ਨਹਿਰੀ ਪਾਣੀ ਨਾ ਪਹੁੰਚਣ ਅਤੇ ਬਿੱਲਾਂ ਤੇ ਬੱਸ ਕਿਰਾਏ ’ਚ ਵਾਧੇ ਖਿਲਾਫ ਦਿੱਤਾ ਧਰਨਾ

Wednesday, Jun 27, 2018 - 06:29 AM (IST)

ਨਹਿਰੀ ਪਾਣੀ ਨਾ ਪਹੁੰਚਣ ਅਤੇ ਬਿੱਲਾਂ ਤੇ ਬੱਸ ਕਿਰਾਏ ’ਚ ਵਾਧੇ ਖਿਲਾਫ ਦਿੱਤਾ ਧਰਨਾ

ਖਡੂਰ ਸਹਿਬ,   (ਕੁਲਾਰ)-  ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਨਹਿਰੀ ਪਾਣੀ  ਨਾ ਪਹੁੰਚਣ ਵਿਰੁੱਧ ਨਾਗੋਕੇ ਘਰਾਟਾਂ ’ਤੇ ਧਰਨਾ ਲਾਇਆ ਅਤੇ ਰੋਸ-ਮੁਜ਼ਾਹਰਾ ਕੀਤਾ ਗਿਆ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਨਰਿੰਦਰ ਸਿੰਘ ਤੁਡ਼, ਬੇਅੰਤ ਸਿੰਘ ਵੇਈਂਪੁਈਂ ਆਦਿ ਆਗੂਆਂ ਨੇ ਕੀਤੀ। ਇਸ ਸਮੇਂ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਤਹਿਸੀਲ ਸਕੱਤਰ ਮਨਜੀਤ ਸਿੰਘ ਬੱਗੂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲਾ ਪ੍ਰਧਾਨ ਸਲੱਖਣ ਸਿੰਘ ਤੁਡ਼ ਨੇ ਕਿਹਾ ਕਿ ਸਰਕਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਏ. ਸੀ. ਕਮਰਿਆਂ ’ਚ ਬੈਠੇ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਲਾਉਣ ਅਤੇ ਹੋਰ ਫਸਲਾਂ ਬੀਜਣ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ। ਨਹਿਰੀ ਪ੍ਰਬੰਧ ਅਤੇ ਨਹਿਰੀ ਮਹਿਕਮੇ ਦਾ ਭੱਠਾ ਬੈਠ ਚੁੱਕਾ ਹੈ। ਮੋਘਿਆਂ ’ਚ ਪਾਣੀ ਨਹੀਂ ਪਹੁੰਚ ਰਿਹਾ। ਨਹਿਰਾਂ ਪਾਣੀ ਢਾਉਣ ਦੀ ਸਮਰੱਥਾ ਗਵਾ ਚੁੱਕੀਆਂ ਹਨ। ਖਾਲ ਪਾਣੀ ਨਾ ਆਉਣ ਕਾਰਨ ਖਤਮ ਹੁੰਦੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਨਹਿਰੀ ਪਾਣੀ ਤੁਰੰਤ ਟੇਲਾਂ ਤੱਕ ਪਹੁੰਚਾਉਣ ਅਤੇ ਟੁੱਟ ਚੁੱਕੇ ਨਹਿਰੀ ਪ੍ਰਬੰਧ ਦੀ ਮੁਡ਼ ਉਸਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗਬਹਾਦਰ ਸਿੰਘ ਤੁਡ਼, ਪ੍ਰਗਟ ਸਿੰਘ ਫੈਲੋਕੇ, ਤਰਸੇਮ ਸਿੰਘ ਢੋਟੀਆ, ਬਖਸ਼ੀਸ਼ ਸਿੰਘ, ਸਲੱਖਣ ਸਿੰਘ ਆਦਿ ਹਾਜ਼ਰ ਸਨ।
ਪੱਟੀ, (ਸੋਢੀ)- ਜਮਹੂਰੀ ਕਿਸਾਨ ਸਭਾ ਪੱਟੀ ਵੱਲੋਂ ਬਲਦੇਵ ਸਿੰਘ ਅਹਿਮਦਪੁਰਾ ਦੀ ਅਗਵਾਈ ਹੇਠ ਪੱਟੀ ਐਕਸੀਅਨ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਦਲਜੀਤ ਸਿੰਘ ਦਿਆਲਪੁਰਾ, ਨਿਰਪਾਲ ਸਿੰਘ ਜੋਣੇਕੇ ਅਤੇ ਹਰਭਜਨ ਸਿੰਘ ਚੂਸਲੇਵਡ਼ ਨੇ ਕਿਹਾ ਕਿ ਸਰਕਾਰ ਨੂੰ ਦਿਹਾਤੀ ਖਪਤਕਾਰਾਂ ਦੇ ਬਿੱਲਾਂ ਵਿਚ 2  ਫੀਸਦੀ  ਤੇ ਬੱਸ ਕਿਰਾਏ ’ਚ ਵਾਧਾ ਕਰ ਕੇ ਮਹਿੰਗਾਈ ਦੀ ਚੱਕੀ ’ਚ ਪਿਸ ਰਹੇ ਕਿਸਾਨ, ਮਜ਼ਦੂਰਾਂ ਤੇ ਗਰੀਬਾਂ ਨੂੰ ਹੋਰ ਮਹਿੰਗਾਈ ਦੀ ਖੱਡ ’ਚ ਧੱਕ ਦਿੱਤਾ ਹੈ। ਸਡ਼ੇ ਟਰਾਂਸਫਾਰਮਰਾਂ ਨੂੰ ਬਦਲਣ ਲਈ 48 ਘੰਟਿਅਾਂ ਦੀ ਥਾਂ 96 ਘੰਟੇ ਉਡੀਕਣਾ ਪੈ ਰਿਹਾ ਹੈ ਅਤੇ ਆਪਣੀ ਜਾਨ ਖਤਰੇ ’ਚ ਪਾ ਕੇ ਪਿਆ ਨੁਕਸ ਵੀ ਆਪ  ਹਾ ਠੀਕ ਕਰਨਾ ਪੈਂਦਾ ਹੈ। ਢਿੱਲੀਆਂ ਤਾਰਾਂ ਲੋਕਾਂ ਦੀ ਜਾਨ ਦਾ ਖੋਹ ਬਣੀਆਂ  ਪਈਅਾਂ ਹਨ। ਇਸੇ ਦਾ ਸ਼ਿਕਾਰ ਪਿੰਡ ਜੋਣੇਕੇ ਦਾ ਇਕੱਲਾ ਬੇਟਾ ਨੀਵੀਆਂ ਤਾਰਾਂ ਦਾ ਕਰੰਟ ਲੱਗਣ ਨਾਲ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ।
ਇਕੱਠ ਨੇ ਮੰਗ ਕੀਤੀ ਕਿ ਮੁਲਜ਼ਮ ਅਫਸਰ ’ਤੇ ਕੇਸ ਦਰਜ ਕੀਤਾ ਜਾਵੇ। ਨਿਰਮਾਣ ਯੂਨੀਅਨ ਦੇ ਆਗੂ ਧਰਮ ਸਿੰਘ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਆਖਿਆ ਕਿ ਮਜ਼ਦੂਰਾਂ ਨੂੰ ਸਾਲ ’ਚ 2400 ਯੂਨਿਟ ਮੁਆਫ ਕੀਤੇ  ਗਏ ਸਨ ਅਤੇ ਸਰਕਾਰ ਨੇ ਉਨ੍ਹਾਂ ਦੇ ਬਿੱਲ ਉਗਰਾਹੁਣ ਦਾ ਨਵਾਂ ਢੰਗ ਕੱਢ ਲਿਆ ਹੈ। ਕਿਸਾਨਾਂ ਵੱਲੋਂ ਕਿਹਾ  ਕਿ ਜਰਨੈਲ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਦਿਲਬਾਗ ਸਿੰਘ, ਪੂਰਨ ਸਿੰਘ, ਜਗਤਾ ਸਿੰਘ, ਧਰਮ ਸਿੰਘ, ਜਗੀਰ ਸਿੰਘ, ਭਾਗ ਸਿੰਘ  ਤੇ ਕੁਲਵੰਤ ਸਿੰਘ ਨੇ ਮੰਗ ਕੀਤੀ ਕਿ ਲੋਡ ਵਧਾਉਣ ਦਾ ਪ੍ਰਤੀ ਟਰਾਂਸਫਾਰਮਰ 1200 ਲਿਆ ਜਾਵੇ ਅਤੇ ਸਾਰਾ ਸਾਲ ਚਾਲੂ ਰੱਖੀ ਜਾਵੇ, ਹਿਟਲਰਸ਼ਾਹੀ ਨਾਲ ਕਿਸਾਨਾਂ ’ਤੇ ਕੀਤੇ ਜਾ ਰਹੇ ਜੁਰਮਾਨੇ ਰੱਦ ਕੀਤੇ ਜਾਣ ਅਤੇ ਬਾਕੀ ਰਹਿੰਦੇ ਕਿਸਾਨਾਂ ਦੇ ਕੁਨੈਕਸ਼ਨ ਜਾਰੀ ਕੀਤੇ ਜਾਣ।


Related News