ਅਕਾਲੀ-ਭਾਜਪਾ ਗਠਜੋੜ ''ਚ ਸੀਟਾਂ ਦੀ ਅਦਲਾ-ਬਦਲੀ ਸਬੰਧੀ ਬੈਠਕ ਜਲਦੀ

08/22/2016 12:05:28 PM

ਚੰਡੀਗੜ੍ਹ (ਭਾਰਦਵਾਜ) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਆਗੂਆਂ ਵਿਚਕਾਰ ਸੀਟਾਂ ਦੀ ਅਦਲਾ-ਬਦਲੀ ਸਬੰਧੀ ਬੈਠਕ ਜਲਦੀ ਹੋਣ ਦੀ ਸੰਭਾਵਨਾ ਹੈ। ''ਆਪ'' ਵਲੋਂ ਉਮੀਦਵਾਰਾਂ ਦੀ ਲਗਾਤਾਰ ਦੂਸਰੀ ਸੂਚੀ ਜਾਰੀ ਹੋਣ ਤੋਂ ਬਾਅਦ ਗਠਜੋੜ ''ਚ ਵੀ ਉਮੀਦਵਾਰਾਂ ਦੇ ਐਲਾਨ ਸਬੰਧੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਅਸਲ ਵਿਚ ਦੋਵਾਂ ਵਿਚਕਾਰ ਕੁਝ ਸੀਟਾਂ ਦੀ ਅਦਲਾ-ਬਦਲੀ ਦੀ ਗੱਲ ਚੱਲ ਰਹੀ ਹੈ। ਇਸ ਸਬੰਧੀ ਫੈਸਲਾ ਅਕਾਲੀ ਦਲ ਲੀਡਰਸ਼ਿਪ ਤੇ ਭਾਜਪਾ ਹਾਈ ਕਮਾਨ ਵਿਚਕਾਰ ਬੈਠਕ ਤੋਂ ਬਾਅਦ ਹੀ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਭਾਜਪਾ ਦੀ ਪ੍ਰਦੇਸ਼ ਇਕਾਈ ਨੇ ਸਬੰਧਤ ਫੈਸਲਾ ਕੌਮੀ ਲੀਡਰਸ਼ਿਪ ਦੀ ਇੱਛਾ ''ਤੇ ਛੱਡਿਆ ਹੋਇਆ ਹੈ।
ਇਸ ਤਰ੍ਹਾਂ ਹੁਣ ਗਠਜੋੜ ਦੀ ਪਹਿਲੀ ਸੂਚੀ ਦਾ ਐਲਾਨ ਦੋਵਾਂ ਦਲਾਂ ਦੀ ਹਾਈ ਕਮਾਨ ਦੀ ਸਾਂਝੀ ਬੈਠਕ ਮਗਰੋਂ ਸੰਭਾਵੀ ਹੈ। ਗਠਜੋੜ ਦੇ ਤਹਿਤ ਪੰਜਾਬ ਵਿਧਾਨ ਸਭਾ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 94 ''ਤੇ ਅਕਾਲੀ ਦਲ ਤੇ 23 ''ਤੇ ਭਾਜਪਾ ਉਮੀਦਵਾਰ ਚੋਣ ਲੜਦੇ ਹਨ। ਇਸ ਵਾਰ ਵੀ ਇਸੇ ਫਾਰਮੂਲੇ ਦੇ ਤਹਿਤ ਹੀ ਗਠਜੋੜ ਚੋਣ ਲੜੇਗਾ ਪਰ ਕੁਝ ਸੀਟਾਂ ਅਜਿਹੀਆਂ ਹਨ ਜਿਨ੍ਹਾਂ ਤੋਂ ਅਕਾਲੀ ਦਲ ਚੋਣਾਂ ਲੜਨਾ ਚਾਹੁੰਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਆਪਣੇ ਉਮੀਦਵਾਰ ਉਤਾਰਨੇ ਚਾਹੁੰਦੀ ਹੈ। ਉਥੇ ਹੀ ਅਕਾਲੀ ਦਲ ਵੀ ਭਾਜਪਾ ਕੋਟੇ ਦੀਆਂ ਕੁਝ ਸੀਟਾਂ ''ਤੇ ਅਕਾਲੀ ਆਗੂਆਂ ਨੂੰ ਚੋਣ ਲੜਵਾਉਣਾ ਚਾਹੁੰਦਾ ਹੈ। ਇਸ ਲਈ ਅਜਿਹੇ ਵਿਚ ਕਰੀਬ ਅੱਧਾ ਦਰਜਨ ਸੀਟਾਂ ''ਤੇ ਦੋਵਾਂ ਦਲਾਂ ਵਿਚਕਾਰ ਅਦਲਾ ਬਦਲੀ ਸੰਭਵ ਹੈ।


Gurminder Singh

Content Editor

Related News