ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਭਾਰਤ ਬੰਦ ਰਿਹੈ ਸਫਲ : ਲੱਖੋਵਾਲ
Monday, Sep 27, 2021 - 11:25 PM (IST)
ਮਾਛੀਵਾੜਾ ਸਾਹਿਬ (ਟੱਕਰ,ਸਚਦੇਵਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ’ਤੇ 27 ਸਤੰਬਰ ਦੇ ਭਾਰਤ ਬੰਦ ਨੂੰ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਦਿੱਤਾ ਗਿਆ ਅਤੇ ਸਾਰੇ ਦੇਸ਼ ਵਿਚ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਨੇ ਬੰਦ ਕਰ ਕੇ ਤਿੰਨੇ ਕਾਲੇ ਕਾਨੂੰਨਾਂ ਵਿਰੁੱਧ ਰੋਸ ਦਾ ਮੁਜ਼ਾਹਰਾ ਕੀਤਾ।
ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਸਕੱਤਰਾਂ ਨੂੰ ਸੂਬੇ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਖਾਕਾ ਤਿਆਰ ਕਰਨ ਦੇ ਹੁਕਮ
ਲੱਖੋਵਾਲ ਨੇ ਦੱਸਿਆ ਕਿ ਪੰਜਾਬ ’ਚ ਲੱਗਭਗ 1000 ਥਾਵਾਂ ’ਤੇ ਧਰਨੇ ਲਗਾਏ ਗਏ, ਜਿਸ ’ਚ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਪਹਿਲਾਂ ਹੀ ਪੂਰੀ ਤਿਆਰੀ ਨਾਲ ਮੋਰਚੇ ਸੰਭਾਲ ਰੱਖੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇ ਬੰਦ ਦੀ ਵਿਸ਼ੇਸ਼ਤਾ ਇਹ ਰਹੀ ਕਿ ਦੁਕਾਨਦਾਰਾਂ, ਟਰਾਂਸਪੋਰਟ ਵੀਰਾਂ ਨੇ ਆਪੋ-ਆਪਣੀਆਂ ਦੁਕਾਨਾਂ ਤੇ ਵਾਹਨ ਪੂਰਨ ਤੌਰ ’ਤੇ ਬੰਦ ਰੱਖ ਕੇ ਕਿਸਾਨੀ ਸੰਘਰਸ਼ ਦਾ ਸਾਥ ਹੀ ਨਹੀਂ ਦਿੱਤਾ ਸਗੋਂ ਕੇਂਦਰ ਦੀ ਸਰਕਾਰ ਨੂੰ ਇਹ ਵੀ ਸੰਕੇਤ ਦਿੱਤਾ ਕਿ ਕਿਸਾਨਾਂ ਦੇ ਨਾਲ ਆਮ ਲੋਕ ਵੀ ਇਸ ਸੰਘਰਸ਼ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਲੱਖੋਵਾਲ ਨੇ ਕਿਹਾ ਕਿ ਵੱਡੀ ਗਿਣਤੀ ’ਚ ਕਾਰਖਾਨੇ, ਸਕੂਲ, ਕਾਲਜ, ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਵੀ ਅੱਜ ਬੰਦ ਰੱਖੇ ਗਏ ਅਤੇ ਸ਼ਹਿਰਾਂ ਵਿਚ ਵੀ ਕਾਰੋਬਾਰ ਪੂਰਨ ਤੌਰ ’ਤੇ ਠੱਪ ਰਿਹਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹੀਆਂ ।
ਇਹ ਵੀ ਪੜ੍ਹੋ- ਰਾਣਾ ਗੁਰਜੀਤ ਤੇ ਰਾਜਾ ਵੜਿੰਗ ਦੇ ਮਹਿਕਮੇ ਨੂੰ ਲੈ ਕੇ ਵਿਭਾਗਾਂ ਦੀ ਵੰਡ ’ਚ ਫਸਿਆ ਪੇਚ
ਹਸਪਤਾਲ, ਮੈਡੀਕਲ ਸਟੋਰ ਆਮ ਦਿਨਾਂ ਵਾਂਗ ਖੁੱਲ੍ਹੇ ਸਨ ਤਾਂ ਜੋ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ ਅਤੇ ਐਬੂਲੈਂਸਾਂ ਨੂੰ ਹਰ ਜਗ੍ਹਾ ਰਸਤਾ ਦੇ ਕੇ ਅੱਗੇ ਲੰਘਾਇਆ ਗਿਆ। ਲੱਖੋਵਾਲ ਨੇ ਦੇਸ਼ ਦੇ ਕਿਸਾਨਾਂ ਤੇ ਆਮ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਅੱਜ ਦਾ ਭਾਰਤ ਬੰਦ ਪੂਰਨ ਤੌਰ ’ਤੇ ਸਫਲ ਰਿਹਾ।