ਅਕਾਲੀਆਂ ਦੀ ਲੁੱਟ ''ਚ ਭਾਜਪਾ ਬਰਾਬਰ ਦੀ ਭਾਈਵਾਲ ਰਹੀ, ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ : ਜਾਖੜ

Wednesday, Oct 25, 2017 - 06:43 AM (IST)

ਅਕਾਲੀਆਂ ਦੀ ਲੁੱਟ ''ਚ ਭਾਜਪਾ ਬਰਾਬਰ ਦੀ ਭਾਈਵਾਲ ਰਹੀ, ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ : ਜਾਖੜ

ਜਲੰਧਰ  (ਧਵਨ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ 'ਤੇ ਸਿਆਸੀ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਕਿ ਪੰਜਾਬ 'ਚ ਇਕ ਦਹਾਕੇ ਤੱਕ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਮਚਾਈ ਗਈ ਲੁੱਟ 'ਚ ਭਾਜਪਾ ਬਰਾਬਰ ਦੀ ਭਾਈਵਾਲ ਸੀ। ਜਾਖੜ ਨੇ ਮੰਗਲਵਾਰ ਗੁਰਦਾਸਪੁਰ ਦੀ ਦਾਣਾ ਮੰਡੀ 'ਚ ਜਾ ਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ। ਉਸ ਤੋਂ ਬਾਅਦ ਉਹ ਡੇਰਾ ਬਾਬਾ ਨਾਨਕ ਹਲਕੇ 'ਚ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਯੋਜਿਤ ਧੰਨਵਾਦੀ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਗਏ।
ਉਨ੍ਹਾਂ ਕਿਹਾ ਕਿ ਸਾਂਪਲਾ ਹੁਣ ਇਹ ਕਹਿ ਰਹੇ ਹਨ ਕਿ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਦੌਰਾਨ ਭਾਜਪਾ ਦੀ ਹਾਰ ਲਈ ਅਕਾਲੀ ਦਲ ਜ਼ਿੰਮੇਵਾਰ ਹੈ ਕਿਉਂਕਿ ਲੋਕ ਅਕਾਲੀਆਂ ਨੂੰ ਪਸੰਦ ਨਹੀਂ ਕਰਦੇ। ਜਾਖੜ ਨੇ ਸਾਂਪਲਾ ਕੋਲੋਂ ਪੁੱਛਿਆ ਕਿ ਅਕਾਲੀ-ਭਾਜਪਾ ਸਰਕਾਰ 'ਚ ਭਾਜਪਾ ਵੀ ਤਾਂ 10 ਸਾਲ ਤੱਕ ਸ਼ਾਮਲ ਰਹੀ ਪਰ ਸੂਬੇ 'ਚ ਫੈਲੇ ਮਾਫੀਆ ਰਾਜ ਅਤੇ ਲੁੱਟਮਾਰ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਅੱਖਾਂ ਬੰਦ ਰੱਖੀਆਂ। ਉਸ ਸਮੇਂ ਭਾਜਪਾ ਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਪੰਜਾਬ ਨੂੰ ਅਕਾਲੀ ਕਿਉਂ ਲੁੱਟ ਰਹੇ ਹਨ। ਅਜੇ ਤੱਕ ਭਾਜਪਾ ਨੇ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ ਹੈ।
ਜਾਖੜ ਨੇ ਕਿਹਾ ਕਿ ਗੁਰਦਾਸਪੁਰ ਉਪ ਚੋਣ 'ਚ ਕਾਂਗਰਸ ਦੀ ਜਿੱਤ ਨਾਲ ਜੋ ਹਨੇਰੀ ਚੱਲੀ ਹੈ, ਉਹ ਸਿਰਫ ਪੰਜਾਬ ਤੱਕ ਸੀਮਤ ਨਹੀਂ ਰਹੇਗੀ ਸਗੋਂ ਇਸ ਦਾ ਅਸਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ 'ਤੇ ਵੀ ਪਏਗਾ। ਗੁਜਰਾਤ 'ਚ ਅਜੇ ਚੋਣ ਕਮਿਸ਼ਨ ਨੇ ਚੋਣ ਮਿਤੀਆਂ ਦਾ ਐਲਾਨ ਨਹੀਂ ਕੀਤਾ, ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਭਾਜਪਾ ਨੂੰ ਉਥੇ ਆਪਣੀ ਹਾਰ ਨਜ਼ਰ ਆ ਰਹੀ ਹੈ। ਗੁਜਰਾਤ 'ਚ ਜੀ. ਐੱਸ. ਟੀ. ਅਤੇ ਨੋਟਬੰਦੀ ਦਾ ਅਸਰ ਸਪੱਸ਼ਟ ਦਿਖਾਈ ਦੇ ਰਿਹਾ ਹੈ। ਸਮੁੱਚਾ ਵਪਾਰੀ ਵਰਗ ਕਾਂਗਰਸ ਨਾਲ ਆ ਖੜ੍ਹਾ ਹੋਇਆ ਹੈ।
ਜਾਖੜ ਜਿਨ੍ਹਾਂ ਨਾਲ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਬਰਿੰਦਰਮੀਤ ਪਾਹੜਾ  ਵੀ ਸਨ, ਨੇ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਦੇਸ਼ ਦੀ ਆਰਥਿਕ ਤਰੱਕੀ ਰੁੱਕ ਗਈ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪਚਾਪ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਉਂ ਗੁਜਰਾਤ ਚੋਣਾਂ ਤੋਂ ਦੌੜ ਰਹੀ ਹੈ? ਹੁਣ ਭਾਜਪਾ ਸਰਕਾਰ ਟ੍ਰੈਕਟਰਾਂ 'ਤੇ ਵੀ ਟੈਕਸ ਲਾ ਰਹੀ ਹੈ, ਜਿਸਦਾ ਉਹ ਲੋਕ ਸਭਾ 'ਚ ਡਟ ਕੇ ਵਿਰੋਧ ਕਰਨਗੇ। ਜਾਖੜ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚੋਂ 95 ਫੀਸਦੀ ਝੋਨੇ ਦੀ ਲਿਫਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 24 ਘੰਟਿਆਂ ਅੰਦਰ ਕਿਸਾਨਾਂ ਨੂੰ ਭੁਗਤਾਨ ਕੀਤਾ ਹੈ।


Related News