ਭਿੱਖੀਵਿੰਡ ’ਚ ਹੋਰਨਾਂ ਦੀ ਥਾਂ ਦੱਸਵੀਂ ਦੇ ਪੇਪਰ ਦਿੰਦੇ 4 ਫਡ਼ੇ
Friday, Mar 22, 2019 - 11:36 PM (IST)

ਮੋਹਾਲੀ, (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਦੀ ਗਣਿਤ ਦੀ ਪ੍ਰੀਖਿਆ ਦੇ ਦਿਨ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ਿਲਿਆਂ ਦੇ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਪ੍ਰਬੰਧਾਂ ਤੇ ਹੋਰ ਸਬੰਧਤ ਗਤੀਵਿਧੀਆਂ ਦੀ ਆਪ ਸਮੀਖਿਆ ਕੀਤੀ। ਪ੍ਰੀਖਿਆ ਦੌਰਾਨ ਸੂਬੇ ਭਰ ਵਿਚ ਨਕਲ ਅਤੇ ਪ੍ਰੀਖਿਆ ਨਾਲ ਸਬੰਧਤ ਹੋਰ ਗੈਰ-ਸਮਾਜੀ ਕਾਰਵਾਈਆਂ ਦੇ 9 ਮਾਮਲੇ ਫ਼ਡ਼ੇ ਗਏ। ਇਨ੍ਹਾਂ ਵਿਚੋਂ ਤਰਨਤਾਰਨ ਦੇ ਇਕ ਕੇਂਦਰ ਵਿਚ 4 ਪ੍ਰੀਖਿਆਰਥੀ ਹੋਰ ਦੀ ਥਾਂ ਪੇਪਰ ਦਿੰਦੇ ਫ਼ਡ਼ੇ ਗਏ।
ਵੇਰਵਿਆਂ ਅਨੁਸਾਰ ਕਲੋਹੀਆ ਨੇ ਸਵੇਰੇ ਅਬੋਹਰ ਦੇ ਟੈਂਡਰ ਹਾਰਟ ਪਬਲਿਕ ਸਕੂਲ ਅਤੇ ਮੁੰਡਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋਹਾਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ। ਇਨ੍ਹਾਂ ਕੇਂਦਰਾਂ ਵਿਚ ਕੁੱਲ 247 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਫ਼ਾਜ਼ਿਲਕਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਅਬੋਹਰ ਦੇ ਨਿਊ ਲਾਈਟ ਪਬਲਿਕ ਸਕੂਲ ਦੇ ਪ੍ਰੀਖਿਆ ਕੇਂਦਰਾਂ ਵਿਚੋਂ ਨਕਲ ਦੇ 2 ਕੇਸ ਫ਼ਡ਼ੇ ਗਏ। ਜ਼ਿਲਾ ਤਰਨਤਾਰਨ ਦੇ ਸ਼ਹੀਦ ਊਧਮ ਸਿੰਘ ਪਬਲਿਕ ਸਕੂਲ, ਭਿੱਖੀਵਿੰਡ ਵਿਚ ਚਾਰ ਪ੍ਰੀਖਿਆਰਥੀ ਹੋਰ ਦੀ ਥਾਂ ਪੇਪਰ ਦਿੰਦੇ ਫ਼ਡ਼ੇ ਗਏ। ਜ਼ਿਲਾ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਵਿਚ ਇਕ ਤੇ ਤਲਵੰਡੀ ਰਾਮਾਂ ਵਿਖੇ 2 ਨਕਲ ਦੇ ਕੇਸ ਫ਼ਡ਼ੇ ਗਏ।