ਗੁਕੇਸ਼ ਦੀ ਸਫਲਤਾ ’ਚ ਲੁਕਿਐ ਮਾਤਾ-ਪਿਤਾ ਦਾ ਤਿਆਗ

Tuesday, Apr 23, 2024 - 05:08 PM (IST)

ਗੁਕੇਸ਼ ਦੀ ਸਫਲਤਾ ’ਚ ਲੁਕਿਐ ਮਾਤਾ-ਪਿਤਾ ਦਾ ਤਿਆਗ

ਚੇਨਈ- ਨੌਜਵਾਨ ਭਾਰਤੀ ਗ੍ਰੈਂਡ ਮਾਸਟਰ ਡੀ. ਗੁਕੇਸ਼ ਕੈਂਡੀਡੇਟਸ ਵਿਚ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ ਸੁਰਖੀਆਂ ਬਟੋਰ ਰਿਹਾ ਹੈ ਪਰ 17 ਸਾਲ ਦੇ ਇਸ ਖਿਡਾਰੀ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਉਸਦੇ ਮਾਤਾ-ਪਿਤਾ ਨੂੰ ਕਈ ਤਿਆਗ ਕਰਨੇ ਪਏ। ਗੁਕੇਸ਼ ਸ਼ਤਰੰਜ ਖੇਡਣਾ ਜਾਰੀ ਰੱਖ ਸਕੇ, ਇਸ ਲਈ ਉਸਦੇ ਪਿਤਾ ਨੂੰ ਆਪਣੇ ਕਰੀਅਰ ਨੂੰ ਰੋਕਣਾ ਪਿਆ ਤੇ ਖਰਚੇ ਨੂੰ ਪੂਰਾ ਕਰਨ ਲਈ ‘ਕਰਾਊਡ ਫੰਡਿੰਗ’ ਦਾ ਵੀ ਸਹਾਰਾ ਲੈਣਾ ਪਿਆ।

ਗੁਕੇਸ਼ ਦੇ ਪਿਤਾ ਰਜਨੀਕਾਂਤ ਈ. ਐੱਨ. ਟੀ. ਸਰਜਨ ਹਨ ਤੇ ਉਸਦੀ ਮਾਂ ‘ਮਾਈਕ੍ਰੋਬਾਓਲੋਜਿਸਟ’ ਹੈ। ਰਜਨੀਕਾਂਤ ਨੇ 2017-18 ਵਿਚ ਆਪਣੇ ਪੇਸ਼ੇ ਤੋਂ ਆਰਾਮ ਲਿਆ ਤੇ ਬੇਹੱਦ ਹੀ ਘੱਟ ਬਜਟ ਵਿਚ ਆਪਣੇ ਬੇਟੇ ਦੇ ਨਾਲ ਦੁਨੀਆ ਭਰ ਦਾ ਸਫਰ ਪੂਰਾ ਕੀਤਾ। ਇਸ ਦੌਰਾਨ ਪਰਿਵਾਰ ਦਾ ਖਰਚ ਚਲਾਉਣ ਦੀ ਜ਼ਿੰਮੇਵਾਰੀ ਉਸਦੀ ਮਾਂ ਨੇ ਚੁੱਕੀ। ਗੁਕੇਸ਼ ਦੇ ਬਚਪਨ ਦੇ ਕੋਚ ਵਿਸ਼ਣੂ ਪ੍ਰਸੰਨਾ ਨੇ ਕਿਹਾ,‘‘ਉਸਦੇ ਮਾਤਾ-ਪਿਤਾ ਨੇ ਬਹੁਤ ਤਿਆਗ ਕੀਤੇ ਹਨ।

PunjabKesari

ਉਸਦੇ ਪਿਤਾ ਨੇ ਆਪਣੇ ਕਰੀਅਰ ਦੀ ਲੱਗਭਗ ਬਲੀ ਚੜ੍ਹਾ ਦਿੱਤੀ ਜਦਕਿ ਉਸਦੀ ਮਾਂ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਗੁਕੇਸ਼ ਤੇ ਉਸਦੇ ਪਿਤਾ ਜ਼ਿਆਦਾਤਰ ਸਮੇਂ ਸਫਰ ਕਰ ਰਹੇ ਹੁੰਦੇ ਹਨ। ਸਫਰ ਦੇ ਕਾਰਨ ਗੁਕੇਸ਼ ਦੇ ਮਾਤਾ ਪਿਤਾ ਨੂੰ ਇਕ-ਦੂਜੇ ਨਾਲ ਮਿਲਣ ਦਾ ਵੀ ਮੌਕਾ ਬੇਹੱਦ ਮੁਸ਼ਕਿਲ ਨਾਲ ਮਿਲਦਾ ਹੈ।’’ ਗੁਕੇਸ਼ ਕੋਲ ਕੋਈ ਸਪਾਂਸਰ ਨਹੀਂ ਸੀ ਤੇ ਉਸ ਨੂੰ ਐਵਾਰਡ ਰਾਸ਼ੀ ਤੇ ‘ਕਰਾਊਡ ਫੰਡਿੰਗ’ ਨਾਲ ਆਪਣੇ ਵਿੱਤ ਦਾ ਪ੍ਰਬੰਧਨ ਕਰਨਾ ਪਿਆ ਸੀ ਪਰ ਇਸ ਸਭ ਦੇ ਬਾਵਜੂਦ ਉਹ ਪਿਛਲੇ ਸਾਲ ਆਪਣੇ ਆਦਰਸ਼ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ ਭਾਰਤ ਦਾ ਚੋਟੀ ਰੈਂਕਿੰਗ ਦਾ ਖਿਡਾਰੀ ਬਣਨ ਵਿਚ ਸਫਲ ਰਿਹਾ।


author

Tarsem Singh

Content Editor

Related News