ਡਾਇਗਨੋਜ਼ ਸੈਂਟਰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, DC ਨੇ ਪ੍ਰਮੁੱਖ ਸਕੱਤਰ ਨੂੰ ਲਿਖਿਆ ਪੱਤਰ

Thursday, Jul 31, 2025 - 05:06 PM (IST)

ਡਾਇਗਨੋਜ਼ ਸੈਂਟਰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, DC ਨੇ ਪ੍ਰਮੁੱਖ ਸਕੱਤਰ ਨੂੰ ਲਿਖਿਆ ਪੱਤਰ

ਬਠਿੰਡਾ (ਵਰਮਾ) : ਸਿਵਲ ਹਸਪਤਾਲ ਦੇ ਪਿੱਛੇ ਸਰਕਾਰੀ ਜਗ੍ਹਾ 'ਤੇ ਖੋਲ੍ਹੇ ਗਏ ਇਕ ਡਾਇਗਨੋਜ਼ ਸੈਂਟਰ ਵਲੋਂ ਗਰੀਬ ਮਰੀਜ਼ਾਂ ਦੀ ਸਿਟੀ ਅਤੇ ਐੱਮ. ਆਰ. ਆਈ. ਸਕੈਨ ਲਈ ਵੱਧ ਪੈਸੇ ਵਸੂਲੇ ਜਾਂਦੇ ਸਨ। ਇਸ ਤੋਂ ਇਲਾਵਾ ਡਾਕਟਰ ਤੋਂ ਬਿਨਾਂ ਗਲਤ ਰਿਪੋਰਟਾਂ ਬਣਾਈਆਂ ਜਾਂਦੀਆਂ ਸਨ। ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਨੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਲਈ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਉਪਰੋਕਤ ਖ਼ੁਲਾਸਾ ਕਰਦੇ ਹੋਏ ਡਾ. ਗਜੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਉਨ੍ਹਾਂ ਨੇ ਅਪ੍ਰੈਲ 2025 'ਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਭੇਜੀ ਸੀ ਅਤੇ ਦੱਸਿਆ ਸੀ ਕਿ ਸਿਵਲ ਹਸਪਤਾਲ ਦੇ ਪਿੱਛੇ ਸਰਕਾਰੀ ਜਗ੍ਹਾ 'ਤੇ ਬਣਿਆ ਉਕਤ ਡਾਇਗਨੋਜ਼ ਸੈਂਟਰ ਸਿਟੀ ਅਤੇ ਐੱਮ. ਆਰ. ਆਈ. ਸਕੈਨ ਲਈ ਸਰਕਾਰੀ ਰੇਟ ਤੋਂ ਵੱਧ ਪੈਸੇ ਵਸੂਲਦਾ ਹੈ ਅਤੇ ਜ਼ਿਆਦਾਤਰ ਸਿਟੀ ਅਤੇ ਐੱਮ. ਆਰ. ਆਈ. ਸਕੈਨ ਰਿਪੋਰਟਾਂ ਕਿਸੇ ਰੇਡੀਓਲੋਜਿਸਟ ਵਲੋਂ ਤਿਆਰ ਨਹੀਂ ਕੀਤੀਆਂ ਜਾਂਦੀਆਂ, ਸਗੋਂ ਦੂਰ ਬੈਠੇ ਇੱਕ ਰੇਡੀਓਲੋਜਿਸਟ ਡਾਕਟਰ ਵਲੋਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ, ਜੋ ਕਿ ਅਕਸਰ ਗਲਤ ਪਾਈਆਂ ਜਾਂਦੀਆਂ ਹਨ।

ਕੈਂਸਰ ਟੈਸਟ ਕਰਵਾਉਣ ਤੋਂ ਬਾਅਦ ਇੱਕ ਔਰਤ ਨੂੰ ਹਰਨੀਆ ਦਾ ਪਤਾ ਲੱਗਿਆ, ਜਿਸ ਕਾਰਨ ਕੁੱਝ ਸਮੇਂ ਬਾਅਦ ਔਰਤ ਦੀ ਕੈਂਸਰ ਨਾਲ ਮੌਤ ਹੋ ਗਈ। ਏ. ਡੀ. ਸੀ. ਪੂਨਮ ਸਿੰਘ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਏ. ਡੀ. ਸੀ. ਪੂਨਮ ਸਿੰਘ ਨੇ ਆਪਣੀ ਜਾਂਚ 'ਚ ਕਿਹਾ ਕਿ ਡਾਕਟਰ ਪੰਜਾਬ ਮੈਡੀਕਲ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਰਿਪੋਰਟ ਸਿਵਲ ਸਰਜਨ ਕਮ ਜ਼ਿਲ੍ਹਾ ਸਮਰੱਥ ਅਧਿਕਾਰੀ ਵਲੋਂ ਹੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਪਰ ਉਕਤ ਕੇਂਦਰ 'ਚ 80 ਫ਼ੀਸਦੀ ਤੋਂ ਵੱਧ ਰਿਪੋਰਟਾਂ ਗੈਰ-ਕਾਨੂੰਨੀ ਡਾਕਟਰਾਂ ਵਲੋਂ ਗਲਤ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ।

ਡਾਇਗਨੋਜ਼ ਸੈਂਟਰ ਦੇ ਅਧਿਕਾਰੀ ਨੇ ਜਾਂਚ 'ਚ ਹਿੱਸਾ ਲਿਆ ਅਤੇ ਏ. ਡੀ. ਸੀ. ਨੂੰ ਦੱਸਿਆ ਕਿ ਸਾਡੇ ਕੋਲ ਇੱਕ ਰੇਡੀਓਲੋਜਿਸਟ ਮੌਜੂਦ ਹੈ, ਹਾਲਾਂਕਿ ਉਹ ਇਸ ਤੱਥ ਨੂੰ ਸਾਬਤ ਕਰਨ ਲਈ ਏ. ਡੀ. ਸੀ. ਨੂੰ ਕੋਈ ਸੀ. ਸੀ. ਟੀ. ਵੀ. ਫੁਟੇਜ ਪੇਸ਼ ਨਹੀਂ ਕਰ ਸਕਿਆ। ਏ. ਡੀ. ਸੀ. ਦੀ ਰਿਪੋਰਟ ਵਿੱਚ ਜ਼ਿਆਦਾ ਚਾਰਜਿੰਗ ਦੇ ਦੋਸ਼ ਵੀ ਸੱਚ ਪਾਏ ਗਏ। ਇਸ ਮੌਕੇ ਉਨ੍ਹਾਂ ਨਾਲ ਆਈ. ਐੱਮ. ਏ. ਪੰਜਾਬ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਅਤੇ ਆਰ. ਟੀ. ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ, ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣਗੇ।


author

Babita

Content Editor

Related News