ਭਾਰਤੀ ਕਿਸਾਨ ਯੂਨੀਅਨ ਨੇ ਰੁਕਵਾਈ ਕਿਸਾਨ ਦੀ ਜ਼ਮੀਨ ਦੀ ਕੁਰਕੀ

Friday, Feb 09, 2018 - 04:48 PM (IST)

ਭਾਰਤੀ ਕਿਸਾਨ ਯੂਨੀਅਨ ਨੇ ਰੁਕਵਾਈ ਕਿਸਾਨ ਦੀ ਜ਼ਮੀਨ ਦੀ ਕੁਰਕੀ

ਬੁਢਲਾਡਾ (ਬਾਂਸਲ) : ਕਰਜ਼ਾ ਕੁਰਕੀ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਪਿੰਡ ਆਲਮਪੁਰ ਮੰਦਰਾਂ ਦੇ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਨਾ ਹੋਣ ਦਿੱਤੀ ਅਤੇ ਯੂਨੀਅਨ ਨੇ ਤਹਿਸੀਲ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਰਜ਼ਾ ਕੁਰਕੀ ਖਤਮ ਕਰਨ ਦੇ ਐਲਾਨ ਤੋਂ ਬਾਅਦ ਵੀ ਕਿਸਾਨਾਂ ਨੂੰ ਕੁਰਕੀ ਦੀ ਆੜ 'ਚ ਜ਼ਲੀਲ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਇਸ ਦਾ ਡੱਟ ਕੇ ਵਿਰੋਧ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਆਲਮਪੁਰ ਮੰਦਰਾਂ ਦੇ ਕਿਸਾਨ ਰਘੁਬੀਰ ਸਿੰਘ ਦਾ ਕਰਜ਼ਾ ਲਗਭਗ 11 ਲੱਖ ਰੁਪਏ ਹੈ, ਜਿਸ ਕਾਰਨ ਉਸ ਦੀ ਜ਼ਮੀਨ ਦੀ ਕੁਰਕੀ ਕਰਕੇ ਰਕਮ ਦੀ ਉਗਰਾਹੀ ਕੀਤੀ ਜਾਣੀ ਸੀ ਪਰ ਯੂਨੀਅਨ ਦੇ ਵਿਰੋਧ ਕਾਰਨ ਬੈਂਕ ਦਾ ਅਧਿਕਾਰੀ ਨਿਲਾਮੀ ਸਮੇਂ ਨਾ ਪਹੁੰਚ ਸਕਿਆ। ਇਸ ਮੌਕੇ ਦੇਵੀ ਰਾਮ ਰੰਘੜਿਆਲ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਕਰਜ਼ੇ ਦੀ ਪੰਡ ਥੱਲੇ ਦੱਬ ਚੁੱਕਿਆ ਹੈ। ਇਸ ਮੌਕੇ ਨਿਰੰਜਣ ਸਿੰਘ ਮੱਲ ਸਿੰਘ ਵਾਲਾ, ਮਹਿੰਦਰ ਸਿੰਘ ਕੁਲਰੀਆਂ, ਰਾਮਫਲ ਬਹਾਦਰਪੁਰ, ਗਮਦੂਰ ਸਿੰਘ ਤੇ ਧਰਮ ਸਿੰਘ ਵੀ ਹਾਜ਼ਰ ਸਨ।


Related News