ਕੇਂਦਰ ਸਰਕਾਰ ਨੇ ਸੱਤਾ ਦੇ ਘਮੰਡ ‘ਚ ਮਨਰੇਗਾ ‘ਤੇ ਚਲਾ ਦਿੱਤਾ ਬੁਲਡੋਜ਼ਰ : ਪਵਨ ਗੋਇਲ

Tuesday, Dec 23, 2025 - 06:38 PM (IST)

ਕੇਂਦਰ ਸਰਕਾਰ ਨੇ ਸੱਤਾ ਦੇ ਘਮੰਡ ‘ਚ ਮਨਰੇਗਾ ‘ਤੇ ਚਲਾ ਦਿੱਤਾ ਬੁਲਡੋਜ਼ਰ : ਪਵਨ ਗੋਇਲ

ਜੈਤੋ (ਰਘੁਨੰਦਨ ਪਰਾਸ਼ਰ) : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਖ਼ਤਮ ਕਰਕੇ ਉਸ ਦੀ ਥਾਂ ਵੀਬੀ-ਜੀ ਰਾਮ ਜੀ ਕਾਨੂੰਨ ਲਾਗੂ ਕਰਨ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਇਸ ਫ਼ੈਸਲੇ ਨੂੰ “ਗ੍ਰਾਮੀਣ ਭਾਰਤ, ਗਰੀਬ ਮਜ਼ਦੂਰਾਂ ਅਤੇ ਸੰਵਿਧਾਨ ਦੀਆਂ ਮੂਲ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼” ਕਰਾਰ ਦਿੱਤਾ। ਪਵਨ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਦੇ ਘਮੰਡ ‘ਚ ਆ ਕੇ ਇਕ ਝਟਕੇ ਨਾਲ ਮਨਰੇਗਾ ਦੀਆਂ 20 ਸਾਲਾਂ ਦੀਆਂ ਇਤਿਹਾਸਕ ਉਪਲੱਬਧੀਆਂ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਉਨ੍ਹਾਂ ਦੋ ਟੋਕ ਸ਼ਬਦਾਂ ‘ਚ ਕਿਹਾ ਕਿ ਵੀਬੀ-ਜੀ ਰਾਮ ਜੀ ਨੂੰ ਮਨਰੇਗਾ ਦਾ ਪੁਨਰਗਠਨ ਦੱਸਣਾ ਲੋਕਾਂ ਨਾਲ ਧੋਖਾ ਹੈ। ਇਹ ਕਾਨੂੰਨ ਅਧਿਕਾਰ-ਆਧਾਰਿਤ ਅਤੇ ਮੰਗ ‘ਤੇ ਮਿਲਣ ਵਾਲੀ ਰੋਜ਼ਗਾਰ ਗਾਰੰਟੀ ਨੂੰ ਖ਼ਤਮ ਕਰਦਾ ਹੈ ਅਤੇ ਉਸਨੂੰ ਦਿੱਲੀ ਤੋਂ ਚਲਾਈ ਜਾਣ ਵਾਲੀ ਸੀਮਿਤ ਤੇ ਮਨਮਰਜ਼ੀ ਯੋਜਨਾ ‘ਚ ਬਦਲ ਦਿੰਦਾ ਹੈ।

ਉਨ੍ਹਾਂ ਆਖਿਆ ਕਿ ਇਹ ਸਿਰਫ਼ ਇਕ ਯੋਜਨਾ ਨਹੀਂ ਖੋਹੀ ਗਈ, ਸਗੋਂ ਪਿੰਡਾਂ ਤੋਂ ਆਤਮ-ਸਨਮਾਨ, ਰਾਜਾਂ ਤੋਂ ਅਧਿਕਾਰ ਅਤੇ ਮਜ਼ਦੂਰਾਂ ਤੋਂ ਉਨ੍ਹਾਂ ਦੀ ਆਵਾਜ਼ ਖੋਹਣ ਦੀ ਕੋਸ਼ਿਸ਼ ਹੈ। ਗੋਇਲ ਨੇ ਕਿਹਾ ਕਿ ਮਨਰੇਗਾ ਨੇ ਗ੍ਰਾਮੀਣ ਮਜ਼ਦੂਰਾਂ ਨੂੰ ਮੋਲ-ਭਾਵ ਦੀ ਤਾਕਤ, ਬਿਹਤਰ ਮਜ਼ਦੂਰੀ ਅਤੇ ਸਨਮਾਨਜਨਕ ਜੀਵਨ ਦਿੱਤਾ। ਇਸ ਨਾਲ ਪਲਾਇਨ ਰੁਕਿਆ ਅਤੇ ਪਿੰਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ। ਇਹੀ ਆਤਮਨਿਰਭਰ ਪਿੰਡ ਭਾਜਪਾ ਸਰਕਾਰ ਨੂੰ ਬਰਦਾਸ਼ਤ ਨਹੀਂ, ਇਸ ਲਈ ਮਨਰੇਗਾ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ। ਪਵਨ ਗੋਇਲ ਨੇ ਕਿਹਾ ਕਿ ਮਨਰੇਗਾ ‘ਚ ਹਰ ਸਾਲ 50 ਫ਼ੀਸਦੀ ਤੋਂ ਵੱਧ ਭਾਗੀਦਾਰੀ ਮਹਿਲਾਵਾਂ ਦੀ ਰਹੀ ਹੈ ਪਰ ਜਦੋਂ ਰੋਜ਼ਗਾਰ ਯੋਜਨਾਵਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮਹਿਲਾਵਾਂ, ਦਲਿਤ, ਆਦਿਵਾਸੀ, ਬੇਜ਼ਮੀਨ ਮਜ਼ਦੂਰ ਅਤੇ ਗਰੀਬ ਓਬੀਸੀ ਵਰਗ ਬਾਹਰ ਕਰ ਦਿੱਤੇ ਜਾਂਦੇ ਹਨ। ਇਹ ਕਾਨੂੰਨ ਸਮਾਜਿਕ ਨਿਆਂ ਨਹੀਂ, ਸਮਾਜਿਕ ਬਹਿਸ਼ਕਾਰ ਦੀ ਨੀਤੀ ਹੈ।

ਕੋਵਿਡ ਦੌਰਾਨ ਜੀਵਨ ਰੇਖਾ ਸੀ ਮਨਰੇਗਾ

ਉਨ੍ਹਾਂ ਯਾਦ ਦਿਵਾਇਆ ਕਿ ਕੋਵਿਡ ਮਹਾਮਾਰੀ ਦੌਰਾਨ, ਜਦੋਂ ਪੂਰੀ ਅਰਥਵਿਵਸਥਾ ਡਗਮਗਾ ਗਈ ਸੀ, ਉਦੋਂ ਮਨਰੇਗਾ ਨੇ ਕਰੋੜਾਂ ਪਰਿਵਾਰਾਂ ਨੂੰ ਭੁੱਖ, ਕਰਜ਼ੇ ਅਤੇ ਭੁੱਖਮਰੀ ਤੋਂ ਬਚਾਇਆ। ਅੱਜ ਉਸੇ ਸੁਰੱਖਿਆ ਕਵਚ ਨੂੰ ਬੇਰਹਮੀ ਨਾਲ ਖੋਹਿਆ ਜਾ ਰਿਹਾ ਹੈ।

ਸੰਸਦ ਦੀ ਮਰਿਆਦਾ ਦਰੜੀ

ਪਵਨ ਗੋਇਲ ਨੇ ਇਸ ਕਾਨੂੰਨ ਨੂੰ ਸੰਸਦ ‘ਚ ਸਥਾਈ ਕਮੇਟੀ ਦੀ ਸਮੀਖਿਆ ਅਤੇ ਜਨਤਕ ਚਰਚਾ ਤੋਂ ਬਿਨਾਂ ਜ਼ਬਰਦਸਤੀ ਪਾਸ ਕਰਨ ‘ਤੇ ਵੀ ਸਖ਼ਤ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਜੋ ਕਾਨੂੰਨ ਕਰੋੜਾਂ ਗ੍ਰਾਮੀਣ ਮਜ਼ਦੂਰਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦਾ ਹੋਵੇ, ਉਸਨੂੰ ਬਿਨਾਂ ਵਿਦਵਾਨੀ ਸਲਾਹ ਪਾਸ ਕਰਨਾ ਲੋਕਤੰਤਰ ਦਾ ਅਪਮਾਨ ਅਤੇ ਸੰਵਿਧਾਨ ਦੀ ਆਤਮਾ ‘ਤੇ ਵਾਰ ਹੈ। ਅੰਤ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਦਾਅਵਾ ਕੀਤਾ ਕਿ ਮਨਰੇਗਾ ਦੁਨੀਆ ਦੀਆਂ ਸਭ ਤੋਂ ਕਾਮਯਾਬ ਗਰੀਬੀ ਉਨਮੂਲਨ ਯੋਜਨਾਵਾਂ ‘ਚੋਂ ਇਕ ਹੈ ਅਤੇ ਕਾਂਗਰਸ ਪਾਰਟੀ ਗ੍ਰਾਮੀਣ ਗਰੀਬਾਂ, ਮਹਿਲਾਵਾਂ ਅਤੇ ਵੰਚਿਤ ਵਰਗਾਂ ਦੀ ਆਖ਼ਰੀ ਢਾਲ ਨੂੰ ਖ਼ਤਮ ਨਹੀਂ ਹੋਣ ਦੇਵੇਗੀ।


author

Gurminder Singh

Content Editor

Related News