ਓਡਿਸ਼ਾ ਚੋਣਾਂ ’ਚ ਪੀ. ਐੱਮ. ਮੋਦੀ ਅਤੇ ਸੀ. ਐੱਮ. ਪਟਨਾਇਕ ਦੀ ਲੋਕਪ੍ਰਿਅਤਾ ਦੀ ਪ੍ਰੀਖਿਆ

Saturday, May 25, 2024 - 05:12 PM (IST)

ਓਡਿਸ਼ਾ ਚੋਣਾਂ ’ਚ ਪੀ. ਐੱਮ. ਮੋਦੀ ਅਤੇ ਸੀ. ਐੱਮ. ਪਟਨਾਇਕ ਦੀ ਲੋਕਪ੍ਰਿਅਤਾ ਦੀ ਪ੍ਰੀਖਿਆ

ਨੈਸ਼ਨਲ ਡੈਸਕ- ਓਡਿਸ਼ਾ ’ਚ ਸ਼ਨੀਵਾਰ ਨੂੰ ਤੀਜੇ ਪੜਾਅ ਦੀ ਵੋਟਿੰਗ ’ਚ ਲੋਕ ਸਭਾ ਦੀਆਂ 6 ਅਤੇ 42 ਵਿਧਾਨ ਸਭਾ ਸੀਟਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਲੋਕਪ੍ਰਿਅਤਾ ਦੀ ਪ੍ਰੀਖਿਆ ਹੋਵੇਗੀ। ਸਾਲ 2019 ਦੀਆਂ ਆਮ ਚੋਣਾਂ ’ਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜਦ) ਨੇ 6 ’ਚੋਂ 4 ਲੋਕ ਸਭਾ ਅਤੇ 34 ਵਿਧਾਨ ਸਭਾ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਦੇ ਖਾਤੇ ’ਚ 2 ਲੋਕ ਸਭਾ ਅਤੇ 6 ਵਿਧਾਨ ਸਭਾ ਸੀਟਾਂ ਗਈਆਂ, ਜਦੋਂਕਿ ਕਾਂਗਰਸ ਨੂੰ ਵਿਧਾਨ ਸਭਾ ਦੀਆਂ 2 ਸੀਟਾਂ ਨਾਲ ਹੀ ਸੰਤੋਸ਼ ਕਰਨਾ ਪਿਆ। ਓਡਿਸ਼ਾ ’ਚ ਤੀਜੇ ਪੜਾਅ ਦੀਆਂ ਚੋਣਾਂ ਲਈ ਪੀ. ਐੱਮ. ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਡਾ ਅਤੇ ਆਸਾਮ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਸਮੇਤ 12 ਤੋਂ ਜ਼ਿਆਦਾ ਭਾਜਪਾ ਸਟਾਰ ਪ੍ਰਚਾਰਕਾਂ ਦੇ ਨਾਲ ਇਕ ਹਾਈ-ਪ੍ਰੋਫਾਈਲ ਮੁਹਿੰਮ ਦੇਖੀ ਗਈ ਹੈ।

ਕਿਹੜੇ ਮੁੱਦਿਆਂ ’ਤੇ ਕੇਂਦਰਿਤ ਹੈ ਚੋਣ

‘ਡਬਲ ਇੰਜਣ ਸਰਕਾਰ’ ਅਤੇ ‘ਓਡਿਸ਼ਾ ਗੌਰਵ’ ਦੇ ਆਪਣੇ ਨਾਅਰੇ ਦੇ ਨਾਲ ਭਾਜਪਾ ਦਾ ਟੀਚਾ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਤੱਟੀ ਜ਼ਿਲਿਆਂ ’ਚ ਪੈਠ ਬਣਾਉਣਾ ਹੈ, ਜੋ ਪਿਛਲੇ 2 ਦਹਾਕਿਆਂ ਤੋਂ ਬੀਜਦ ਦਾ ਗੜ੍ਹ ਰਹੇ ਹਨ। ਬੀਜਦ ਮੁਹਿੰਮ ਦੀ ਅਗਵਾਈ ਜ਼ਿਆਦਾਤਰ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਭਰੋਸੇਮੰਦ ਨੌਕਰਸ਼ਾਹ ਤੋਂ ਨੇਤਾ ਬਣੇ ਵੀ. ਕੇ. ਪਾਂਡੀਅਨ ਨੇ ਕੀਤੀ ਹੈ। ਬੀਜਦ ਨੇ ਸਾਰੇ ਵਰਗਾਂ ਦੇ ਲੋਕਾਂ ਲਈ ਚੋਣਾਂ ਤੋਂ ਪਹਿਲਾਂ ਐਲਾਨ ਮੁਫਤ ਸਹੂਲਤਾਂ ਦੀ ਲੜੀ ’ਤੇ ਧਿਆਨ ਕੇਂਦਰਿਤ ਕੀਤਾ ਹੈ, ਜੋ ਸਭ ਤੋਂ ਅਹਿਮ ਹੈ। ਆਪਣਾ ਦਬਦਬਾ ਕਾਇਮ ਰੱਖਣ ਲਈ ਬੀਜਦ ਨੇ ਜੁਲਾਈ ਤੋਂ ਸੂਬੇ ਦੀ 90 ਫੀਸਦੀ ਆਬਾਦੀ ਨੂੰ ਮੁਫਤ ਬਿਜਲੀ ਦੇਣ ਦਾ ਵੀ ਐਲਾਨ ਕੀਤਾ ਹੈ। ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਨੂੰ ਭਾਜਪਾ ਦੀ ਹਮਲਾਵਰ ਮੁਹਿੰਮ ਦੇ ਮੱਦੇਨਜ਼ਰ ਸਾਲ 2019 ਦੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣਾ ਮੁਸ਼ਕਲ ਹੋਵੇਗਾ। ਭਾਜਪਾ ਨੇ ਪਟਨਾਇਕ ’ਤੇ ਆਪਣੀ ਸਰਕਾਰ ਨੂੰ ਅਪ੍ਰਤੱਖ ਅਤੇ ਭ੍ਰਿਸ਼ਟ ਨੌਕਰਸ਼ਾਹਾਂ ਨੂੰ ਆਊਟਸੋਰਸ ਕਰਨ ਦਾ ਗੰਭੀਰ ਦੋਸ਼ ਲਾਇਆ ਹੈ, ਜਿਸ ਨਾਲ ਸੂਬਾ 50 ਸਾਲ ਪਿੱਛੇ ਚਲਾ ਗਿਆ ਹੈ। ਇਸ ਤੋਂ ਇਲਾਵਾ ਸੱਤਾ ਵਿਰੋਧੀ ਲਹਿਰ 2 ਮੰਤਰੀਆਂ, 6 ਸਾਬਕਾ ਮੰਤਰੀਆਂ ਅਤੇ ਕਈ ਮੌਜੂਦਾ ਵਿਧਾਇਕਾਂ ਸਮੇਤ ਬੀਜਦ ਦੇ ਕਈ ਮਹਾਰਥੀਆਂ ਦੀ ਕਿਸਮਤ ਦਾ ਫੈਸਲਾ ਕਰਨ ’ਚ ਮੁੱਖ ਭੂਮਿਕਾ ਨਿਭਾਅ ਸਕਦੀ ਹੈ।

ਸੂਬੇ ’ਚ 40.30 ਲੱਖ ਮਰਦ ਵੋਟਰਾਂ, 39.31 ਲੱਖ ਮਹਿਲਾ ਵੋਟਰਾਂ ਅਤੇ 850 ਟਰਾਂਸਜੈਂਡਰਾਂ ਸਮੇਤ 94.41 ਲੱਖ ਤੋਂ ਵੱਧ ਵੋਟਰ 64 ਲੋਕ ਸਭਾ ਉਮੀਦਵਾਰਾਂ ਅਤੇ 383 ਵਿਧਾਨ ਸਭਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜਿਨ੍ਹਾਂ 6 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ’ਚ ਭੁਵਨੇਸ਼ਵਰ, ਕਟਕ, ਢੇਂਕਨਾਲ ਅਤੇ ਪੁਰੀ (ਸਾਰੇ ਤੱਟੀ ਓਡਿਸ਼ਾ ’ਚ), ਪੱਛਮੀ ਓਡਿਸ਼ਾ ’ਚ ਸੰਬਲਪੁਰ ਅਤੇ ਉੱਤਰੀ ਓਡਿਸ਼ਾ ’ਚ ਇਕੋ-ਇਕ (ਸੁਰੱਖਿਅਤ) ਸੰਸਦੀ ਖੇਤਰ ਕਯੋਂਝਰ ਸ਼ਾਮਲ ਹਨ। ਇਨ੍ਹਾਂ 6 ਲੋਕ ਸਭਾ ਸੀਟਾਂ ਤੋਂ ਇਲਾਵਾ ਸੂਬੇ ਦੇ 30 ਜ਼ਿਲਿਆਂ ’ਚੋਂ 10 ’ਚ ਫੈਲੀਆਂ ਇਨ੍ਹਾਂ ਸੰਸਦੀ ਸੰਵਿਧਾਨਾਂ ਤਹਿਤ ਆਉਣ ਵਾਲੀਆਂ 42 ਵਿਧਾਨ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ।


author

Rakesh

Content Editor

Related News