ਪਟਿਆਲਾ ’ਚ ਬਰਡ ਫਲੂ ਦੀ ਐਂਟਰੀ, ਪਿੰਡ ਰੱਖੜਾ ਨੇੜੇ ਮਿਲੀਆਂ ਸੈਂਕੜੇ ਮਰੀਆਂ ਮੁਰਗੀਆਂ
Wednesday, Jan 13, 2021 - 12:53 PM (IST)
ਪਟਿਆਲਾ/ਰੱਖੜਾ, (ਬਲਜਿੰਦਰ, ਰਾਣਾ)- ਬਰਡ ਫਲੂ ਦੀ ਚਰਚਾ ਲਗਾਤਾਰ ਮੀਡੀਆ ’ਚ ਬਣੀ ਹੋਈ ਹੈ। ਅੱਜ ਇਸ ਦੀ ਆਹਟ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲ੍ਹੇ ’ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੰਡ ਰੱਖੜਾ ਨੇੜੇ ਦਿਨ-ਦਿਹਾੜੇ ਕੋਈ ਅਣਪਛਾਤਾ ਵਿਅਕਤੀ ਸੈਂਕੜੇ ਮਰੀਆਂ ਹੋਈਆਂ ਮੁਰਗੀਆਂ ਸੁੱਟ ਕੇ ਫਰਾਰ ਹੋ ਗਿਆ। ਜਿਵੇਂ ਹੀ ਇਹ ਖਬਰ ਪਿੰਡ ਅਤੇ ਆਸਪਾਸ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਇਲਾਕੇ ’ਚ ਦਹਿਸ਼ਤ ਫੈਲ ਗਈ। ਨਵਾਂ ਰੱਖੜਾ ਪਿੰਡ ਦੀ ਪੰਚਾਇਤ ਨੇ ਫੌਰੀ ਤੌਰ ’ਤੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ’ਤੇ ਇਲਾਕੇ ਦੀ ਵੈਟਰਨਰੀ ਡਾਕਟਰ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਮੁਰਗੀਆਂ ਕਿਸ ਕਾਰਣ ਮਰੀਆਂ ਹਨ ਪਰ ਜਿਸ ਤਰ੍ਹਾਂ ਬਰਡ ਫਲੂ ਆਉਣ ਦੀ ਗੱਲ ਕਹੀ ਜਾ ਰਹੀ ਹੈ, ਉਸ ਨਾਲ ਇਸ ਤਰ੍ਹਾਂ ਅਚਾਨਕ ਸੈਂਕੜੇ ਮੁਰਗੀਆਂ ਦਾ ਮਰਨਾ ਅਤੇ ਜੋ ਵੀ ਇਨ੍ਹਾਂ ਮ੍ਰਿਤਕ ਮੁਰਗੀਆਂ ਦਾ ਪਾਲਕ ਹੋਵੇਗਾ, ਉਸ ਵੱਲੋਂ ਚੁੱਪ-ਚਪੀਤੇ ਇਸ ਤਰ੍ਹਾਂ ਸੜਕ ਕਿਨਾਰੇ ਸੈਂਕੜੇ ਮੁਰਗੀਆਂ ਨੂੰ ਸੁੱਟ ਜਾਣ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਸ਼ਾਮ ਤੱਕ ਭਾਵੇਂ ਹੀ ਸਿਹਤ ਵਿਭਾਗ ਨੇ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਬਰਡ ਫਲੂ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਨਜ਼ਰ ਆ ਰਿਹਾ ਹੈ।
ਇੱਧਰ ਨਵਾਂ ਪਿੰਡ ਰੱਖੜਾ ਦੇ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਕੁਤਾਹੀ ਕਰਨ ਵਾਲੇ ਵਿਅਕਤੀ ਨੂੰ ਲੱਭ ਕੇ ਉਸ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਇਹ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਲੋਕ ਪਹਿਲਾਂ ਹੀ ਕੋਰੋਨਾ ਦੀ ਮਾਰ ਤੋਂ ਸਹਿਮੇ ਹੋਏ ਹਨ। ਉੱਪਰੋਂ ਇਸ ਤਰ੍ਹਾਂ ਦੀ ਕਾਰਵਾਈ ਹੋਣਾ ਵੱਡਾ ਡਰ ਪੈਦਾ ਕਰਨ ਵਾਲਾ ਹੈ। ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਕਰ ਕੇ ਜਿੱਥੇ ਇਹ ਲਾਪ੍ਰਵਾਹੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ, ਉਥੇ ਇਨ੍ਹਾਂ ਮੁਰਗੀਆਂ ਨੂੰ ਡਿਸਪਾਜ਼ ਆਫ ਕਰ ਕੇ ਆਸਪਾਸ ਦੇ ਇਲਾਕੇ ’ਚ ਸਾਵਧਾਨੀ ਲਈ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।
ਪਟਿਆਲਾ ਜ਼ਿਲ੍ਹੇ ’ਚ ਇਕੱਠੀਆਂ ਇੰਨੀਆਂ ਮੁਰਗੀਆਂ ਮਰਨ ਦਾ ਪਹਿਲਾ ਕੇਸ
ਬਰਡ ਫਲੂ ਦੀ ਆਹਟ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਇਕੱਠੇ ਇੰਨੀਆਂ ਮੁਰਗੀਆਂ ਦੇ ਮਰੇ ਹੋਏ ਪਾਏ ਜਾਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ ਇਹੀ ਕਿਹਾ ਜਾਂਦਾ ਰਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ। ਹੁਣ ਇਕੱਠੇ ਇੰਨੀਆਂ ਮੁਰਗੀਆਂ ਮਰ ਜਾਣ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਕੀ ਆਖਰ ਕਿਹੜੇ ਪੋਲਟਰੀ ਫਾਰਮ ’ਚ ਇਹ ਮੁਰਗੀਆਂ ਮਰੀਆਂ ਅਤੇ ਉਥੋਂ ਕਿੱਥੇ-ਕਿੱਥੇ ਮੁਰਗੀਆਂ ਦੀ ਸਪਲਾਈ ਕੀਤੀ, ਆਦਿ ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਨੂੰ ਇਨ੍ਹਾਂ ਮੁਰਗੀਆਂ ਨਾਲ ਜੋੜ ਕੇ ਸੋਚਿਆ ਜਾਵੇ ਤਾਂ ਇਹ ਆਮ ਗੱਲ ਨਾ ਹੋ ਕੇ ਇਕ ਵੱਡਾ ਸਵਾਲ ਹੈ। ਇਸ ’ਤੇ ਫੌਰੀ ਤੌਰ ’ਤੇ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਨੂੰ ਧਿਆਨ ਦੇਣ ਦੀ ਲੋੜ ਹੈ।