਰ ’ਚ 13 ਮਈ ਨੂੰ ਹੋਈ ਵੋਟਿੰਗ ’ਚ ਰਿਕਾਰਡਤੋੜ 38 ਫੀਸਦੀ ਵੋਟਾਂ ਪਈਆਂ ਹਨ, ਜਦੋਂਕਿ ਇਸ ਤੋਂ ਪਹਿਲਾਂ ਇੱਥੇ 4 ਤੋਂ 5 ਫੀਸਦੀ ਵੋਟਾਂ ਪੈਂਦੀਆਂ ਰਹੀਆਂ ਹਨ ਅਤੇ ਜਿਹੜੇ ਲੋਕ ਬਾਈਕਾਟ ਕਰ ਕੇ ਸੱਤਾ ਹਾਸਲ ਕਰਦੇ ਸਨ, ਜੰਮੂ-ਕਸ਼ਮੀਰ ਦੀ ਜਨਤਾ ਨੇ ਉਨ੍ਹਾਂ ਨੂੰ ਵੀ ਇਕ ਸੁਨੇਹਾ ਦਿੱਤਾ ਹੈ। ਇੰਝ ਜੰਮੂ-ਕਸ਼ਮੀਰ ਦੀ ਜਨਤਾ ਨੇ ਇਕ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਦੇ ਮਨ ’ਚ ਪੀ. ਐੱਮ. ਮੋਦੀ ਪ੍ਰਤੀ ਵਿਸ਼ਵਾਸ ਦੀ ਗੱਡੀ ਚੱਲ ਪਈ ਹੈ। ਮੋਦੀ ਨੇ ਜੰਮੂ-ਕਸ਼ਮੀਰ ਦੀ ਜਨਤਾ ਲਈ ਜੋ ਕੀਤਾ ਹੈ, ਉਸ ’ਤੇ ਲੋਕਾਂ ਨੇ ਮੋਹਰ ਲਾਈ ਹੈ ਅਤੇ ਸਪਸ਼ਟ ਤੌਰ ’ਤੇ ਸੁਨੇਹਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ।

ਸਵਾਲ : ਜਿੱਤ ਪਿੱਛੋਂ ਭਾਜਪਾ ਵੱਲੋਂ ਮਨਮਰਜ਼ੀ ਕਰਨ ਦੀਆਂ ਚਰਚਾਵਾਂ ਕਿੰਨੀਆਂ ਸਹੀ?
ਜਵਾਬ :
ਇਹ ਭੁਲੇਖਾ ਪੈਦਾ ਕਰਨ ਦਾ ਯਤਨ ਹੈ ਅਤੇ ਜਿਹੜੇ ਲੋਕ ਇਹ ਯਤਨ ਕਰ ਰਹੇ ਹਨ, ਉਨ੍ਹਾਂ ਦਾ ਪਿਛੋਕੜ ਕਾਲੀਆਂ ਕਰਤੂਤਾਂ ਨਾਲ ਭਰਿਆ ਪਿਆ ਹੈ। ਪੀ. ਐੱਮ. ਮੋਦੀ ਲਗਭਗ 2 ਦਹਾਕੇ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ ਅਤੇ ਇਕ ਦਹਾਕੇ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਹਨ। ਸਾਡੀ ਪਹਿਲੀ ਸਰਕਾਰ ਹੋਵੇ ਜਾਂ ਦੂਜੀ, ਪੂਰਨ ਬਹੁਮਤ ਦੀ ਸਰਕਾਰ ਹੈ। ਇਸ ਲਈ ਅਸੀਂ ਕੋਈ ਨਵੀਂ ਸਰਕਾਰ ਲੈ ਕੇ ਨਹੀਂ ਆ ਰਹੇ। ਅਸੀਂ ਗੁਜਰਾਤ ’ਚ ਵੀ ਬਹੁਮਤ ’ਚ ਰਹੇ ਹਾਂ।

ਇਸ ਲਈ ਸਾਡੀ ਸਰਕਾਰ ਦਾ ਮਨੋਰਥ ਜਨਹਿੱਤ ਤੇ ਗਰੀਬਾਂ ਦੀ ਭਲਾਈ ਕਰਨਾ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕੰਮ ਕਰਨਾ ਹੈ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਦੇਸ਼ ਅੰਦਰ ਐਮਰਜੈਂਸੀ ਲਾਈ ਸੀ ਅਤੇ ਪ੍ਰੈੱਸ ਦਾ ਗਲਾ ਘੁੱਟਿਆ ਸੀ। ਇਤਿਹਾਸ ਗਵਾਹ ਹੈ ਜਦੋਂ ਐਮਰਜੈਂਸੀ ਖ਼ਿਲਾਫ਼ ਪੰਜਾਬ ਕੇਸਰੀ ਸਮੂਹ ਵੱਲੋਂ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ, ਜਿਸ ਤੋਂ ਬਾਅਦ ਪਰਮ ਪੂਜਨੀਕ ਲਾਲਾ ਜੀ ਨੇ ਟਰੈਕਟਰ ਰਾਹੀਂ ਅਖਬਾਰ ਨੂੰ ਚਲਾਇਆ ਸੀ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਦੇਸ਼ ਅੰਦਰ ਭਾਈ-ਭਾਈ, ਭਾਸ਼ਾ-ਭਾਸ਼ਾ ਨੂੰ ਲੜਾਇਆ ਅਤੇ 1984 ’ਚ ਸਿੱਖ ਕਤਲੇਆਮ ਕਰਵਾਇਆ।

ਸਵਾਲ : ਦੱਖਣ ’ਚ ਭਾਜਪਾ ਦੀਆਂ ਕਿੰਨੀਆਂ ਉਮੀਦਾਂ?
ਜਵਾਬ :
ਦੱਖਣੀ ਭਾਰਤ ’ਚ ਚੰਗੇ ਵਿਕਾਸ ਨਾਲ ਭਾਜਪਾ ਅੱਗੇ ਵਧੀ ਹੈ। ਕਰਨਾਟਕ, ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਆਦਿ ਸਾਰੇ ਸੂਬਿਆਂ ਵਿਚ ਭਾਜਪਾ ਦੀ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਰਹਿਣ ਵਾਲੀ ਹੈ। ਮੈਂ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ ਕਿ 4 ਤਰੀਕ ਤੋਂ ਬਾਅਦ ਦੱਖਣੀ ਭਾਰਤ ’ਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਕੌਮੀ ਪਾਰਟੀ ਬਣ ਕੇ ਉਭਰੇਗੀ। ਅਸੀਂ ਯਕੀਨੀ ਤੌਰ ’ਤੇ ਉੱਥੇ ਸਰਕਾਰ ਬਣਾਉਣ ਜਾ ਰਹੇ ਹਾਂ। ਉੱਥੋਂ ਦੀ ਜਨਤਾ ਦਾ ਭਾਜਪਾ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।

ਸਵਾਲ : ਪ੍ਰਧਾਨ ਮੰਤਰੀ ਨੂੰ ਡਿਕਟੇਟਰ ਵਜੋਂ ਪ੍ਰਾਜੈਕਟ ਕਰ ਰਹੀ ਹੈ ਵਿਰੋਧੀ ਧਿਰ?
ਜਵਾਬ :
ਇਹ ਬਹੁਤ ਹੀ ਮੰਦਭਾਗਾ ਹੈ। ਜਿਹੜੇ ਲੋਕ ਕੱਲ ਤਕ ਡਾ. ਮਨਮੋਹਨ ਸਿੰਘ ਦੀ ਅਗਵਾਈ ’ਚ ਕਠਪੁਤਲੀ ਰਾਹੀਂ ਸਰਕਾਰ ਚਲਾਉਂਦੇ ਰਹੇ, ਉਹ ਸਾਨੂੰ ਲੋਕਤੰਤਰ ਦਾ ਪਾਠ ਪੜ੍ਹਾ ਰਹੇ ਹਨ। ਮੋਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਨੇਤਾ ਹਨ। ਪਾਰਟੀ ਵਿਚ ਹਰ ਫੈਸਲਾ ਸਹਿਮਤੀ ਨਾਲ ਹੁੰਦਾ ਹੈ ਅਤੇ ਹਰ ਫੈਸਲੇ ਅੰਦਰ ਇਕ ਵੱਡਾ ਵਿਜ਼ਨ ਨਜ਼ਰ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਜਦੋਂ ਘਰ-ਘਰ ਟਾਇਲਟ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਇਹੀ ਪਾਰਟੀਆਂ ਹੱਸ ਰਹੀਆਂ ਸਨ ਪਰ ਦੇਖੋ 11 ਕਰੋੜ ਘਰਾਂ ’ਚ ਟਾਇਲਟਾਂ ਦਾ ਨਿਰਮਾਣ ਹੋਇਆ, 14 ਕਰੋੜ ਘਰਾਂ ’ਚ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਲਾਈਆਂ ਗਈਆਂ, 55 ਕਰੋੜ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ, ਦੇਸ਼ ਅੰਦਰ 35 ਕਰੋੜ ਲੋਕਾਂ ਨੂੰ ਮੈਡੀਕਲ ਇੰਸ਼ੋਰੈਂਸ ਦਿੱਤਾ ਗਿਆ। 4 ਕਰੋੜ ਗਰੀਬਾਂ ਨੂੰ ਘਰ ਦੇਣਾ ਕੀ ਡਿਕਟੇਟਰ ਦੀ ਪਛਾਣ ਹੈ? ਦੇਸ਼ ਦੇ ਗਰੀਬਾਂ ਲਈ ਕੰਮ ਕਰਨਾ ਅਤੇ ਸੰਸਾਰ ’ਚ ਭਾਰਤ ਦੀ ਚਮਕ ਤੇ ਪ੍ਰਸਿੱਧੀ ਨੂੰ ਪਹੁੰਚਾਉਣਾ, ਇਹ ਸਭ ਮੋਦੀ ਦੇ ਰਹਿੰਦੇ ਹੀ ਸੰਭਵ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਿਮਨੀ ਚੋਣ ’ਚ ਸੁਸ਼ੀਲ ਰਿੰਕੂ ਨਾਲ ਨਜ਼ਰ ਆਏ ‘ਆਪ’ ਦੇ ਸੂਬਾ ਸਕੱਤਰ ਜਗਬੀਰ ਬਰਾੜ ਟੀਨੂੰ ਦੇ ਪ੍ਰਚਾਰ ’ਚੋਂ ਗਾਇਬ

ਸਵਾਲ : ਕੀ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ’ਚ ਅਸਫਲ ਨਹੀਂ ਰਹੀ ਭਾਜਪਾ?
ਜਵਾਬ : ਸਿਰਫ ਸਿਆਸੀ ਰੋਟੀਆਂ ਸੇਕਣ ਲਈ ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਵੇਖੋ ਅੱਜ ਸਾਡੀ ਸਰਕਾਰ 11 ਕਰੋੜ ਕਿਸਾਨਾਂ ਨੂੰ ਕਿਸਾਨ ਨਿਧੀ ਯੋਜਨਾ ਦਾ ਪੈਸਾ ਸਿੱਧਾ ਖਾਤੇ ਵਿਚ ਟਰਾਂਸਫਰ ਕਰ ਰਹੀ ਹੈ। ਕਿਸਾਨਾਂ ਦਾ ਫਸਲ ਬੀਮਾ ਯੋਜਨਾ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ ਵਿਚ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੀ ਪੇਮੈਂਟ ਲੈਣ ਲਈ ਦਰ-ਦਰ ਭਟਕਣਾ ਪੈਂਦਾ ਸੀ ਪਰ ਹੁਣ ਸਾਡੀ ਸਰਕਾਰ ਨੇ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਬੀਜ ਤੇ ਯੂਰੀਆ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਅਸਲ ’ਚ ਕਿਸਾਨ ਵਿਰੋਧ ਨਹੀਂ ਕਰ ਰਹੇ, ਕੁਝ ਲੋਕ ਕਿਸਾਨਾਂ ਦੇ ਮੁੱਦੇ ’ਤੇ ਸਿਆਸਤ ਕਰ ਰਹੇ ਹਨ।

ਸਵਾਲ : ਸਵਾਤੀ ਮਾਲੀਵਾਲ ਦੇ ਮਾਮਲੇ ’ਤੇ ਰਾਹੁਲ, ਪ੍ਰਿਯੰਕਾ ਤੇ ਕੇਜਰੀਵਾਲ ਚੁੱਪ ਕਿਉਂ ਰਹੇ?
ਜਵਾਬ : ਵਿਰੋਧੀ ਧਿਰ ਦੀਆਂ ਮਹਿਲਾ ਨੇਤਾਵਾਂ ਜਿਨ੍ਹਾਂ ਵਿਚ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਵੀ ਸ਼ਾਮਲ ਹੈ, ਬੇਟੀਆਂ ਦੀ ਗੱਲ ਕਰਦੀਆਂ ਹਨ ਪਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਮਾਮਲੇ ’ਤੇ ਨਾ ਤਾਂ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੂੰਹ ਖੋਲ੍ਹਿਆ, ਨਾ ਰਾਹੁਲ ਬੋਲੇ ਅਤੇ ਨਾ ਹੀ ਬੇਟੀਆਂ ਦੀ ਗੱਲ ਕਰਨ ਵਾਲੀ ਪ੍ਰਿਯੰਕਾ ਗਾਂਧੀ ਬੋਲੀ। ਹੈਰਾਨੀ ਦੀ ਗੱਲ ਹੈ ਕਿ ਇਕ ਸੰਸਦ ਮੈਂਬਰ ਦੇ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਜਿਹੀ ਘਟਨਾ ਹੋ ਸਕਦੀ ਹੈ ਤਾਂ ਫਿਰ ਸ਼ਾਇਦ ਦਿੱਲੀ ਸਰਕਾਰ ਦੀ ਸੱਤਾ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ।

ਸਵਾਲ : ਰਾਹੁਲ ਤਾਂ ਮੁਹੱਬਤ ਦੀ ਦੁਕਾਨ ਚਲਾ ਰਹੇ ਹਨ, ਇਸ ’ਤੇ ਤੁਸੀਂ ਕੀ ਕਹੋਗੇ?
ਜਵਾਬ : ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਦੀ ਵਿਧਵਾ ਕਾਲੋਨੀ ਮੌਜੂਦ ਹੈ। ਇਕ ਵਾਰ ਕਾਂਗਰਸ ਦੇ ਨੇਤਾ ਉੱਥੇ ਜਾਣ ਅਤੇ ਪਤਾ ਕਰਨ ਕਿ ਕਿਨ੍ਹਾਂ ਨੇ ਇਨ੍ਹਾਂ ਨੂੰ ਮਾਰਿਆ ਸੀ। ਇਹ ਮੁਹੱਬਤ ਦੀ ਦੁਕਾਨ ਚਲਾਉਣ ਵਾਲੇ ਭੁੱਲ ਗਏ। ਕਮਲਨਾਥ ਜਿਨ੍ਹਾਂ ਨੇ ਸਿੱਖ ਕਤਲੇਆਮ ਕਰਵਾਇਆ ਸੀ, ਉਹ ਉਨ੍ਹਾਂ ਦੇ ਮੁੱਖ ਮੰਤਰੀ ਬਣੇ। ਜਗਦੀਸ਼ ਟਾਈਟਲਰ ਵਰਗੇ ਨੇਤਾ ਅੱਜ ਵੀ ਕਾਂਗਰਸ ਵਿਚ ਹਨ ਅਤੇ ਜਿਸ ਨੇ ਭੋਪਾਲ ਗੈਸ ਕਾਂਡ ਕੀਤਾ ਸੀ, ਉਸ ਐਂਡਰਸਨ ਨੂੰ ਭਾਰਤ ’ਚੋਂ ਇਨ੍ਹਾਂ ਨੇ ਹੀ ਭਜਾਇਆ ਸੀ। ਅੱਜ ਵੀ ਪੰਜਾਬ ’ਚ 35 ਹਜ਼ਾਰ ਪਰਿਵਾਰ ਹਨ, ਜੋ ਅੱਤਵਾਦ ਤੋਂ ਪੀੜਤ ਹੋਏ ਸਨ ਪਰ ਇਨ੍ਹਾਂ ਤੋਂ ਪੁੱਛੋ ਕਿ ਕੀ ਇਹ ਇਕ ਵਾਰ ਵੀ ਉਨ੍ਹਾਂ ਨੂੰ ਮਿਲਣ ਗਏ? ਇਨ੍ਹਾਂ ਨੇ ਬੋਰਡ ਤਾਂ ਲਾਇਆ ਮੁਹੱਬਤ ਦੀ ਦੁਕਾਨ ਦਾ ਹੈ ਪਰ ਵੇਚ ਨਫਰਤ ਰਹੇ ਹਨ।

ਸਵਾਲ : ਕੀ ਚੋਣਾਂ ਤੋਂ ਬਾਅਦ ਪੰਜਾਬ ’ਚ ਭਾਜਪਾ-ਅਕਾਲੀ ਗੱਠਜੋੜ ਸੰਭਵ ਹੈ?
ਜਵਾਬ : ਭਾਜਪਾ ਤੇ ਅਕਾਲੀ ਦਲ ਦਾ 3 ਦਹਾਕੇ ਤਕ ਗੱਠਜੋੜ ਰਿਹਾ ਜਿਨ੍ਹਾਂ ਨੇ ਅੱਧੀ ਦਰਜਨ ਤੋਂ ਵੱਧ ਚੋਣਾਂ ਮਿਲ ਕੇ ਲੜੀਆਂ। ਅਸੀਂ ਸਿਰਫ ਪੰਜਾਬ ਦੀ ਸ਼ਾਂਤੀ ਤੇ ਖੁਸ਼ਹਾਲੀ ਲਈ ਅਕਾਲੀ ਦਲ ਨਾਲ ਗੱਠਜੋੜ ਕੀਤਾ ਸੀ ਪਰ ਅੱਜ ਸਾਨੂੰ ਸਮਝ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਵੱਡੇ ਭਰਾ ਦੀ ਭੂਮਿਕਾ ਨਿਭਾਉਣੀ ਪਵੇਗੀ। ਇਸ ਲਈ ਪਾਰਟੀ ਨੇ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : Fact Check : CM ਨਾਇਬ ਸਿੰਘ ਸੈਣੀ ਦੇ ਪ੍ਰੋਗਰਾਮ ’ਚ ਤੋੜਫੋੜ ਹੋਣ ਦੇ ਦਾਅਵੇ ਨਾਲ ਵਾਇਰਲ ਵੀਡੀਓ 3 ਸਾਲ ਪੁਰਾਣਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News