ਮਾਛੀਵਾੜਾ ਇਲਾਕੇ ਵਿਚ ਹੋਇਆ ਅਨੋਖਾ ਅੰਤਿਮ ਸਸਕਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
Thursday, Aug 14, 2025 - 06:34 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਵਿਚ ਇਕ ਅਨੋਖਾ ਅੰਤਿਮ ਸਸਕਾਰ ਦੇਖਣ ਨੂੰ ਮਿਲਿਆ ਜਿੱਥੇ ਕਿ ਸਥਾਨਕ ਬਲੀਬੇਗ ਬਸਤੀ ਦੀ ਨਿਵਾਸੀ ਲੜਕੀ ਨਿਸ਼ਾ ਕੁਮਾਰੀ (16) ਜੋ ਕਿ 7 ਅਗਸਤ ਨੂੰ ਸਵੇਰੇ ਖੇਤਾਂ ਵਿਚ ਮਜ਼ਦੂਰੀ ਕਰਨ ਗਈ ਅਤੇ ਵਾਪਰੇ ਹਾਦਸੇ ਕਾਰਨ ਸਤਲੁਜ ਦਰਿਆ ਵਿਚ ਰੁੜ ਗਈ ਸੀ ਪਰ ਅੱਜ 7 ਬੀਤ ਜਾਣ ਦੇ ਬਾਵਜੂਦ ਵੀ ਉਸਦੀ ਲਾਸ਼ ਨਾ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੇ ਉਸਦਾ ਪੁਤਲਾ ਬਣਾ ਕੇ ਅੰਤਿਮ ਸਸਕਾਰ ਕਰ ਦਿੱਤਾ। ਲੇਬਰ ਦੇ ਠੇਕੇਦਾਰ ਨਰੇਸ਼ ਸਾਹਨੀ ਨੇ ਦੱਸਿਆ ਕਿ ਉਹ 7 ਅਗਸਤ ਨੂੰ ਬਲੀਬੇਗ ਬਸਤੀ ਤੋਂ ਖੇਤਾਂ ਵਿਚ ਮਜ਼ਦੂਰੀ ਕਰਵਾਉਣ ਲਈ ਇੱਥੋਂ ਭਾਰੀ ਗਿਣਤੀ ’ਚ ਮਜ਼ਦੂਰ ਪਿੰਡ ਦੋਪਾਣਾ ਵਿਖੇ ਕਿਸਾਨ ਦੇ ਖੇਤਾਂ ਵਿਚ ਕੰਮ ਕਰਵਾਉਣ ਲਈ ਲੈ ਕੇ ਗਿਆ ਸੀ।
ਇਹ ਵੀ ਪੜ੍ਹੋ : ਮਾਨਸਾ ਦੀ ਅਦਾਲਤ 'ਚ ਪਿਆ ਭੜਥੂ, ਜੱਜ ਦੇ ਸਜ਼ਾ ਸੁਣਾਉਂਦਿਆਂ ਹੀ ਦੋਸ਼ੀ ਨੇ...
ਉਸਨੇ ਦੱਸਿਆ ਕਿ ਕਿਸਾਨ ਵਲੋਂ ਦੁਪਹਿਰ ਨੂੰ ਮਜ਼ਦੂਰਾਂ ਨੂੰ ਛੁੱਟੀ ਕਰ ਦਿੱਤੀ ਗਈ ਜੋ ਨੇੜੇ ਹੀ ਵਗਦੇ ਦਰਿਆ ਦਾ ਪਾਣੀ ਦੇਖਣ ਚਲੇ ਗਏ। ਇਸ ਦੌਰਾਨ ਲੜਕੀ ਨਿਸ਼ਾ ਆਪਣੀਆਂ ਸਹੇਲੀਆਂ ਨਾਲ ਨੇੜੇ ਹੀ ਵਗਦੇ ਪਾਣੀ ਵਿਚ ਨਹਾਉਣ ਲਈ ਉਤਰੀ ਅਤੇ ਪੈਰ ਫਿਸਲਣ ਕਾਰਨ ਉਸ ਵਿਚ ਰੁੜ ਗਈ। ਪਰਿਵਾਰਕ ਮੈਂਬਰਾਂ ਵਲੋਂ ਉਸਦੀ ਲਗਾਤਾਰ ਪਾਣੀ ਵਿਚ ਤਲਾਸ਼ ਕੀਤੀ ਗਈ, ਇੱਥੋਂ ਤੱਕ ਇਸ ਗਰੀਬ ਪਰਿਵਾਰ ਨੇ ਗੋਤਾਖੋਰ ਦੀ ਵੀ ਸਹਾਇਤਾ ਲਈ ਪਰ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਉਸਦੀ ਲਾਸ਼ ਨਾ ਮਿਲੀ। ਅਖੀਰ ਅੱਜ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਨਿਸ਼ਾ ਨੂੰ ਮ੍ਰਿਤਕ ਮੰਨ ਕੇ ਅਰਥੀ ਬਣਾਈ ਤੇ ਉਸ ਉੱਪਰ ਪੁਤਲਾ ਰੱਖਿਆ ਤੇ ਚਿਹਰੇ ’ਤੇ ਫੋਟੋ ਲਗਾ ਪੁਤਲਾ ਨੂੰ ਕੱਪੜੇ ਪਹਿਨਾ ਕੇ ਘਟਨਾ ਵਾਲੀ ਥਾਂ ’ਤੇ ਦਰਿਆ ਕਿਨਾਰੇ ਅੰਤਿਮ ਸਸਕਾਰ ਕਰ ਦਿੱਤਾ। ਮਾਛੀਵਾੜਾ ਇਲਾਕੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਾਇਦ ਕਿਸੇ ਨੂੰ ਮ੍ਰਿਤਕ ਮੰਨ ਉਸਦਾ ਪੁਤਲਾ ਬਣਾ ਕੇ ਅੰਤਿਮ ਸਸਕਾਰ ਕੀਤਾ ਹੋਵੇ। ਨਿਸ਼ਾ ਦੇ ਪਰਿਵਾਰਕ ਮੈਂਬਰ ਜਿੱਥੇ ਆਪਣੀ ਧੀ ਦੇ ਖੋ ਜਾਣ ਕਾਰਨ ਦੁੱਖ ਵਿਚ ਸਨ ਉੱਥੇ ਉਸਦੀ ਲਾਸ਼ ਨਾ ਮਿਲਣ ਕਾਰਨ ਵੀ ਜਿਆਦਾ ਗ਼ਮਗੀਨ ਦਿਖਾਈ ਦਿੱਤੇ।