ਪਿਤਾ ਨੇ ਜ਼ਿੰਦਗੀ ਦੀ ਪੂੰਜੀ ਲਗਾ ਕੇ ਸਵਾਰਿਆ ਬੱਚੇ ਦਾ ਭਵਿੱਖ, ਬਣਾਇਆ ਨੈਸ਼ਨਲ ਚੈਂਪੀਅਨ (ਵੀਡੀਓ)

06/24/2018 6:58:52 PM

ਜਲੰਧਰ (ਸੋਨੂੰ)— ਕਹਿੰਦੇ ਨੇ ਕਿ ਪ੍ਰਮਾਤਮਾ ਜੇਕਰ ਕਿਸੇ ਇਨਸਾਨ ਨੂੰ ਕਿਸੇ ਪਾਸਿਓਂ ਵਾਂਝੇ ਰੱਖਦਾ ਹੈ ਤਾਂ ਉਸ ਨੂੰ ਕੁਝ ਅਜਿਹੀ ਖਾਸੀਅਤ ਨਾਲ ਵੀ ਨਿਵਾਜ਼ਦਾ ਹੈ, ਜੋ ਉਸਦੀਆਂ ਸਾਰੀਆਂ ਕਮੀਆਂ ਨੂੰ ਢੱਕ ਦਿੰਦੀ ਹੈ। ਇਸ ਦੀ ਜਿਉਂਦੀ ਜਾਗਦੀ ਉਦਾਹਰਣ ਹੈ ਜਲੰਧਰ ਦਾ ਭਾਵਿਕ ਅਟਵਾਲ। ਪਾਣੀ ਦੀਆਂ ਲਹਿਰਾਂ ਨੂੰ ਚੀਰਦੇ ਜਾਂਦੇ ਭਾਵਿਕ ਨੂੰ ਦੇਖ ਕੇ ਸ਼ਾਇਦ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਬੱਚਾ ਆਟਿਜ਼ਮ ਵਰਗੀ ਬੀਮਾਰੀ ਤੋਂ ਪੀੜਤ ਹੋਵੇਗਾ ਪਰ ਇਹ ਮਾਪਿਆਂ ਦੀ ਹੀ ਕੁਰਬਾਨੀ ਹੈ ਕਿ ਅੱਜ ਇਹ ਬੱਚਾ ਤੈਰਾਕੀ ਦਾ ਨੈਸ਼ਨਲ ਚੈਂਪੀਅਨ ਹੈ। ਦੱਸਣਯੋਗ ਹੈ ਕਿ ਆਟਿਜ਼ਮ ਇਕ ਇਹੋ ਜਿਹੀ ਬੀਮਾਰੀ ਹੈ, ਜਿਸ ਤੋਂ ਪੀੜਤ ਇਨਸਾਨ 'ਚ ਆਮ ਇਨਸਾਨਾਂ ਨਾਲੋਂ ਸੋਚਣ-ਸਮਝਣ ਦੀ ਸ਼ਕਤੀ ਨਾਂਹ ਦੇ ਬਰਾਬਰ ਹੁੰਦੀ ਹੈ। 5 ਸਾਲ ਤੱਕ ਦੀ ਉਮਰ ਤੱਕ ਤਾਂ ਭਾਵਿਕ ਬੋਲਦਾ ਵੀ ਨਹੀਂ ਸੀ ਪਰ ਸਪੈਸ਼ਲ ਟ੍ਰੇਨਿੰਗ ਦੇ ਸਦਕਾ ਅੱਜ ਭਾਵਿਕ ਪੜ੍ਹ-ਲਿਖ ਲੈਂਦਾ ਹੈ। ਆਪਣੇ ਪਿਤਾ ਦੀ ਹਰ ਗੱਲ ਨੂੰ ਸਮਝਦਾ ਅਤੇ ਬਹੁਤ ਕੁਝ ਜਾਣਦਾ ਵੀ ਹੈ।
ਭਾਵਿਕ ਦੇ ਪਿਤਾ ਵਿਕਰਮ ਅਟਵਾਲ ਨੇ ਦੱਸਿਆ ਕਿ ਭਾਵਿਕ ਨੂੰ ਗਾਣੇ ਸੁਣਨਾ ਅਤੇ ਸਵੀਮਿੰਗ ਕਰਨਾ ਬਹੁਤ ਪਸੰਦ ਹੈ। ਬਚਪਨ 'ਚ ਭਾਵਿਕ ਇਕਦਮ ਉਤੇਜਿਤ ਹੋ ਜਾਂਦਾ ਸੀ। ਗੁੱਸੇ ਨੂੰ ਸ਼ਾਂਤ ਕਰਨ ਲਈ ਮਾਪਿਆਂ ਨੇ ਉਸ ਨੂੰ ਤੈਰਾਕੀ ਵਾਲੇ ਪਾਸੇ ਲਗਾਇਆ। ਉਦੋਂ ਮਾਪਿਆਂ ਨੂੰ ਪਤਾ ਨਹੀਂ ਸੀ ਕਿ ਤੈਰਾਕੀ ਹੀ ਭਾਵਿਕ ਦਾ ਭਵਿੱਖ ਬਣ ਜਾਵੇਗਾ। ਅੱਜ ਭਾਵਿਕ 30 ਫੁੱਟ ਡੂੰਘੇ ਪਾਣੀ 'ਚ ਸਵੀਮਿੰਗ ਕਰਦਾ ਹੈ। ਬੀਮਾਰੀ ਦੇ ਬਾਵਜੂਦ ਭਾਵਿਕ ਨੇ ਨੈਸ਼ਨਲ ਲੈਵਲ ਤੱਕ ਕਈ ਮੈਡਲ ਜਿੱਤੇ ਹਨ। 

PunjabKesari
ਭਾਵਿਕ ਨੂੰ ਇਸ ਮੁਕਾਮ ਤੱਕ ਲੈ ਜਾਣਾ ਮਾਪਿਆਂ ਲਈ ਸੌਖਾ ਨਹੀਂ ਸੀ। ਇਕ ਵਾਰ ਤਾਂ ਮਾਪੇ ਉਸ ਨੂੰ ਰੈੱਡ ਕਰਾਸ ਸਕੂਲ 'ਚ ਛੱਡਣ ਲਈ ਵੀ ਚਲੇ ਗਏ ਪਰ ਉਥੇ ਜਾ ਕੇ ਜਿਗਰ ਦੇ ਟਕੜੇ ਨੂੰ ਇੰਝ ਛੱਡਣ ਦਾ ਹੌਂਸਲਾ ਨਹੀਂ ਪਿਆ। ਬੱਚੇ ਨੂੰ ਕਿਸੇ ਲਾਇਕ ਬਣਾਉਣ ਦਾ ਸੋਚਿਆ ਪਰ ਇਕ ਤਾਂ ਕਮਜ਼ੋਰ ਆਰਥਿਕ ਹਾਲਤ ਅਤੇ ਉਪਰੋਂ ਸਪੈਸ਼ਲ ਬੱਚੇ ਨੂੰ ਟ੍ਰੇਨਿੰਗ ਦੇਣ ਲਈ ਕੋਈ ਤਿਆਰ ਨਹੀਂ ਸੀ। ਢਾਬਾ ਚਲਾਉਣ ਵਾਲੇ ਪਿਤਾ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਲਗਾ ਕੇ ਭਾਵਿਕ ਨੂੰ ਅਹਿਮਦਾਬਾਦ ਤੋਂ ਟ੍ਰੇਨਿੰਗ ਦਿਵਾਈ। 
ਸਾਲ 2019 'ਚ ਆਸਟ੍ਰੇਲੀਆ ਵਿਖੇ ਹੋਣ ਵਾਲੀਆਂ ਸਪੈਸ਼ਲ ਓਲੰਪਿਕ 'ਚ ਗੋਲਡ ਮੈਡਲ ਜਿੱਤਣਾ ਭਾਵਿਕ ਦਾ ਸੁਪਨਾ ਹੈ ਪਰ ਮਾਪਿਆਂ ਦੀ ਆਰਥਿਕ ਹਾਲਤ ਸਾਥ ਨਹੀਂ ਦੇ ਰਹੀ। ਭਾਵਿਕ ਅਤੇ ਉਸਦੇ ਪਿਤਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਭਾਵਿਕ ਦੇਸ਼ ਲਈ ਗੋਲਡ ਜਿੱਤ ਕੇ ਲਿਆ ਸਕੇ।


Related News