ਭਾਜਪਾ ਦੀ ਮਜ਼ਬੂਰੀ ਬਣਿਆ ਅਕਾਲੀ ਦਲ ਨਾਲ ਗਠਜੋੜ!

Saturday, Feb 10, 2024 - 06:31 PM (IST)

ਭਾਜਪਾ ਦੀ ਮਜ਼ਬੂਰੀ ਬਣਿਆ ਅਕਾਲੀ ਦਲ ਨਾਲ ਗਠਜੋੜ!

ਜਲੰਧਰ (ਜਗਬਾਣੀ ਵੈੱਬ ਡੈਸਕ) : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਭਾਜਪਾ ਕੌਮੀ ਪੱਧਰ ’ਤੇ ਆਪਣਾ ਕੁਣਬਾ ਵੱਡਾ ਕਰਨ ਵਿਚ ਜੁਟੀ ਹੋਈ ਹੈ ਅਤੇ ਹੁਣ ਇਸ ਵਿਚ ਪੰਜਾਬ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਦੋ ਮਹੀਨੇ ਪਹਿਲਾਂ ਤੱਕ ਪੰਜਾਬ ਵਿਚ ਆਪਣੀ ਪੁਰਾਣੀ ਭਾਈਵਾਲ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਨਾ ਕਰਨ ਦੇ ਬਿਆਨ ਜਾਰੀ ਕਰਨ ਵਾਲੇ ਭਾਜਪਾ ਆਗੂਆਂ ਨੂੰ ਹੁਣ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਜ਼ਮੀਨ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ, ਲਿਹਾਜ਼ਾ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਹੈ ਕਿ ਭਾਜਪਾ ਦੀ ਅਕਾਲੀ ਦਲ ਨਾਲ ਮੁੜ ਤੋਂ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਕਈ ਲੀਡਰ ਹਾਈਕਮਾਂਡ ਨੂੰ ਗਠਜੋੜ ਲਈ ਸੁਝਾਅ ਦਿੰਦੇ ਰਹੇ ਸਨ ਪਰ ਅਮਿਤ ਸ਼ਾਹ ਵੀ ਲਗਾਤਾਰ ਇਸ ਗਠਜੋੜ ਤੋਂ ਇਨਕਾਰ ਕਰਦੇ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਚੰਗੀ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਭਾਜਪਾ ਜ਼ਮੀਨੀ ਪੱਧਰ ’ਤੇ ਸੂਬੇ ਦੀਆਂ 13 ਸੀਟਾਂ ਲੜਨ ਲਈ ਤਿਆਰ ਨਹੀਂ ਹੈ। ਹਾਲਾਤ ਇਸ ਕਦਰ ਹਨ ਕਿ ਕਈ ਸੀਟਾਂ ’ਤੇ ਭਾਜਪਾ ਕੋਲ ਉਮੀਦਵਾਰ ਤੱਕ ਨਹੀਂ ਹਨ। ਪੰਜਾਬ ਵਿਚ ਭਾਜਪਾ ਨੂੰ ਮਨਜ਼ੂਰ ਕਰਨ ਲਈ ਪਾਰਟੀ ਨੇ ਕਾਂਗਰਸ ਦੇ ਜਿਹੜੇ ਲੀਡਰ ਤੋੜੇ ਸਨ ਉਨ੍ਹਾਂ ਵਿਚੋਂ ਕਈ ਘਰ ਵਾਪਸੀ ਕਰ ਗਏ ਹਨ ਤੇ ਰਹਿੰਦੇ ਕਈ ਲੀਡਰ ਜ਼ੋਰ ਅਜ਼ਮਾਇਸ਼ ਕਰਕੇ ਥੱਕੇ ਹੋਏ ਨਜ਼ਰ ਆ ਰਹੇ ਹਨ। ਇਹੀ ਕਾਰਨ ਹੈ ਕੈਪਟਨ ਅਮਿਰੰਦਰ ਸਿੰਘ, ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਵਰਗੇ ਲੀਡਰਾਂ ਨੇ ਵੀ ਹੁਣ ਹਾਈਕਮਾਂਡ ਅੱਗੇ ਗਠਜੋੜ ਨੂੰ ਹੀ ਸਿਆਸੀ ਜ਼ਮੀਨ ਬਚਾਉਣ ਦਾ ਆਖਰੀ ਤਰੀਕਾ ਦੱਸਿਆ ਹੈ। ਇਸ ਸਾਰੀ ਸਿਆਸੀ ਨੂਰਾਂ ਕੁਸ਼ਤੀ ਵਿਚਾਲੇ ਇਹ ਗੱਲ ਵੀ ਦਿਲਚਸਪ ਹੈ ਕਿ ਇਨੀਂ ਦਿਨੀਂ ਆ ਰਹੀਆਂ ਅਕਾਲੀ-ਭਾਜਪਾ ਵਿਚਾਲੇ ਮੁੜ ਤੋਂ ਗਠਜੋੜ ਦੀਆਂ ਖਬਰਾਂ ਵਿਚ ਭਾਜਪਾ ਦੇ ਕਿਸੇ ਪੁਰਾਣੇ ਆਗੂ ਦੀ ਭੂਮਿਕਾ ਨਜ਼ਰ ਨਹੀਂ ਆਉਂਦੀ ਅਤੇ ਗਠਜੋੜ ਵਿਚ ਅਹਿਮ ਭੂਮਿਕਾ ਨਿਭਾਉਣ ਵਿਚ ਵੀ ਸਾਬਕਾ ਕਾਂਗਰਸੀ ਮੋਹਰੀ ਨਜ਼ਰ ਆਉਂਦੇ ਹਨ। ਇਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਜਾਂ ਤਾਂ ਪੁਰਾਣੇ ਆਗੂਆਂ ਵਿਚ ਸਿਆਸੀ ਸੂਝ ਦੀ ਕਮੀ ਹੈ ਤੇ ਜਾਂ ਫਿਰ ਹਾਈਕਮਾਂਡ ਨੇ ਨਵੇਂ ਲੀਡਰਾਂ ਨੂੰ ਤਰਜੀਹ ਦੇਣ ਦਾ ਮਨ ਬਣਾ ਲਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਲੋਕ ਸਭਾ ਸੀਟ ’ਤੇ ਚਰਚਾ ਤੇਜ਼, ਅਨਿਲ ਜੋਸ਼ੀ ਤੇ ਤਰਨਜੀਤ ਸਿੰਘ ਸੰਧੂ ਦਾ ਨਾਂ ਚਰਚਾ ’ਚ

ਦਰਅਸਲ ਭਾਜਪਾ ਨੇ ਹਾਲ ਹੀ ਵਿਚ ਜਲੰਧਰ ਲੋਕ ਸਭਾ ਦੀ ਉਪ ਚੋਣ ਵਿਚ ਪੂਰਾ ਜ਼ੋਰ ਲਗਾਇਆ ਸੀ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਸਮੇਤ ਸੰਘ ਦੀ ਪੂਰੀ ਮਸ਼ੀਨਰੀ ਪਿੰਡ ਪੱਧਰ ਤੱਕ ਤਿਆਰੀ ਵਿਚ ਜੁਟੀ ਸੀ ਪਰ ਇਸ ਦੇ ਉਲਟ ਭਾਜਪਾ ਇਸ ਸੀਟ ’ਤੇ ਜ਼ਮਾਨਤ ਤੱਕ ਨਹੀਂ ਬਚਾ ਸਕੀ। ਭਾਜਪਾ ਨੇ ਹਰ ਹੀਲਾ ਵਰਤ ਕੇ ਕਈ ਪਿੰਡਾਂ ਵਿਚ ਬੂਥ ਤਾਂ ਲਵਾ ਲਏ ਪਰ ਪੰਜਾਬ ਦੇ ਪੇਂਡੂ ਵੋਟਰਾਂ ਲਈ ਭਾਜਪਾ ਪਸੰਦੀਦਾ ਪਾਰਟੀ ਨਹੀਂ ਬਣ ਸਕੀ। ਦੂਜੇ ਪਾਸੇ ਭਾਜਪਾ ਅਕਾਲੀ ਦਲ ਨੂੰ ਸਿਆਸੀ ਘਾਹ ਇਸ ਕਰਕੇ ਵੀ ਨਹੀਂ ਪਾ ਰਹੀ ਸੀ ਕਿ ਸ਼ਾਇਦ ਉਹ ਅਕਾਲੀ ਦਲ ਦੀ ਸਿਆਸੀ ਸਥਿਤੀ ਨੂੰ ਵੀ ਆਪਣੇ ਵਰਗਾ ਹੀ ਸਮਝੀ ਬੈਠੇ ਸਨ। ਭਾਜਪਾ ਦੇ ਕਈ ਆਗੂ ਆਫ ਦਾ ਰਿਕਾਰਡ ਇਹ ਗੱਲ ਕਹਿੰਦੇ ਸਨ ਕਿ ਹੁਣ ਅਕਾਲੀਆਂ ਨੂੰ ਵੀ ਲੋਕ ਪਿੰਡਾਂ ਵਿਚ ਨਹੀਂ ਵੜਨ ਦੇਣਗੇ ਪਰ ਸੁਖਬੀਰ ਬਾਦਲ ਦੀ ਯਾਤਰਾ ਨੇ ਭਾਜਪਾ ਦਾ ਇਹ ਭੁਲੇਖਾ ਵੀ ਦੂਰ ਕੀਤਾ ਹੈ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਆ ਗਈ ਚੰਗੀ ਖ਼ਬਰ

ਇਸ ਤੋਂ ਇਲਾਵਾ ਪੰਜਾਬ ਭਾਜਪਾ ਨੂੰ ਇਸ ਤਰ੍ਹਾਂ ਵੀ ਲੱਗਦਾ ਸੀ ਕਿ ਖੇਤੀ ਕਾਨੂੰਨ ਵਾਪਸ ਕਰਨ ਉਪਰੰਤ ਪੰਜਾਬ ਦੇ ਲੋਕਾਂ ਦਾ ਝੁਕਾਅ ਭਾਜਪਾ ਪ੍ਰਤੀ ਲਾਜ਼ਮੀ ਵਧੇਗਾ। ਬੇਸ਼ੱਕ ਸਿਆਸਤਦਾਨਾਂ ਵਿਚ ਤਾਂ ਭਾਜਪਾ ਅੰਦਰ ਸ਼ਾਮਲ ਹੋਣ ਦੀ ਦੌੜ ਬੜੀ ਤੇਜ਼ ਹੋਈ ਪਰ ਵੋਟਰਾਂ ਤੱਕ ਭਾਜਪਾ ਆਪਣਾ ਪ੍ਰਭਾਵ ਪਾਉਣ ਵਿਚ ਫਿਰ ਵੀ ਅਸਮਰੱਥ ਰਹੀ ਹੈ। ਇਨ੍ਹਾਂ ਤਮਾਮ ਕਾਰਨਾਂ ਕਰਕੇ ਹੀ ਮੰਨਿਆ ਜਾ ਰਿਹਾ ਹੈ ਕਿ ਗਠਜੋੜ ਜਿੱਥੇ ਦੋਵਾਂ ਧਿਰਾਂ ਦੀ ਲੋੜ ਤਾਂ ਹੈ ਹੀ ਉੱਥੇ ਹੀ ਭਾਜਪਾ ਨੂੰ ਵੀ ਪੰਜਾਬ ਦੀ ਤਸਵੀਰ ਕਾਫੀ ਸਾਫ ਦਿਖ ਰਹੀ ਹੈ। ਮੰਨਿਆਂ ਜਾ ਰਿਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦਰਮਿਆਨ ਛੇਤੀ ਹੀ ਮੁਲਾਕਾਤ ਹੋ ਸਕਦੀ ਹੈ ਅਤੇ ਗਠਜੋੜ ਦਾ ਐਲਾਨ ਵੀ ਇਸੇ ਮਹੀਨੇ ਹੀ ਸੰਭਵ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News