ਭਾਜਪਾ ਦਾ 2 ਤੋਂ 303 ਸੀਟਾਂ ਤੱਕ ਦਾ ਸਫਰ

Wednesday, Apr 03, 2024 - 03:01 PM (IST)

ਭਾਜਪਾ ਦਾ 2 ਤੋਂ 303 ਸੀਟਾਂ ਤੱਕ ਦਾ ਸਫਰ

6 ਅਪ੍ਰੈਲ, 1980 ਨੂੰ ਜਨਤਾ ਪਾਰਟੀ ਦੇ ਦੇਸ਼ ਭਰ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ’ਚ ਨਵੀਂ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ। ਚੋਣ ਚਿੰਨ੍ਹ ਕਮਲ ਦਾ ਫੁੱਲ ਐਲਾਨਿਆ ਗਿਆ ਅਤੇ ਪਾਰਟੀ ਦਾ ਸੰਵਿਧਾਨ ਬਣਾਉਣ ਦਾ ਕਾਰਜ ਸ਼ੁਰੂ ਹੋਇਆ। ਭਾਜਪਾ ਬਣ ਗਈ। ਇਸ ਦਾ ਪਹਿਲਾ ਸੈਸ਼ਨ ਮੁੰਬਈ ਦੇ ਮਾਹਿਮ ਖੇਤਰ ’ਚ ਆਯੋਜਿਤ ਕੀਤਾ ਗਿਆ। ਸਾਰੀ ਸੀਨੀਅਰ ਲੀਡਰਸ਼ਿਪ ਨੇ ਇਕ ਸੁਰ ’ਚ ਜਨਸੰਘ ਦੇ ਤਿੰਨ ਵਾਰ ਪ੍ਰਧਾਨ ਰਹੇ ਅਟਲ ਬਿਹਾਰੀ ਵਾਜਪਾਈ ਨੂੰ ਲੱਖਾਂ ਵਰਕਰਾਂ ਦੀ ਹਾਜ਼ਰੀ ’ਚ ਰਾਸ਼ਟਰੀ ਪ੍ਰਧਾਨ ਐਲਾਨਿਆ। ਕਈ ਮਤੇ ਪਾਸ ਹੋਏ।

ਉਸੇ ਸ਼ਾਮ ਆਪਣੇ ਪ੍ਰਧਾਨਗੀ ਭਾਸ਼ਣ ’ਚ ਅਟਲ ਜੀ ਨੇ ਕਿਹਾ, ‘‘ਹਨੇਰਾ ਦੂਰ ਹੋਵੇਗਾ, ਸੂਰਜ ਨਿਕਲੇਗਾ ਅਤੇ ਕਮਲ ਖਿੜੇਗਾ।’’ ਇਸੇ ਸੈਸ਼ਨ ’ਚ ਪ੍ਰਸਿੱਧ ਜਸਟਿਸ ਐੱਮ. ਸੀ. ਛਾਗਲਾ ਵੀ ਹਾਜ਼ਰ ਸਨ। ਮੰਚ ਪਿੱਛੇ ਬੈਨਰ ’ਤੇ ਲਿਖਿਆ ਸੀ ‘ਗੱਦੀ ਛੱਡੋ ਕਿ ਜਨਤਾ ਆਉਂਦੀ ਹੈ’। ਇਸ ਮੌਕੇ ’ਤੇ ਛਾਗਲਾ ਜੀ ਨੇ ਕਿਹਾ ਸੀ ਕਿ ਮੈਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਿਹਾ ਹਾਂ ਕਿ ਭਾਜਪਾ ਆ ਰਹੀ ਹੈ ਅਤੇ ਭਵਿੱਖ ’ਚ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੋਣਗੇ।

1984 ’ਚ ਚੋਣਾਂ ਹੋਈਆਂ। ਚੋਣਾਂ ਦਰਮਿਆਨ ਹੀ ਇੰਦਰਾ ਜੀ ਦੀ ਹੱਤਿਆ ਹੋ ਗਈ। ਭਾਜਪਾ ਨੂੰ ਦੇਸ਼ ’ਚ ਸਿਰਫ 2 ਹੀ ਸੀਟਾਂ ਮਿਲੀਆਂ। ਇਕ ਗੁਜਰਾਤ ਦੇ ਮਹਿਸਾਨਾ ਤੋਂ ਅਸ਼ੋਕ ਪਟੇਲ ਅਤੇ ਦੂਜੇ ਆਂਧਰਾ ਪ੍ਰਦੇਸ਼ ਤੋਂ ਜੰਗਾ ਰੈੱਡੀ ਚੋਣ ਜਿੱਤੇ। ਇਥੋਂ ਤੱਕ ਕਿ ਅਟਲ ਜੀ ਗਵਾਲੀਅਰ ਤੋਂ 84 ਦੀਆਂ ਚੋਣਾਂ ’ਚ ਮਾਧਵਰਾਵ ਸਿੰਧੀਆ ਤੋਂ ਹਾਰ ਗਏ। ਦੇਸ਼ ’ਚ ਨਿਰਾਸ਼ਾ ਛਾ ਗਈ। ਅਟਲ ਜੀ ਉੱਠੇ, ਕਿਹਾ ਕਿ ਅਸੀਂ ਚੋਣਾਂ ਹਾਰੇ ਹਾਂ ਲੜਾਈ ਨਹੀਂ, ਅਸੀਂ ਦੁੱਗਣੀ ਤਾਕਤ ਨਾਲ ਪੂਰੇ ਦੇਸ਼ ’ਚ ਕਮਲ ਖਿੜਾਵਾਂਗੇ। ਵਰਕਰ ਤਾਂ ਦੇਸ਼ ਭਰ ’ਚ ਸਨ। ਰਾਸ਼ਟਰੀ ਅਤੇ ਸੂਬਾਈ ਲੀਡਰਸ਼ਿਪ ਨੇ ਪੂਰੇ ਭਾਰਤ ਦਾ ਅਖੰਡ ਪ੍ਰਵਾਸ ਕਰ ਕੇ ਛੋਟੇ-ਵੱਡੇ ਵਰਕਰਾਂ ਅਤੇ ਭਾਰਤ ਦੀ ਜਨਤਾ ਨੂੰ ਜਗਾਉਣ ਦਾ ਕਾਰਜ ਜਾਰੀ ਰੱਖਿਆ। ਹੌਲੀ-ਹੌਲੀ ਹਰ ਲੋਕ ਸਭਾ ਚੋਣ ’ਚ ਭਾਜਪਾ ਦੀ ਗਿਣਤੀ ਵਧਦੀ ਗਈ। 1989 ’ਚ 85 ਸੀਟਾਂ ਅਤੇ ਸੰਨ 1991 ’ਚ ਭਾਜਪਾ ਨੂੰ 120 ਸੀਟਾਂ ਮਿਲੀਆਂ।

ਇਕ ਸਥਿਤੀ ਇਹ ਆਈ ਕਿ ਸੰਨ 1996 ਦੀਆਂ ਚੋਣਾਂ ’ਚ ਭਾਜਪਾ ਨੂੰ 182 ਸੀਟਾਂ ’ਤੇ ਜਿੱਤ ਮਿਲੀ। ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਤਤਕਾਲੀ ਰਾਸ਼ਟਰਪਤੀ ਡਾ. ਸ਼ੰਕਰ ਦਿਆਲ ਸ਼ਰਮਾ ਨੇ ਅਟਲ ਜੀ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਲਈ ਬੁਲਾਇਆ। ਅਟਲ ਜੀ ਨੇ ਸਹੁੰ ਚੁੱਕੀ ਪਰ ਉਹ ਸਰਕਾਰ ਸਿਰਫ 13 ਦਿਨ ਚੱਲੀ। ਫਿਰ ਚੋਣਾਂ ਹੋਈਆਂ, ਫਿਰ ਤੋਂ ਭਾਜਪਾ ਨੂੰ ਸਹਿਯੋਗੀਆਂ ਨਾਲ ਭਾਵ ਉਸ ਸਮੇਂ ਦੇ ਐੱਨ. ਡੀ. ਏ. ਨਾਲ ਚੰਗੀਆਂ ਸੀਟਾਂ ਮਿਲੀਆਂ। ਅਟਲ ਜੀ ਮੁੜ 13 ਮਹੀਨਿਆਂ ਲਈ ਪ੍ਰਧਾਨ ਮੰਤਰੀ ਬਣੇ। ਸਹਿਯੋਗੀਆਂ ਨੇ ਧੋਖਾ ਦਿੱਤਾ ਅਤੇ ਅਟਲ ਜੀ ਦੀ ਸਰਕਾਰ ਇਕ ਵੋਟ ਨਾਲ ਡਿੱਗ ਗਈ। ਅਟਲ ਜੀ ਨੇ ਆਪਣਾ ਅਸਤੀਫਾ ਦੇਣ ਤੋਂ ਪਹਿਲਾਂ ਸੰਸਦ ’ਚ ਆਪਣੇ ਭਾਸ਼ਣ ’ਚ ਕਿਹਾ, ‘‘ਸਰਕਾਰਾਂ ਆਉਣਗੀਆਂ, ਜਾਣਗੀਆਂ ਪਰ ਅਸੀਂ ਖਰੀਦੋ-ਫਰੋਖਤ ਨਾਲ ਬਣੀ ਸਰਕਾਰ ਨੂੰ ਚਿਮਟੀ ਨਾਲ ਵੀ ਨਹੀਂ ਛੂਹਾਂਗੇ।’’ ਹਾਲਾਂਕਿ 1990 ਦੀਆਂ ਵਿਧਾਨ ਸਭਾ ਚੋਣਾਂ ’ਚ ਮੱਧ ਪ੍ਰਦੇਸ਼, ਹਿਮਾਚਲ ਅਤੇ ਰਾਜਸਥਾਨ ’ਚ ਭਾਜਪਾ ਦੀਆਂ ਬਹੁਮਤ ਨਾਲ ਸਰਕਾਰਾਂ ਬਣ ਚੁੱਕੀਆਂ ਸਨ। ਇਨ੍ਹਾਂ ਸੂਬਿਆਂ ਦੀਆਂ ਚੋਣਾਂ ’ਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਸੀ।

ਸੰਨ 1999 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਐੱਨ. ਡੀ. ਏ. ਦੀ ਸਰਕਾਰ ਸਾਰੀਆਂ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਨਾਲ ਬਣੀ ਅਤੇ ਅਟਲ ਜੀ ਤੀਜੀ ਵਾਰ 5 ਸਾਲ ਤੱਕ ਪ੍ਰਧਾਨ ਮੰਤਰੀ ਬਣੇ ਰਹੇ। ਫਿਰ 2004 ’ਚ ਲੋਕ ਸਭਾ ਚੋਣਾਂ ’ਚ ਭਾਜਪਾ ਹਾਰੀ ਅਤੇ ਯੂ. ਪੀ. ਏ. ਦੀ ਸਰਕਾਰ ਬਣੀ। ਇਸ ਪਿੱਛੋਂ ਯੂ. ਪੀ. ਏ. ਸਰਕਾਰ ਦੇ ਪ੍ਰਧਾਨ ਮੰਤਰੀ ਸਿਆਸੀ ਆਗੂ-ਕਮ-ਨੌਕਰਸ਼ਾਹ ਰਹੇ ਡਾ. ਮਨਮੋਹਨ ਸਿੰਘ ਬਣੇ। ਇਹ ਸਰਕਾਰ ਆਪਣੇ 10 ਸਾਲਾਂ ’ਚ ਘਪਲਿਆਂ ’ਚ ਡੁੱਬ ਗਈ। ਯੂ. ਪੀ. ਏ. ਤੋਂ ਦੇਸ਼ ਦੇ ਕਰੋੜਾਂ ਲੋਕ ਨਿਰਾਸ਼ ਹੋ ਚੁੱਕੇ ਸਨ।

ਪਰ ਇਤਿਹਾਸ ਪਾਸਾ ਬਦਲਦਾ ਹੈ। ਗੁਜਰਾਤ ’ਚ 12 ਸਾਲ ਸ਼ਾਨਦਾਰ ਸਰਕਾਰ ਚਲਾਉਣ ਵਾਲੇ ਨਰਿੰਦਰ ਮੋਦੀ ਨੂੰ ਭਾਜਪਾ ਦੇ ਤਤਕਾਲੀ ਪ੍ਰਧਾਨ ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਕੋਆਰਡੀਨੇਟਰ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਭਾਜਪਾ ਵੱਲੋਂ ਦੇਸ਼ ਦਾ ਭਾਵੀ ਪ੍ਰਧਾਨ ਮੰਤਰੀ ਬਣਾਉਣ ਦਾ ਪਾਰਟੀ ਵੱਲੋਂ ਐਲਾਨ ਕੀਤਾ। ਨਰਿੰਦਰ ਭਾਈ ਦਾ ਨਾਂ ਆਉਂਦਿਆਂ ਹੀ ਦੇਸ਼ ’ਚ ਇਕ ਨਵੇਂ ਸਿਆਸੀ ਯੁੱਗ ਦਾ ਸੰਚਾਰ ਹੋਇਆ। ਨਵੀਆਂ ਆਸਾਂ ਜਾਗੀਆਂ। ਆਸਾਂ ਦੀਆਂ ਨਵੀਆਂ ਕਿਰਨਾਂ ਦਿਸਣ ਲੱਗੀਆਂ। ਗੁਜਰਾਤ ਦੇ ਵਿਕਾਸ ਦੀ ਅਮਿੱਟ ਛਾਪ ਦੇਸ਼ ਨੇ ਦੇਖੀ ਸੀ। ਨਰਿੰਦਰ ਮੋਦੀ ਨੇ ਭਾਰਤ ਦਾ ਅਖੰਡ ਪ੍ਰਵਾਸ ਕਰ ਕੇ ਪੂਰੇ ਦੇਸ਼ ਦਾ ਭਰੋਸਾ ਜਿੱਤਿਆ ਅਤੇ 30 ਸਾਲ ਪਿੱਛੋਂ ਕਿਸੇ ਇਕ ਪਾਰਟੀ (ਭਾਜਪਾ) ਦੀ ਬਹੁਮਤ ਦੀ ਸਰਕਾਰ ਬਣੀ। ਕੁੱਲ ਸੀਟਾਂ ਭਾਜਪਾ ਦੀਆਂ 282 ਅਤੇ ਐੱਨ. ਡੀ. ਏ. ਦੀਆਂ 336 ਆਈਆਂ। ਉਸ ਪਿੱਛੋਂ ਪ੍ਰਧਾਨ ਮੰਤਰੀ ਇਕ ਦਿਨ ਵੀ ਨਹੀਂ ਰੁਕੇ। ਉਨ੍ਹਾਂ ਦੇ ਕਦਮ ਵਧਦੇ ਗਏ।

ਇਸ ਦਰਮਿਆਨ ਰਾਜਨਾਥ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਬਣੇ ਅਤੇ ਭਾਜਪਾ ਦੇ ਮਹਾਮੰਤਰੀ (ਜਨਰਲ ਸਕੱਤਰ) ਅਤੇ ਯੂ. ਪੀ. ਦੇ ਇੰਚਾਰਜ ਰਹੇ ਅਮਿਤ ਸ਼ਾਹ ਭਾਜਪਾ ਦੇ ਕੌਮੀ ਪ੍ਰਧਾਨ ਬਣੇ। ਸੰਗਠਨ ਦਾ ਕਾਰਜ ਸੰਭਾਲਦਿਆਂ ਹੀ ਅਮਿਤ ਭਾਈ ਨੇ ਆਪਣੇ ਅਖੰਡ ਪ੍ਰਵਾਸ ਅਤੇ ਬਹੁਤ ਸਾਰੇ ਕਾਰਜਾਂ ਅਤੇ ਪ੍ਰੋਗਰਾਮਾਂ ਨਾਲ ਪੂਰੇ ਭਾਰਤ ਵਰਸ਼ ਵਿਚ ਭਾਜਪਾ ਨੂੰ ਖੜ੍ਹਾ ਕਰ ਕੇ ਵਿਸ਼ਵ ’ਚ ਭਾਜਪਾ ਨੂੰ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਾ ਕੇ ਇਤਿਹਾਸ ਰਚਿਆ। ਹਰ ਜ਼ਿਲੇ ’ਚ ਭਾਜਪਾ ਦਫਤਰ ਸਮੇਤ 12 ਅਜਿਹੇ ਕਾਰਜ ਸੌਂਪੇ, ਜਿਨ੍ਹਾਂ ਨੇ ਭਾਜਪਾ ਦੇ ਹਰ ਜ਼ਿਲੇ ’ਚ ਹੋਣਾ ਹੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਵਿਗਿਆਨੀਆਂ ਕੋਲੋਂ ਚੰਦਰਮਾ ’ਤੇ ਤਿਰੰਗਾ ਲਹਿਰਾਇਆ, ਉਥੇ ਹੀ ਭਾਜਪਾ ਨੂੰ ਭਾਵ ਐੱਨ. ਡੀ. ਏ. ਨੂੰ ਛੇਤੀ ਹੀ ਸਿਆਸਤ ’ਚ ਐਵਰੈਸਟ ਦੀ ਚੋਟੀ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਤੱਕ ਅੱਜ ਭਾਜਪਾ ਅਤੇ ਐੱਨ. ਡੀ. ਏ. ਦਾ ਝੰਡਾ ਝੁੱਲ ਰਿਹਾ ਹੈ। ਭਾਰਤ ਨੂੰ ਪਰਿਵਾਰਵਾਦ, ਵੰਸ਼ਵਾਦ (ਕੁਨਬਾਪਰਵਰੀ) ਦੀ ਸਿਆਸਤ ਤੋਂ ਮੁਕਤੀ, ਭ੍ਰਿਸ਼ਟਾਚਾਰ ਤੋਂ ਮੁਕਤੀ ਅਤੇ ਗਰੀਬਾਂ, ਔਰਤਾਂ, ਕਿਸਾਨਾਂ, ਨੌਜਵਾਨਾਂ ਲਈ ਆਪਣੀ ਸਰਕਾਰ ਸਮਰਪਿਤ ਕਰ ਦਿੱਤੀ। ਅੱਜ ਜਿੱਥੇ ਵਿਸ਼ਵ ਭਰ ’ਚ ਮੋਦੀ ਜੀ ਦਾ ਲੋਹਾ ਮੰਨਿਆ ਜਾ ਰਿਹਾ ਹੈ, ਉਥੇ ਹੀ ਗੁਆਂਢੀ ਦੇਸ਼ ਚੀਨ ਅਤੇ ਪਾਕਿਸਤਾਨ ਨੂੰ ਦਿਖਾ ਦਿੱਤਾ ਕਿ ਜੇ ਅੱਖਾਂ ਦਿਖਾਓਗੇ ਤਾਂ ਅਸੀਂ ਅੱਖਾਂ ਨਹੀਂ ਦਿਖਾਵਾਂਗੇ, ਸਗੋਂ ਅੱਖਾਂ ਕੱਢਾਂਗੇ। ਵਿਕਾਸ ਦੇ ਇੰਨੇ ਮਾਪ ਤੈਅ ਕੀਤੇ ਕਿ ਸੰਨ 2019 ’ਚ ਇਕੱਲੀ ਭਾਜਪਾ ਨੂੰ 303 ਸੀਟਾਂ ਮਿਲੀਆਂ ਅਤੇ ਐੱਨ. ਡੀ. ਏ. ਨੂੰ ਕੁੱਲ 352 ਸੀਟਾਂ। 26 ਮਈ, 2014 ਤੋਂ ਲੈ ਕੇ ਹੁਣ ਤੱਕ ਇਕ ਦਿਨ ਵੀ ਆਰਾਮ ਨਾ ਕਰਨ ਅਤੇ ਛੁੱਟੀ ਨਾ ਮਨਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਆਪਣੀ 100 ਸਾਲਾ ਮਾਤਾ ਜੀ ਦੇ ਦਿਹਾਂਤ ਦੇ ਦਿਨ ਵੀ ਅੰਤਿਮ ਰਸਮਾਂ ਦੇ 3 ਘੰਟੇ ਬਾਅਦ ਭਾਰਤ ਮਾਤਾ ਦੇ ਰਾਸ਼ਟਰੀ ਕਾਰਜ ’ਚ ਜੁੱਟ ਗਏ। ਉਹ ਤਦ ਤੋਂ ਲੈ ਕੇ ਹੁਣ ਤੱਕ ਨਾ ਰੁਕੇ ਅਤੇ ਨਾ ਥੱਕੇ। ਇੰਨਾ ਹੀ ਨਹੀਂ, ਉਨ੍ਹਾਂ ਨੇ 10 ਸਾਲਾਂ ’ਚ ਦੀਵਾਲੀ ਉਨ੍ਹਾਂ ਫੌਜੀਆਂ ਦਰਮਿਆਨ ਜਾ ਕੇ ਮਨਾਈ ਜੋ ਸਰਹੱਦ ’ਤੇ ਭਾਰਤ ਮਾਤਾ ਦੀ ਰੱਖਿਆ ਲਈ ਘਰ-ਬਾਰ ਛੱਡ ਕੇ ਕੰਮ ਕਰਦੇ ਹਨ ਅਤੇ ਫੌਜੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਹੌਸਲੇ ਨੂੰ ਸਦਾ ਸੈਲਿਊਟ ਕਰਦੇ ਹਨ।

ਸੰਨ 2024 ਦੀਆਂ ਇਹ ਪਹਿਲੀਆਂ ਲੋਕ ਸਭਾ ਚੋਣਾਂ ਹਨ ਜਿੱਥੇ ਦੇਸ਼ ਦੀ ਕਰੋੜਾਂ ਜਨਤਾ ਹੀ ਨਹੀਂ, ਦੱਬੇ ਸ਼ਬਦਾਂ ’ਚ ਸਾਰੇ ਵਿਰੋਧੀ ਕਹਿ ਰਹੇ ਹਨ ਕਿ ਤੀਜੀ ਵਾਰ ਭਾਜਪਾ ਸਰਕਾਰ ਬਣੇਗੀ ਅਤੇ ਮੋਦੀ ਜੀ ਫਿਰ ਤੋਂ ਤੀਜੀ ਵਾਰ ਪ੍ਰਧਾਨ ਮੰਤਰੀ। ਆਪਣੀ 44ਵੀਂ ਵਰ੍ਹੇਗੰਢ ’ਤੇ ਭਾਜਪਾ ਮੁੜ ਤੀਜੀ ਵਾਰ ਆਏਗੀ, ਕਮਲ ਖਿੜੇਗਾ।

ਜਨਸੰਘ ਦੇ ਜ਼ਮਾਨੇ ’ਚ ਚੋਣ ਮਨੋਰਥ ਪੱਤਰ ’ਚ ਜੋ ਗੱਲਾਂ ਅੱਜ ਤੱਕ ਕਹੀਆਂ ਜਾ ਰਹੀਆਂ ਹਨ, ਮੋਦੀ ਜੀ ਨੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਕ ਪਲ ਵੀ ਨਹੀਂ ਗੁਆਇਆ। ਅੱਜ ਵਿਸ਼ਵ ਉਨ੍ਹਾਂ ਦਾ ਲੋਹਾ ਮੰਨ ਰਿਹਾ ਹੈ। ਉਨ੍ਹਾਂ ਨੇ 2024 ’ਚ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਪਿੱਛੋਂ ਆਗਾਮੀ 5 ਸਾਲ ਅਤੇ 2047 ਤੱਕ ਭਾਰਤ ਨੂੰ ਵਿਸ਼ਵ ’ਚ ਸਰਬੋਤਮ ਸਥਾਨ ’ਤੇ ਲੈ ਜਾਣ ਦਾ ਸਵੈ-ਭਰੋਸਾ ਦਿਖਾਇਆ ਹੈ।

ਪ੍ਰਭਾਤ ਝਾ (ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ)


author

Rakesh

Content Editor

Related News