ਨਸ਼ਾ ਵਿਰੋਧੀ ਐਕਸ਼ਨ ਕਮੇਟੀ ਘਰਾਚੋਂ ਨੇ ਨਸ਼ਾ ਕਰਦੇ ਫੜੇ 4 ਨੌਜਵਾਨ
Tuesday, Aug 06, 2019 - 11:36 AM (IST)

ਭਵਾਨੀਗੜ੍ਹ (ਕਾਂਸਲ) : ਪਿੰਡ ਘਰਾਚੋਂ ਵਿਖੇ ਗਠਿਤ ਕੀਤੀ ਗਈ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਸੋਮਵਾਰ ਨੂੰ ਪਿੰਡ ਦੇ ਕੁਟੀ ਸਾਹਿਬ ਡੇਰੇ ਨੇੜੇ ਸਥਿਤ ਇਕ ਰਜਬਾਹੇ ਤੋਂ ਚਾਰ ਨੌਜਵਾਨਾਂ ਨੂੰ ਟੀਕੇ ਲਾਉਣ ਵਾਲੀਆਂ ਸਰਿੰਜਾਂ ਅਤੇ ਨਸ਼ਾ ਆਦਿ ਕਰਨ ਲਈ ਵਰਤੇ ਜਾਂਦੇ ਹੋਰ ਸਾਮਾਨ ਸਮੇਤ ਰੰਗੇ ਹੱਥੀਂ ਫੜਿਆ।
ਜਾਣਕਾਰੀ ਦਿੰਦਿਆਂ ਕਮੇਟੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਨਸ਼ੇੜੀਆਂ ਨੂੰ ਫੜਨ ਲਈ ਪਿੰਡ ਦੇ ਕੁਟੀ ਸਾਹਿਬ ਡੇਰੇ ਨੇੜਲੇ ਇਕ ਰਜਬਾਹੇ ਉਪਰ ਜਦੋਂ ਰੇਡ ਕੀਤੀ ਤਾਂ ਇਥੇ ਐਕਸ਼ਨ ਕਮੇਟੀ ਨੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਕਮੇਟੀ ਨੇ ਨਸ਼ੇ ਕਰਨ ਲਈ ਵਰਤੋਂ 'ਚ ਆਉਣ ਵਾਲੀਆਂ ਸਰਿੰਜਾਂ, ਗੈਸ ਲਾਈਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ। ਫੜੇ ਗਏ ਨੌਜਵਾਨਾਂ ਵੱਲੋਂ ਅਗੇ ਤੋਂ ਅਜਿਹਾ ਨਾ ਕਰਨ ਦੀ ਤੌਬਾ ਕਰਨ 'ਤੇ ਕਮੇਟੀ ਮੈਂਬਰਾਂ ਨੇ ਚਿਤਾਵਨੀ ਦੇ ਕੇ ਇਨ੍ਹਾਂ ਨੌਜਵਾਨਾਂ ਨੂੰ ਛੱਡ ਦਿੱਤਾ।
ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੜੇ ਗਏ ਚਾਰ ਨੌਜਵਾਨਾਂ 'ਚੋਂ ਦੋ ਪਿੰਡ ਝਨੇੜੀ ਦੇ ਵਸਨੀਕ ਸਨ ਅਤੇ ਦੋ ਨੌਜਵਾਨ ਪਿੰਡ ਬਟਰਿਆਣਾ ਦੇ ਸਨ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਡਿਸਪੋਜ਼ਲ ਸਰਿੰਜਾਂ ਦੀ ਖੁੱਲ੍ਹੀ ਵਿਕਰੀ ਉਪਰ ਰੋਕ ਲਾਉਣ ਤੋਂ ਬਾਅਦ ਹੁਣ ਨਸ਼ੇੜੀਆਂ ਵੱਲੋਂ ਡੈਕਾਡਿਊਰੋਬਿਨ ਨਾਮਕ ਟੀਕੇ ਦੀ ਖਰੀਦ ਕੀਤੀ ਜਾਂਦੀ ਹੈ, ਜਿਸ 'ਚ ਸਰਿੰਜ ਵੀ ਮੌਜੂਦ ਹੁੰਦੀ ਹੈ ਅਤੇ ਇਥੇ ਫੜੇ ਗਏ ਨੌਜਵਾਨਾਂ ਕੋਲੋਂ ਇਹ ਟੀਕੇ ਅਤੇ ਸਰਿੰਜਾਂ ਫੜੀਆਂ ਗਈਆਂ ਸਨ। ਉਨ੍ਹਾਂ ਮੰਗ ਕੀਤੀ ਕਿ ਪੁਲਸ ਵੱਲੋਂ ਇਨ੍ਹਾਂ ਜਨਤਕ ਥਾਵਾਂ ਉਪਰ ਰੇਡ ਕੀਤੀ ਜਾਵੇ ਅਤੇ ਇਸ ਤਰ੍ਹਾਂ ਦੇ ਨਸ਼ੇੜੀ ਨੌਜਵਾਨਾਂ ਨੂੰ ਕਾਬੂ ਕਰ ਕੇ ਇਨ੍ਹਾਂ ਨੂੰ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਜਾਵੇ।