ਵੱਡੀ ਖ਼ਬਰ : ਪੰਜਾਬ 'ਚ ਇਕੱਲੇ ਚੋਣਾਂ ਲੜੇਗੀ ਭਾਜਪਾ, ਸੁਨੀਲ ਜਾਖੜ ਨੇ ਕੀਤਾ ਐਲਾਨ (ਵੀਡੀਓ)

03/26/2024 11:39:21 AM

ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਚੋਣਾਂ ਲੜੇਗੀ। ਇਸ ਦਾ ਐਲਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਐਕਸ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ 'ਚ ਭਾਜਪਾ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਅੱਗੇ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ, ਪਾਰਟੀ ਵਰਕਰਾਂ ਅਤੇ ਆਗੂਆਂ ਦੀ ਰਾਏ ਲੈਣ ਮਗਰੋਂ ਪੰਜਾਬ ਦੇ ਭਵਿੱਖ, ਜਵਾਨੀ, ਕਿਸਾਨੀ ਅਤੇ ਸਾਰਿਆਂ ਦੀ ਬਿਹਤਰੀ ਵਾਸਤੇ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : PSEB ਨੇ ਨਵੇਂ ਸੈਸ਼ਨ ਲਈ ਸਕੂਲਾਂ ਨੂੰ ਜਾਰੀ ਕੀਤੇ ਹੁਕਮ, ਪੜ੍ਹੋ ਕੀ ਹੈ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਜੋ ਕੰਮ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਕੀਤੇ ਹਨ, ਉਹ ਕਿਸੇ ਤੋਂ ਲੁਕੇ ਨਹੀਂ ਹਨ। ਕਿਸਾਨਾਂ ਦੀਆਂ ਫ਼ਸਲਾਂ ਦਾ ਇਕ-ਇਕ ਦਾਣਾ ਪਿਛਲੇ 10 ਸਾਲਾਂ 'ਚ ਚੁੱਕਿਆ ਗਿਆ ਹੈ ਅਤੇ ਫ਼ਸਲ ਦਾ ਭੁਗਤਾਨ ਹਫ਼ਤੇ ਦੇ ਅੰਦਰ-ਅੰਦਰ ਕਿਸਾਨਾਂ ਦੇ ਖ਼ਾਤਿਆਂ 'ਚ ਪਹੁੰਚਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਖੁੱਲ੍ਹਿਆ ਹੈ, ਇਹ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੀ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆਉਂਦੀਆਂ ਤਾਰੀਖ਼ਾਂ ਨੂੰ ਖ਼ਰਾਬ ਰਹੇਗਾ ਮੌਸਮ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਮੁੱਖ ਰੱਖ ਕੇ ਹੀ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਹੀ ਇਹ ਫ਼ੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਸੀ ਅਤੇ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਹ ਹੀ ਲੱਗ ਰਿਹਾ ਸੀ ਕਿ ਇਹ ਗਠਜੋੜ ਹੋ ਜਾਵੇਗਾ ਪਰ ਅੱਜ ਸੁਨੀਲ ਜਾਖੜ ਨੇ ਇਹ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਪੰਜਾਬ 'ਚ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਨਹੀਂ ਹੋਵੇਗਾ ਅਤੇ ਭਾਜਪਾ ਸਾਰੀਆਂ 13 ਦੀਆਂ 13 ਸੀਟਾਂ 'ਤੇ ਸੂਬੇ 'ਚ ਇਕੱਲੇ ਹੀ ਚੋਣਾਂ ਲੜੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News