Year Ender : ਇਨ੍ਹਾਂ ਪਰਿਵਾਰਾਂ ਨੂੰ ਖੂਨ ਦੇ ਹੰਝੂ ਰੁਆ ਗਿਆ 2021, ਵਾਪਰੇ ਹਾਦਸਿਆਂ ਨੇ ਵਿਛਾ ਦਿੱਤੇ ਸੱਥਰ
Friday, Dec 31, 2021 - 06:26 PM (IST)
ਜਲੰਧਰ (ਵੈੱਬ ਡੈਸਕ) : ਸਾਲ 2021 ਆਪਣੇ ਆਖਰੀ ਪੜਾਅ ’ਤੇ ਹੈ। ਨਵੇਂ ਵਰ੍ਹੇ 2022 ਦੀ ਆਮਦ ਲਈ ਦੁਨੀਆ ਭਰ ਵਿਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਜਿੱਥੇ 2021 ਕਾਫੀ ਚੁਣੌਤੀਆਂ ਭਰਿਆ ਰਿਹਾ, ਉਥੇ ਹੀ ਇਸ ਵਰ੍ਹੇ ਕਈ ਅਜਿਹੇ ਹਾਦਸੇ ਵੀ ਵਾਪਰੇ, ਜਿਹੜੇ ਪੀੜਤ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਜ਼ਖਮ ਦੇ ਗਏ। ਇਨ੍ਹਾਂ ਹਾਦਸਿਆਂ ਨੇ ਜਿੱਥੇ ਕਈ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦਿੱਤੀ, ਉਥੇ ਹੀ ਕਿਸੇ ਦੇ ਸਿਰੋਂ ਪਤੀ-ਪਤਨੀ, ਭੈਣ-ਭਰਾ ਤਾਂ ਕਿਸੇ ਸਰ੍ਹੋਂ ਮਾਂ-ਪਿਓ ਦਾ ਸਾਇਆ ਚੁੱਕ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼
ਨਵ-ਵਿਆਹੇ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ
ਮੋਗਾ : ਮੋਗਾ-ਲੁਧਿਆਣਾ ਹਾਈਵੇਅ ਨੇੜੇ ਦਰਦਨਾਕ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਮੋਗਾ ਦੇ ਪਿੰਡ ਮੇਹਨਾ ਕੋਲ ਸਕਾਰਪੀਓ ਗੱਡੀ ਅਤੇ ਇੰਡੀਕਾ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਣ ਵਾਪਰਿਆ, ਜਿਸ 'ਚ ਨਵ-ਵਿਆਹੇ ਜੋੜੇ ਸਣੇ ਤਿੰਨ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਹਾਦਸੇ ’ਚ ਮਾਰੇ ਗਏ ਪਤੀ-ਪਤਨੀ ਸਮੇਤ ਬਜ਼ੁਰਗ ਮਹਿਲਾ ਸ਼ਾਮਲ ਸੀ। ਹਾਦਸੇ 'ਚ ਮਾਰੇ ਗਏ ਪਤੀ-ਪਤਨੀ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਰਾਏਕੋਟ ਅਤੇ ਬਲਵਿੰਦਰ ਕੌਰ ਪਤਨੀ ਰਘੁਵੀਰ ਸਿੰਘ ਵਾਸੀ ਪਿੰਡ ਗਿੱਲ ਵਜੋ ਹੋਈ ਹੈ।
ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਦਿਨ-ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ’ਚ ਮਾਰਿਆ ਡਾਕਾ
ਪਿਓ-ਪੁੱਤ ਸਣੇ ਤਿੰਨ ਮੌਤਾਂ
ਨਾਭਾ : ਨਾਭਾ-ਭਵਾਨੀਗੜ੍ਹ ਰੋਡ 'ਤੇ ਰਾਤ ਸਮੇਂ ਵਿਆਹ ਸਮਾਗਮ ਤੋਂ ਪਰਤ ਰਹੇ ਇਕ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਪਿਓ-ਪੁੱਤਰ ਅਤੇ ਇਕ ਜਨਾਨੀ ਸ਼ਾਮਲ ਸੀ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਲੋਕ ਵਿਆਹ ਸਮਾਗਮ ਤੋਂ ਘਰ ਵਾਪਸ ਜਾ ਰਹੇ ਸਨ ਅਤੇ ਇਨ੍ਹਾਂ ਨੇ ਪਟਿਆਲੇ ਜਾਣਾ ਸੀ। ਉਨ੍ਹਾਂ ਦੀ ਇਨੋਵਾ ਕਾਰ ਨੂੰ ਅਣਪਛਾਤੇ ਟਰੱਕ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਨੋਵਾ 'ਚ ਕੁੱਲ 11 ਲੋਕ ਸਵਾਰ ਸਨ। ਇਨ੍ਹਾਂ 'ਚੋਂ ਪਿਓ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਮੁੰਡੇ ਗੁਰਲਾਲ ਸਿੰਘ ਦੀ ਉਮਰ ਸਿਰਫ 7 ਸਾਲਾਂ ਦੀ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਖ਼ਿਲਾਫ਼ ਬਿਆਨ ਦੇ ਕੇ ਘਿਰੇ ਨਵਜੋਤ ਸਿੱਧੂ, ਆਪਣੇ ਹੀ ਹਲਕੇ ਦੇ ਹੌਲਦਾਰ ਨੇ ਖੋਲ੍ਹਿਆ ਮੋਰਚਾ
ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਬਟਾਲਾ/ਸ਼੍ਰੀ ਹਰਗੋਬਿੰਦਪੁਰ : ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਸੰਤੁਲਨ ਵਿਗੜਣ ਕਾਰਨ ਬਹੁਤ ਤੇਜ਼ ਰਫ਼ਤਾਰ ਕਾਰ ਦੇ ਚਿੱਥੜੇ ਉੱਡਣ ਤੋਂ ਬਾਅਦ ਉਸ ਦੇ ਦੋ ਟੋਟੇ ਹੋ ਗਏ। ਇਸ ਹਾਦਸੇ ’ਚ ਕਾਰ ਸਵਾਰ ਇਕੋ ਪਰਿਵਾਰ ਦੇ 3 ਜੀਆਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸੰਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਸੁਖਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਤੇਜਾ ਖੁਰਦ ਨੇ ਦੱਸਿਆ ਕਿ ਉਸ ਦੀ ਕੁੜੀ ਦਾ ਵਿਆਹ ਸੀ। ਵਿਆਹ ’ਚ ਉਸ ਦੇ ਰਿਸ਼ਤੇਦਾਰ, ਉਸ ਦੀ ਸਾਲੀ ਦਾ ਮੁੰਡਾ ਵਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ, ਉਸ ਦੀ ਸਾਲੀ ਦਾ ਜਵਾਈ ਜਤਿੰਦਰ ਪਾਲ ਸਿੰਘ ਪੁੱਤਰ ਲਾਲ ਸਿੰਘ ਅਤੇ ਉਸ ਦੀ ਮਾਸੀ ਦਾ ਦੋਹਤਾ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਗੱਡੀ ਨੰ.ਯੂ.ਪੀ.22ਏ.ਐੱਸ..7193 ’ਤੇ ਸਵਾਰ ਹੋ ਕੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸ ਦੌਰਾਨ ਇਹ ਅਣਹੋਣੀ ਵਾਪਰ ਗਈ।
ਇਹ ਵੀ ਪੜ੍ਹੋ : ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਤੜਕੇ ਵਾਪਰੇ ਹਾਦਸੇ ’ਚ ਤਿੰਨ ਦੋਸਤਾਂ ਦੀ ਮੌਤ
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਹਾਜੀਪੁਰ ਕੋਲ ਤੜਕੇ 3 ਵਜੇ ਵਾਪਰੇ ਇਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਹਾਜੀਪੁਰ ਚੌਕ ਨੇੜੇ ਵਾਪਰਿਆ। ਇਕ ਲੱਕੜ ਨਾਲ ਲੱਦਿਆ ਵਾਹਨ ਦੋ ਟਿੱਪਰਾਂ ਵਿਚਕਾਰ ਫਸ ਗਿਆ ਅਤੇ ਇਸ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਅਚਾਨਕ ਬਰੇਕ ਲਗਾਉਣ ਕਰਕੇ ਵਾਪਰਿਆ। ਤਿੰਨੋਂ ਵਾਹਨ ਟਾਂਡਾ ਵੱਲ ਜਾ ਰਹੇ ਸਨ। ਰਾਹਗੀਰਾਂ ਨੇ ਦੱਸਿਆ ਕਿ ਦੋ ਟਿੱਪਰਾਂ ਵਿਚਕਾਰ ਲੱਕੜ ਨਾਲ ਭਰਿਆ ਦਾ ਵਾਹਨ ਚੱਲ ਰਿਹਾ ਸੀ, ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ। ਅੱਗੇ ਜਾ ਰਹੇ ਟਿੱਪਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਣ ਇਹ ਹਾਦਸਾ ਵਪਾਰਿਆ ਹੈ।
ਇਹ ਵੀ ਪੜ੍ਹੋ : ਪਨਗ੍ਰੇਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਲਾਲੀ ਮਜੀਠੀਆ ਦਾ ਵੱਡਾ ਬਿਆਨ
ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
ਮਾਨਸਾ - ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਵਿਖੇ ਭੀਖੀ-ਬੁਢਲਾਡਾ ਮੁੱਖ ਮਾਰਗ ਉਪਰ ਹੋਈ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਮੋਟਰਸਾਈਕਲ ਸਵਾਰ ਸਨ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ ਰਹਿਣ ਵਾਲੇ ਦੱਸੇ ਗਏ। ਉਹ ਆਪਣੇ ਪਿੰਡ ਤੋਂ ਬੁਢਲਾਡਾ ਕਿਸੇ ਕੰਮ ਜਾ ਰਹੇ ਸਨ ਕਿ ਅਚਾਨਕ ਹੀ ਬੁਢਲਾਡਾ ਸਾਈਡ ਤੋਂ ਆਉਂਦੀ ਬਲੈਰੋ ਗੱਡੀ ਨਾਲ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਮਸਕੀਨ ਸਿੰਘ (26) ਅਤੇ ਜਸਦੀਪ ਸਿੰਘ (21) ਵੱਜੋਂ ਹੋਈ। ਨੌਜਵਾਨ ਮਸਕੀਨ ਸਿੰਘ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਛੁੱਟੀ ਆਇਆ ਸੀ।
ਇਹ ਵੀ ਪੜ੍ਹੋ : ਬਠਿੰਡਾ ਜੇਲ ’ਚ ਵੱਡੀ ਵਾਰਦਾਤ, ਗੈਂਗਸਟਰ ਰਾਜਵੀਰ ਤੇ ਦਿਲਪ੍ਰੀਤ ਨੇ ਮੁਲਾਜ਼ਮਾਂ ’ਤੇ ਕੀਤਾ ਹਮਲਾ
ਹਾਦਸੇ ’ਚ ਤਿੰਨ ਭਰਾਵਾਂ ਦੀ ਮੌਤ
ਬਠਿੰਡਾ : ਬਠਿੰਡਾ-ਡੱਬਵਾਲੀ ਸੜਕ ’ਤੇ ਸਥਿਤ ਪਿੰਡ ਪਥਰਾਲਾ ਦੇ ਨੇੜੇ ਦੇਰ ਰਾਤ ਕਾਰ ਅਤੇ ਅਣਪਛਾਤੇ ਵਾਹਨ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਤਿੰਨ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਆਪਸ ਵਿਚ ਚਚੇਰੇ ਭਰਾ ਸਨ। ਦੱਸਿਆ ਜਾ ਰਿਹਾ ਹੈ ਕਿ ਸੰਗਤ ਬਲਾਕ ਦੇ ਪਿੰਡ ਰੁਲਦੂ ਸਿੰਘ ਵਾਲਾ ਦੇ ਰਹਿਣ ਵਾਲੇ ਤਿੰਨੇ ਭਰਾ ਆਪਣੀ ਮਰੂਤੀ ਕਾਰ ਵਿਚ ਸਵਾਰ ਹੋ ਕੇ ਰਾਤ ਸਮੇਂ ਡੱਬਵਾਲੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਪਥਰਾਲਾ ਨੇੜੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਟੱਕਰ ਤੋਂ ਬਾਅਦ ਕਾਰ ਦੇ ਪਰਖਚੇ ਹੀ ਉੱਡ ਗਏ। ਹਾਦਸੇ ਵਿਚ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਚਾਨਣ ਸਿੰਘ (24) ਪੁੱਤਰ ਗੁਰਤੇਜ ਸਿੰਘ, ਜਗਜੀਤ ਸਿੰਘ (22) ਪੁੱਤਰ ਹਰੀ ਸਿੰਘ ਅਤੇ ਅਮਨਦੀਪ ਸਿੰਘ (28 ) ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ।
ਜਲੰਧਰ ’ਚ ਵਾਪਰੇ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ
ਜਲੰਧਰ : ਥਾਣਾ ਨੰ ਪੰਜ ਦੀ ਹੱਦ ਵਿਚ ਪੈਂਦੇ ਬਸਤੀ ਦਾਨਿਸ਼ਮੰਦਾ ਵਿਚ ਸਥਿਤ ਰਸੀਲਾ ਆਸ਼ਰਮ ਨੇੜੇ ਇਕ ਤੇਜ਼ ਰਫ਼ਤਾਰ ਸਵਿਫਟ ਗੱਡੀ ਬੇਕਾਬੂ ਹੋ ਕੇ ਨਹਿਰ ਦੀ ਪੁਲੀ ਉਪਰ ਚੜ੍ਹ ਗਈ ਅਤੇ ਤਿੰਨ ਚਾਰ ਪਲਟੀਆਂ ਖਾਂਦੀ ਹੋਈ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਨਾਲ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ’ ਜ਼ਖ਼ਮੀ ਹੋ ਗਏ। ਗੱਡੀ ਸਵਾਰ ਮ੍ਰਿਤਕਾਂ ਦੀ ਪਛਾਣ ਕਰਨ ਤੇ ਬਾਂਕੇ ਦੇ ਰੂਪ ’ਚ ਹੋਈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਮਚੀ ਖਲਬਲੀ, ਹਾਈਕਮਾਨ ਦੀ ਵਧੀ ਟੈਨਸ਼ਨ
ਛੁੱਟੀ ਕੱਟਣ ਆਏ ਫੌਜੀ ਸਣੇ 3 ਦੀ ਮੌਤ
ਪਟਿਆਲਾ : ਪਟਿਆਲਾ ਤੋਂ ਚੀਕਾ ਹਾਈਵੇ ’ਤੇ ਪਿੰਡ ਮਜਾਲ ਨੇੜੇ ਵਾਪਰੇ ਹਾਦਸੇ ਵਿਚ ਤਿੰਨ ਦੀ ਮੌਤ ਹੋ ਗਈ। ਕਸਬਾ ਬਲਬੇੜਾ ਲਾਗਲੇ ਛੋਟੇ ਜਿਹੇ ਪਿੰਡ ਦੁਲਬਾ ਦਾ ਨੌਜਵਾਨ ਫੌਜ ’ਚੋਂ ਛੁੱਟੀ ਕੱਟਣ ਆਇਆ ਫੌਜੀ ਸੰਦੀਪ ਸਿੰਘ 21 ਸਾਲ, ਲਖਵੀਰ ਸਿੰਘ 21 ਸਾਲ, ਜਸਵੀਰ ਸਿੰਘ 22 ਸਾਲ ਅਤੇ ਸੁਲੱਖਣ ਸਿੰਘ 24 ਸਾਲ ਆਪਣੀ ਗੱਡੀ ’ਚ ਸਵਾਰ ਹੋ ਕੇ ਪਿੰਡ ਤੋਂ ਪਟਿਆਲਾ ਸ਼ਹਿਰ ਖਰੀਦਦਾਰੀ ਕਰਨ ਜਾ ਰਹੇ ਸਨ। ਜਦੋਂ ਇਹ ਪਿੰਡ ਤੋਂ ਕਰੀਬ ਸੱਤ ਅੱਠ ਕਿਲੋਮੀਟਰ ਦੀ ’ਤੇ ਮੁੱਖ ਮਾਰਗ ਪਿੰਡ ਮਜਾਲ ਕੋਲ ਪਹੁੰਚੇ ਤਾਂ ਡਰਾਇਵਰ ਆਪਣਾ ਸਤੁੰਲਨ ਗੁਆ ਬੈਠਾ ਅਤੇ ਤੇਜ਼ ਰਫ਼ਤਾਰ ਗੱਡੀ ਦਰੱਖਤਾਂ ਨਾਲ ਟਕਰਾਅ ਗਈ। ਇਕੱਠੇ ਹੋਏ ਲੋਕਾਂ ਦੀ ਮੱਦਦ ਨਾਲ ਇਨ੍ਹਾਂ ਨੌਜਵਾਨਾਂ ਨੂੰ ਬੜੀ ਮੁਸ਼ਕਿਲ ਨਾਲ ਲੋਹਾ ਕੱਟ-ਕੱਟ ਕੇ ਬਾਹਰ ਕੱਢਿਆ ਅਤੇ ਪਟਿਆਲਾ ਸਹਿਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਸੰਦੀਪ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਇਕ ਨੌਜਵਾਨ ਸੁਲੱਖਣ ਸਿੰਘ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਆਸ਼ਕੀ ’ਚ ਪਏ ਮੁੰਡਿਆਂ ਨੇ ਕੀਤੀ ਖ਼ੌਫਨਾਕ ਵਾਰਦਾਤ, ਕਤਲ ਕਰਕੇ ਜ਼ਮੀਨ ਦੱਬ ਦਿੱਤਾ 18 ਸਾਲਾ ਮੁੰਡਾ
ਦੀਵਾਲੀ ਵਾਲੀ ਸ਼ਾਮ ਹਾਦਸੇ ’ਚ ਭੈਣ-ਭਰਾ ਦੀ ਮੌਤ
ਹੁਸ਼ਿਆਰਪੁਰ : ਖੇਤਾਂ ਤੋਂ ਵਾਪਸ ਪਰਤਦੇ ਸਮੇਂ ਟਰੈਕਟਰ ਪਲਟਣ ਕਾਰਨ ਵਾਪਰੇ ਹਾਦਸੇ ‘ਚ ਸਕੇ ਭੈਣ-ਭਰਾ ਦੀ ਮੌਤ ਹੋ ਗਈ। ਦੀਵਾਲੀ ਵਾਲੀ ਸ਼ਾਮ ਜਿਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉਥੇ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਬਡਲਾ ’ਚ 14 ਸਾਲਾ ਕ੍ਰਿਤਿਕਾ ਤੇ ਉਸ ਦੇ 10 ਸਾਲਾ ਭਰਾ ਕਾਰਤਿਕ ਨੂੰ ਮੌਤ ਨੇ ਦਬੋਚ ਲਿਆ। ਜਾਣਕਾਰੀ ਅਨੁਸਾਰ ਕ੍ਰਿਤਿਕਾ ਤੇ ਕਾਰਤਿਕ ਆਪਣੇ ਖੇਤਾਂ ਘਰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਗੁਆਂਢੀ ਟਰੈਕਟਰ ਚਾਲਕ ਰਾਜੇਸ਼ ਕੁਮਾਰ ਵੀ ਖੇਤਾਂ ‘ਚੋਂ ਕੰਮ ਕਰਕੇ ਘਰ ਪਰਤ ਰਿਹਾ ਸੀ ਤਾਂ ਉਸ ਨੇ ਦੋਵਾਂ ਬੱਚਿਆਂ ਨੂੰ ਘਰ ਜਾਣ ਲਈ ਲਿਫਟ ਦਿੱਤੀ ਪਰ ਜਦੋਂ ਉਹ ਰਸਤੇ ‘ਚ ਨਹਿਰ ਪਾਰ ਕਰਨ ਲੱਗਾ ਤਾਂ ਉਸ ਦਾ ਟਰੈਕਟਰ ਸੰਤੁਲਨ ਗੁਆ ਬੈਠਾ ਤੇ ਬੱਚਿਆਂ ਸਮੇਤ ਨਹਿਰ ‘ਚ ਡਿੱਗ ਗਿਆ। ਟਰੈਕਟਰ ਹੇਠਾਂ ਦੱਬਣ ਕਾਰਨ ਦੋਵਾਂ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਟਰੈਕਟਰ ਚਾਲਕ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਕੰਟਰੋਲ ਰੂਮ ’ਤੇ ਫੋਨ ਕਰਕੇ ਦਿੱਤੀ ਧਮਕੀ, ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ
ਕੈਨੇਡਾ ਤੋਂ ਪਰਤੇ ਪਰਿਵਾਰ ਦੇ ਤਿੰਨ ਮੈਂਬਰਾਂ ਸਣੇ ਚਾਰ ਦੀ ਮੌਤ
ਡੇਰਾ ਬੱਸੀ : ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਡੇਰਾਬੱਸੀ ਨੇੜੇ ਰਾਤ ਸਮੇਂ ਅਰਟਿਗਾ ਅਤੇ ਸਵਿੱਫਟ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਐੱਨ. ਆਰ. ਆਈ. ਪਰਿਵਾਰ ਦੇ ਚਾਰ ਮਹੀਨੇ ਦੇ ਬੱਚੇ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ। ਜਦਕਿ ਇਕ ਤਿੰਨ ਸਾਲ ਦੀ ਬੱਚੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਐਨ.ਆਰ.ਆਈ. ਪਰਿਵਾਰ ਦਾ ਚਾਰ ਮਹੀਨੇ ਦਾ ਬੱਚਾ ਅਤੇ ਦੋ ਔਰਤਾਂ ਸ਼ਾਮਲ ਹਨ। ਜਦਕਿ ਹਾਦਸੇ ਵਿਚ ਦੂਜੀ ਕਾਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਜਿਸ ਦੀ ਸ਼ਨਾਖ਼ਤ ਗੌਰਵ ਵਾਸੀ ਪਾਣੀਪਤ (ਹਰਿਆਣਾ) ਦੇ ਰੂਪ ਵਿਚ ਹੋਈ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਵਾਸੀ ਦਵਿੰਦਰ ਸਿੰਘ ਧਾਮੀ (57) ਹਾਲ ਵਾਸੀ ਮੁਹਾਲੀ ਨੇ ਦੱਸਿਆ ਕਿ ਉਹ ਕਿਰਾਏ ਦੀ ਟੈਕਸੀ ਵਿਚ ਆਪਣੀ ਪਤਨੀ, ਨੂੰਹ ਤੇ ਪੋਤਾ-ਪੋਤੀ ਨਾਲ ਹਰਿਆਣਾ ਤੋਂ ਵਿਆਹ ਸਮਾਗਮ ਵਿਚ ਹਿੱਸਾ ਲੈ ਕੇ ਲੰਘੀਂ ਰਾਤ ਵਾਪਸ ਆ ਰਹੇ ਸੀ। ਰਾਤ ਨੂੰ ਤਕਰੀਬਨ ਪੌਣੇ ਦੋ ਵਜੇ ਜਦੋਂ ਉਹ ਡੇਰਾਬੱਸੀ ਦੇ ਪਿੰਡ ਜਨੇਤਪੁਰ ਕੋਲ ਪਹੁੰਚੇ ਤਾਂ ਦੂਜੇ ਪਾਸੇ ਤੋਂ ਇਕ ਸਵਿਫ਼ਟ ਡਿਜ਼ਾਇਰ ਕਾਰ, ਜੋ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ, ਦਾ ਸੰਤੁਲਨ ਵਿਗੜ ਗਿਆ ਤੇ ਇਹ ਬੇਕਾਬੂ ਹੋ ਕੇ ਪਲਟ ਕੇ ਡਿਵਾਈਡਰ ਨੂੰ ਪਾਰ ਕਰਦਿਆਂ ਉਨ੍ਹਾਂ ਦੀ ਕਾਰ ਵਿਚ ਵੱਜ ਗਈ। ਇਸ ਹਾਦਸੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?