ਫ਼ਿਰੋਜ਼ਪੁਰ ''ਚ ਵੱਡਾ ਧਮਾਕਾ: ਘਰ ਦੀ ਉੱਡ ਗਈ ਛੱਤ, ਸਹਿਮ ਗਿਆ ਸਾਰਾ ਇਲਾਕਾ
Friday, Oct 17, 2025 - 09:38 PM (IST)

ਫ਼ਿਰੋਜ਼ਪੁਰ (ਸੰਨੀ ਚੋਪੜਾ) - ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮਮਦੋਟ ਦੇ ਪਿੰਡ ਕੜਮਾ ‘ਚ ਇੱਕ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ ਘਰ ਦੇ ਅੰਦਰ ਪਈ ਪੌਟਾਸ਼ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕਾ ਇੰਨਾ ਵੱਡਾ ਸੀ ਕਿ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ।
ਧਮਾਕੇ ‘ਚ ਦੁਕਾਨਦਾਰ ਪਤੀ-ਪਤਨੀ ਦੋਵੇਂ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਝੁਲਸੀ ਹੋਈ ਪਤਨੀ ਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਦਕਿ ਪਤੀ ਦਾ ਇਲਾਜ ਸਥਾਨਕ ਸਿਹਤ ਕੇਂਦਰ ‘ਚ ਚਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਮਦੋਟ ਦੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ। ਪੁਲਸ ਨੇ ਧਮਾਕੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੌਟਾਸ਼ ਘਰ ਵਿੱਚ ਕਿਸ ਮਕਸਦ ਲਈ ਰੱਖੀ ਗਈ ਸੀ।
ਇਸ ਧਮਾਕੇ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ, ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਰਸਾਇਣਕ ਚੀਜ਼ਾਂ ਨੂੰ ਘਰਾਂ ਵਿੱਚ ਰੱਖਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।