ਦੱਖਣੀ ਭਾਰਤ ’ਚ ਭਾਜਪਾ ਦੀਆਂ ਵਧਣਗੀਆਂ ਸੀਟਾਂ, ਐੱਨ. ਡੀ. ਏ. ਹੋਵੇਗਾ 400 ਪਾਰ : ਸ਼ਿਵਰਾਜ ਸਿੰਘ ਚੌਹਾਨ

06/01/2024 8:51:16 PM

ਨੈਸ਼ਨਲ ਡੈਸਕ- ਚੋਣ ਨਤੀਜਿਆਂ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਖਣੀ ਭਾਰਤ ’ਚ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੇ 15 ਸੂਬਿਆਂ ’ਚ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਦੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੋਂ ਲੈ ਕੇ ਕੇਰਲਾ ਅਤੇ ਹੋਰ ਸਾਰੇ ਸੂਬਿਆਂ ’ਚ ਚੋਣ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਤੇਲੰਗਾਨਾ ’ਚ ਭਾਜਪਾ ਦੀਆਂ ਸੀਟਾਂ ਵਧ ਰਹੀਆਂ ਹਨ ਅਤੇ ਆਂਧਰਾ ਪ੍ਰਦੇਸ਼ ’ਚ ਵੀ ਅਸੀਂ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਨਾਲ ਸਫਲਤਾ ਹਾਸਲ ਕਰ ਰਹੇ ਹਾਂ। ਚੌਹਾਨ ਨੇ ਕਿਹਾ ਕਿ ਦੱਖਣ ’ਚ ਮੋਦੀ ਜੀ ਦੇ ਪ੍ਰਤੀ ਲੋਕਾਂ ’ਚ ਸ਼ਰਧਾ ਦੀ ਭਾਵਨਾ ਹੈ। 400 ਪਾਰ ਦਾ ਨਾਅਰਾ ਪਾਰਟੀ ਦਾ ਨਹੀਂ, ਜਨਤਾ ਦਾ ਹੈ ਅਤੇ ਐੱਨ. ਡੀ. ਏ. 400 ਸੀਟਾਂ ਨੂੰ ਪਾਰ ਕਰ ਰਿਹਾ ਹੈ। ਮੁਸਲਮਾਨਾਂ ’ਤੇ ਪੁੱਛੇ ਗਏ ਇਕ ਸਵਾਲ ’ਤੇ ਉਨ੍ਹਾਂ ਕਿਹਾ ਕਿ ਮੁਸਲਮਾਨ ਅਤੇ ਮੰਦਰ ਦਾ ਮੁੱਦਾ ਅਸੀਂ ਨਹੀਂ ਉਠਾਇਆ ਹੈ, ਸਗੋਂ ਵਿਰੋਧੀ ਧਿਰ ਨੇ ਉਠਾਇਆ ਹੈ। ਉਹ ਲੋਕ ਮੁਸਲਿਮ ਰਿਜ਼ਰਵੇਸ਼ਨ ਦੀ ਗੱਲ ਕਰ ਰਹੇ ਹਨ।

ਰਾਮਲੱਲਾ ਨੂੰ ਦੁਬਾਰਾ ਟੈਂਟ ’ਚ ਕਰਨ ਦੀ ਗੱਲ ’ਤੇ ਸ਼ਿਵਰਾਜ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਅਜਿਹੇ ਬਿਆਨ ਦਿੰਦੀ ਆ ਰਹੀ ਹੈ। ਉਨ੍ਹਾਂ ਦੇ ਬਿਆਨਾਂ ਤੋਂ ਸਾਬਤ ਹੁੰਦਾ ਹੈ ਕਿ ਉਸ ਨੂੰ ਨਾ ਤਾਂ ਰੱਬ ਵਿਚ ਸ਼ਰਧਾ ਹੈ ਅਤੇ ਨਾ ਹੀ ਵਿਸ਼ਵਾਸ ਹੈ। ਉੱਥੇ ਉਨ੍ਹਾਂ ਨੇ ਗੋਲੀਆਂ ਚਲਵਾਈਆਂ। ਰਾਮ ਮੰਦਰ ਦਾ ਵਿਰੋਧ ਕੀਤਾ। ਇਸ ਨੂੰ ਦੁਨੀਆ ਨੇ ਦੇਖਿਆ। ਰਾਹੁਲ ਗਾਂਧੀ ਦੇ ਟਾਟਾ ਬਾਏ-ਬਾਏ ਵਾਲੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਆਖਰੀ ਕੋਸ਼ਿਸ਼ ਹੈ। ਹੁਣ ਇਹ ਸਾਬਤ ਹੋ ਜਾਵੇਗਾ ਕਿ ਰਾਹੁਲ ਗਾਂਧੀ ਦਾ ਟਾਟਾ ਬਾਏ-ਬਾਏ ਹੋ ਰਿਹਾ ਹੈ। ਇਹ ਉਨ੍ਹਾਂ ਨੇ ਬੱਚਿਆਂ ਵਾਲੀ ਗੱਲ ਕੀਤੀ ਹੈ।

ਉਨ੍ਹਾਂ ਨੇ ਆਪਣੇ ਅਕਸ ਨੂੰ ਹੋਰ ਖਰਾਬ ਕੀਤਾ ਹੈ। ਉਨ੍ਹਾਂ ਨੇ ਮੋਦੀ ਜੀ ਬਾਰੇ ਜੋ ਕਿਹਾ ਹੈ, ਉਸ ਕਾਰਨ ਲੋਕ ਉਨ੍ਹਾਂ ਨੂੰ ਟਾਟਾ ਬਾਏ-ਬਾਏ ਕਹਿ ਰਹੇ ਹਨ। ਅੱਜ ਕਾਂਗਰਸ ਕੋਲ ਬਚਿਆ ਕੀ ਹੈ। ਕਾਂਗਰਸ ਨੇ ਸਾਰਿਆਂ ਨੂੰ ਉਲਝਾਇਆ ਹੋਇਆ ਹੈ। ਅਮੇਠੀ ਅਤੇ ਰਾਏਬਰੇਲੀ ’ਚ ਰਾਹੁਲ ਨੂੰ ਟਾਟਾ ਬਾਏ-ਬਾਏ ਹੈ। ਲੋਕਾਂ ਦਾ ਮੋਦੀ ਜੀ ਪ੍ਰਤੀ ਜ਼ਬਰਦਸਤ ਵਿਸ਼ਵਾਸ ਹੈ। ਸ਼ਿਵਰਾਜ ਨੇ ਕਿਹਾ ਕਿ ਅਸੀਂ ਮੱਧ ਪ੍ਰਦੇਸ਼ ’ਚ 29 ਸੀਟਾਂ ਜਿੱਤਾਂਗੇ।

ਰਾਜਗੜ੍ਹ ’ਚ ਦਿਗਵਿਜੇ ਸਿੰਘ ਕੋਈ ਚੁਣੌਤੀ ਨਹੀਂ ਹੈ। ਜਨਤਾ ਦਿਗਵਿਜੇ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਉਥੇ ਹੀ ਛਿੰਦਵਾੜਾ ’ਚ ਕਮਲਨਾਥ ਦੀ ਭਰੋਸੇਯੋਗਤਾ ਖਤਮ ਹੋ ਗਈ ਹੈ। ਜਨਤਾ ਨੇ ਉਨ੍ਹਾਂ ਨੂੰ ਕਦੇ ਸਵੀਕਾਰ ਨਹੀਂ ਕੀਤਾ। ਮੰਡਲਾ ’ਚ ਅਸੀਂ ਸ਼ਾਨਦਾਰ ਸੀਟਾਂ ਨਾਲ ਜਿੱਤ ਰਹੇ ਹਾਂ। ਰਤਲਾਮ ’ਚ ਅਸੀਂ ਇਕ-ਇਕ ਲੱਖ ਦੇ ਫਰਕ ਨਾਲ ਸੀਟ ਜਿੱਤਾਂਗੇ। ਚਾਹੇ ਉਹ ਪੇਂਡੂ, ਕਬਾਇਲੀ ਜਾਂ ਆਦਿਵਾਸੀ ਸੀਟ ਹੋਵੇ। ਸਾਨੂੰ ਹਰ ਥਾਂ ਤੋਂ ਵੱਡੀ ਸਫਲਤਾ ਮਿਲ ਰਹੀ ਹੈ। ਅਸੀਂ ਮੁਰੈਨਾ ’ਚ ਚੰਗੀਆਂ ਵੋਟਾਂ ਨਾਲ ਜਿੱਤ ਰਹੇ ਹਾਂ। ਖੁਦ ਨੂੰ ਮੰਤਰੀ ਜਾਂ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਸਵਾਲ ’ਤੇ ਸ਼ਿਵਰਾਜ ਨੇ ਕਿਹਾ ਕਿ ਮੈਂ ਇਕ ਨਿਮਾਣਾ ਵਰਕਰ ਹਾਂ। ਸੰਸਦ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਮੇਰਾ ਫਰਜ਼ ਹੈ।


Rakesh

Content Editor

Related News