ਠੱਗੀ ਦਾ ਅਨੋਖਾ ਤਰੀਕਾ, ਬੈਂਕ ਕਰਮਚਾਰੀ ਬਣ ਕਰਵਾਈ ਐਪ ਡਾਊਨਲੋਡ, ਫਿਰ ਜੋ ਕੀਤਾ ਸੁਣ ਹੋਵੋਗੇ ਹੈਰਾਨ

Friday, Jan 05, 2024 - 06:30 PM (IST)

ਠੱਗੀ ਦਾ ਅਨੋਖਾ ਤਰੀਕਾ, ਬੈਂਕ ਕਰਮਚਾਰੀ ਬਣ ਕਰਵਾਈ ਐਪ ਡਾਊਨਲੋਡ, ਫਿਰ ਜੋ ਕੀਤਾ ਸੁਣ ਹੋਵੋਗੇ ਹੈਰਾਨ

ਜਲੰਧਰ (ਵਰੁਣ)–ਸ਼ਹਿਰ ਦੇ ਲੋਕ ਨੌਸਰਬਾਜ਼ਾਂ ਦੇ ਹੱਥੋਂ ਲੁੱਟ ਹੋ ਰਹੇ ਹਨ, ਹਾਲਾਂਕਿ ਇਨ੍ਹਾਂ ਮਾਮਲਿਆਂ ਵਿਚ ਜ਼ਿਆਦਾਤਰ ਕਮੀ ਲੋਕਾਂ ਦੀ ਹੀ ਸਾਹਮਣੇ ਆਉਂਦੀ ਹੈ, ਜੋ ਬਿਨਾਂ ਕੁਝ ਸੋਚੇ-ਸਮਝੇ ਇਨ੍ਹਾਂ ਲੋਕਾਂ ’ਤੇ ਭਰੋਸਾ ਕਰ ਲੈਂਦੇ ਹਨ। ਅਜਿਹੇ ਹੀ 2 ਮਾਮਲੇ ਥਾਣਾ ਨੰਬਰ 7 ਵਿਚ ਦਰਜ ਹੋਏ ਹਨ, ਜਿਨ੍ਹਾਂ ਦੀ ਸ਼ਿਕਾਇਤ ਇਕ ਮਹੀਨਾ ਪਹਿਲਾਂ ਕਮਿਸ਼ਨਰੇਟ ਪੁਲਸ ਕੋਲ ਆਈ ਸੀ। ਇਕ ਸ਼ਿਕਾਇਤਕਰਤਾ ਤੋਂ ਨੌਸਰਬਾਜ਼ ਔਰਤ ਨੇ ਮਕਾਨ ਮਾਲਕ ਦੀ ਮਾਂ ਬਣ ਕੇ 50 ਹਜ਼ਾਰ ਰੁਪਏ ਗੂਗਲ ਪੇਅ ਕਰਵਾ ਲਏ ਤਾਂ ਦੂਜੇ ਮਾਮਲੇ ਵਿਚ ਬੈਂਕ ਕਰਮਚਾਰੀ ਬਣ ਕੇ ਐਪ ਡਾਊਨਲੋਡ ਕਰਵਾ ਕੇ 1.56 ਲੱਖ ਦੀ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰ ਲਈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੀਮਾ ਰਾਣੀ ਪਤਨੀ ਬਿਪਨ ਬਿਰਲਾ ਨਿਵਾਸੀ ਗੋਲਡਨ ਐਵੇਨਿਊ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ। ਔਰਤ ਖ਼ੁਦ ਨੂੰ ਮਕਾਨ ਮਾਲਕ ਦੀ ਮਾਂ ਦੱਸ ਰਹੀ ਸੀ। ਸੀਮਾ ਨੇ ਕਿਹਾ ਕਿ ਉਸ ਦੀ ਆਵਾਜ਼ ਵੀ ਉਸੇ ਤਰ੍ਹਾਂ ਦੀ ਸੀ, ਜਿਸ ਨੇ ਵਟਸਐਪ ’ਤੇ ਸਕ੍ਰੀਨ ਸ਼ਾਰਟ ਭੇਜਿਆ ਅਤੇ ਫਿਰ ਕਿਹਾ ਕਿ ਉਨ੍ਹਾਂ ਦੇ ਖ਼ਾਤੇ ਵਿਚ 50 ਹਜ਼ਾਰ ਰੁਪਏ ਪੁਆਏ ਹਨ, ਜੋ ਉਸ ਨੂੰ ਗੂਗਲ ਪੇਅ ਨੰਬਰ ’ਤੇ ਚਾਹੀਦੇ ਹਨ। ਸੀਮਾ ਨੇ ਉਸ ’ਤੇ ਭਰੋਸਾ ਕਰਕੇ 50 ਹਜ਼ਾਰ ਰੁਪਏ ਤੁਰੰਤ ਉਸ ਦੇ ਗੂਗਲ ਪੇਅ ’ਚ ਟਰਾਂਸਫ਼ਰ ਕਰ ਦਿੱਤੇ ਪਰ ਜਦੋਂ ਕਥਿਤ ਮਕਾਨ ਮਾਲਕ ਦੀ ਮਾਂ ਵੱਲੋਂ ਭੇਜੇ ਪੈਸੇ ਚੈੱਕ ਕੀਤੇ ਤਾਂ ਜਾ ਕੇ ਸੀਮਾ ਨੂੰ ਪਤਾ ਲੱਗਾ ਕਿ ਉਸ ਨਾਲ ਫਰਾਡ ਹੋਇਆ ਹੈ।

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼

ਇਸੇ ਤਰ੍ਹਾਂ ਰਾਮਪਾਲ ਪੁੱਤਰ ਖਰੈਤੀ ਲਾਲ ਨਿਵਾਸੀ ਨਿਊ ਰਾਜਾ ਗਾਰਡਨ ਨੇ ਦੱਸਿਆ ਕਿ ਉਸ ਦੇ ਨੰਬਰ ’ਤੇ ਫੋਨ ਕਰਕੇ ਗੱਲ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਆਰ. ਬੀ. ਐੱਲ. ਬੈਂਕ ਦਾ ਕਰਮਚਾਰੀ ਦੱਸ ਰਿਹਾ ਸੀ। ਉਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਰੀ ਕਰਵਾਇਆ ਕ੍ਰੈਡਿਟ ਕਾਰਡ ਇਸਤੇਮਾਲ ਨਹੀਂ ਹੋ ਰਿਹਾ ਸੀ, ਜਿਸ ਨੂੰ ਬੰਦ ਕੀਤਾ ਜਾ ਰਿਹਾ ਹੈ। ਮਨ੍ਹਾ ਕਰਨ ’ਤੇ ਨੌਸਰਬਾਜ਼ ਨੇ ਰਾਮਪਾਲ ਨੂੰ ਲਿੰਕ ਭੇਜਿਆ, ਜੋ ਇਕ ਐਪ ਦਾ ਸੀ। ਜਿਉਂ ਹੀ ਪੀੜਤ ਨੇ ਐਪ ਡਾਊਨਲੋਡ ਕੀਤੀ ਤਾਂ ਹੌਲੀ-ਹੌਲੀ ਕਰਕੇ ਉਸ ਦੇ ਕ੍ਰੈਡਿਟ ਕਾਰਡ ਨਾਲ ਕੁੱਲ ਇਕ ਲੱਖ 56 ਹਜ਼ਾਰ 850 ਰੁਪਏ ਦੀ ਸ਼ਾਪਿੰਗ ਕਰ ਲਈ ਗਈ। ਦੋਵਾਂ ਮਾਮਲਿਆਂ ਦੀ ਜਾਂਚ ਸਾਈਬਰ ਸੈੱਲ ਨੇ ਕੀਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਵਿਚ ਅਣਪਛਾਤੇ ਨੌਸਰਬਾਜ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

ਲੋਕ ਅਜਿਹੇ ਫੋਨਾਂ ਨੂੰ ਨਜ਼ਰਅੰਦਾਜ਼ ਕਰਨ: ਸਾਈਬਰ ਕ੍ਰਾਈਮ ਸੈੱਲ ਇੰਚਾਰਜ
ਸਾਈਬਰ ਸੈੱਲ ਦੀ ਇੰਚਾਰਜ ਇੰਸ. ਮੋਨਿਕਾ ਨੇ ਕਿਹਾ ਕਿ ਲੋਕ ਅਜਿਹੇ ਫੋਨਾਂ ਨੂੰ ਨਜ਼ਰਅੰਦਾਜ਼ ਕਰਨ ਤਾਂ ਕਿ ਫਰਾਡ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਸਬੰਧੀ ਵੱਖ-ਵੱਖ ਥਾਣਿਆਂ ਵਿਚ ਐੱਫ਼. ਆਈ. ਆਰਜ਼ ਵੀ ਦਰਜ ਕੀਤੀਆਂ ਗਈਆਂ ਹਨ। ਜਾਂਚ ਵਿਚ ਇਕ ਹੀ ਗੱਲ ਸਾਹਮਣੇ ਆਈ ਕਿ ਜਿਹੜੇ ਬੈਂਕਾਂ ਵਿਚ ਲੋਕਾਂ ਨੇ ਪੈਸੇ ਟਰਾਂਸਫਰ ਕਰਵਾਏ ਸਨ, ਉਹ ਸਾਰੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਖੁਲ੍ਹਵਾਏ ਗਏ ਸਨ। ਅਜਿਹੇ ਵਿਚ ਫਰਾਡ ਕਰਨ ਵਾਲੇ ਨੌਸਰਬਾਜ਼ ਵੀ ਟਰੇਸ ਨਹੀਂ ਹੋ ਸਕੇ ਪਰ ਇਸ ਤਰ੍ਹਾਂ ਦੀ ਜਾਂਚ ਅਜੇ ਵੀ ਜਾਰੀ ਹੈ। ਜਿੰਨੇ ਵੀ ਲੋਕਾਂ ਦੇ ਪੈਸੇ ਇਨ੍ਹਾਂ ਨੌਸਰਬਾਜ਼ਾਂ ਦੇ ਬੈਂਕਾਂ ਵਿਚ ਟਰਾਂਸਫਰ ਹੋਏ, ਉਹ ਸਾਰੇ ਬੈਂਕ ਖਾਤੇ ਕੇਰਲਾ, ਵੈਸਟ ਬੰਗਾਲ, ਮਹਾਰਾਸ਼ਾਟਰ, ਕੋਲਕਾਤਾ ਆਦਿ ਦੂਰ-ਦੁਰਾਡੇ ਸੂਬਿਆਂ ਦੇ ਨਿਕਲੇ ਹਨ।

ਇਹ ਵੀ ਪੜ੍ਹੋ :  ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸੰਗਤ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਗੱਡੀ ਦੇ ਉੱਡੇ ਪਰਖੱਚੇ

ਅਜਿਹਾ ਫੋਨ ਆਵੇ ਤਾਂ ਜਿਸ ਰਿਸ਼ਤੇਦਾਰ ਦਾ ਨਾਂ ਲਿਆ ਹੋਵੇ, ਉਸ ਨੂੰ ਤੁਰੰਤ ਫੋਨ ਕਰਕੇ ਪੁੱਛੋ
ਜੇਕਰ ਤੁਹਾਨੂੰ ਅਜਿਹਾ ਕੋਈ ਫੋਨ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਨਜ਼ਰਅੰਦਾਜ਼ ਕਰਨਾ ਹੀ ਬਿਹਤਰ ਹੋਵੇਗਾ। ਇਹ ਲੋਕ ਇੰਨੇ ਆਤਮਵਿਸ਼ਵਾਸ ਨਾਲ ਭਰੇ ਹੁੰਦੇ ਹਨ ਕਿ ਦੂਜੇ ਵਿਅਕਤੀ ਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਣ ਦਿੰਦੇ। ਅਜਿਹੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆਏ ਹਨ ਪਰ ਲੋਕ ਕਿਤੇ ਨਾ ਕਿਤੇ ਲਾਪ੍ਰਵਾਹੀ ਦਿਖਾ ਦਿੰਦੇ ਹਨ ਅਤੇ ਆਪਣਾ ਨੁਕਸਾਨ ਕਰਵਾ ਬੈਠਦੇ ਹਨ। ਜੇਕਰ ਕੋਈ ਵੀ ਤੁਹਾਨੂੰ ਫੋਨ ਕਰ ਕੇ ਇਹ ਕਹਿੰਦਾ ਹੈ ਕਿ ਉਹ ਵਿਦੇਸ਼ ਤੋਂ ਤੁਹਾਡਾ ਰਿਸ਼ਤੇਦਾਰ ਬੋਲ ਰਿਹਾ ਹੈ ਅਤੇ ਉਸਨੇ ਬੈਂਕ ਦੀ ਡਿਟੇਲ ਲੈ ਕੇ ਤੁਹਾਨੂੰ ਖਾਤੇ ਵਿਚ ਪੈਸੇ ਟਰਾਂਸਫਰ ਕਰਨ ਦੀ ਗੱਲ ਕਹੀ ਅਤੇ ਉਸ ਦੀ ਸਲਿੱਪ ਭੇਜ ਕੇ ਕਥਿਤ ਬੈਂਕ ਮੈਨੇਜਰ ਦੀ ਕਾਲ ਵੀ ਕਰਵਾਈ ਤਾਂ ਤੁਸੀਂ ਅਲਰਟ ਰਹੋ ਅਤੇ ਜਿਸ ਰਿਸ਼ਤੇਦਾਰ ਦਾ ਨਾਂ ਉਹ ਲੈ ਰਿਹਾ ਹੈ, ਤੁਰੰਤ ਉਸ ਨਾਲ ਸੰਪਰਕ ਕਰ ਕੇ ਵੀ ਪੁੱਛੋ। ਇਸੇ ਤਰ੍ਹਾਂ ਕਿਸੇ ਨੂੰ ਕ੍ਰੈਡਿਟ ਕਾਰਡ ਸਬੰਧੀ ਜਾਂ ਬੈਂਕ ਖਾਤੇ ਸਬੰਧੀ ਫੋਨ ਆਵੇ ਤਾਂ ਤੁਰੰਤ ਆਪਣੇ ਬੈਂਕ ਦੀ ਬ੍ਰਾਂਚ ਵਿਚ ਜਾ ਕੇ ਉਸ ਬਾਰੇ ਜਾਣਕਾਰੀ ਸਾਂਝੀ ਕਰੋ।
 

ਇਹ ਵੀ ਪੜ੍ਹੋ :  DSP ਦਲਬੀਰ ਸਿੰਘ ਕਤਲ ਮਾਮਲੇ 'ਚ CCTV ਫੁਟੇਜ ਆਈ ਸਾਹਮਣੇ, ਪੁਲਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਵਿਖਾ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News