ਫਰੀਦਕੋਟ : ਬੈਂਕ ਧੋਖਾਧੜੀ ਮਾਮਲੇ ਵਿਚ ਪੁਲਸ ਦੀ ਵੱਡੀ ਕਾਰਵਾਈ, ਮੁੱਖ ਦੋਸ਼ੀ ਦਾ ਦੋਸਤ ਗ੍ਰਿਫ਼ਤਾਰ

Monday, Aug 11, 2025 - 01:50 PM (IST)

ਫਰੀਦਕੋਟ : ਬੈਂਕ ਧੋਖਾਧੜੀ ਮਾਮਲੇ ਵਿਚ ਪੁਲਸ ਦੀ ਵੱਡੀ ਕਾਰਵਾਈ, ਮੁੱਖ ਦੋਸ਼ੀ ਦਾ ਦੋਸਤ ਗ੍ਰਿਫ਼ਤਾਰ

ਸਾਦਿਕ (ਪਰਮਜੀਤ) : ਥਾਣਾ ਸਾਦਿਕ ਦੀ ਨਿਗਰਾਨੀ ਹੇਠ ਫਰੀਦਕੋਟ ਪੁਲਸ ਵੱਲੋਂ ਬਹੁਚਰਚਿਤ ਸਾਦਿਕ 'ਚ ਸਥਿਤ ਬੈਕ ਅੰਦਰ ਜਮਾ ਰਾਸ਼ੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਅਮਿਤ ਧੀਗੜਾ ਦੇ ਇਕ ਸਾਥੀ ਅਭਿਸ਼ੇਕ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਇਹ ਸਾਹਮਣੇ ਆਇਆ ਕਿ ਮੁਕੱਦਮੇ ਦੇ ਦੋਸ਼ੀ ਅਮਿਤ ਧੀਗੜਾ ਦੀ ਪਤਨੀ ਰੁਪਿੰਦਰ ਕੌਰ ਦੇ ਖਾਤਿਆਂ ਅੰਦਰ ਲਗਭਗ 2 ਕਰੋੜ 30 ਲੱਖ ਰੁਪਏ ਦੇ ਕਰੀਬ ਦਾ ਲੈਣ ਦੇਣ ਹੋਇਆ ਸੀ। ਜਿਸ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਰੁਪਿੰਦਰ ਕੌਰ ਨੂੰ 24 ਜੁਲਾਈ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਵਿਦੇਸ਼ ਜਾਣ ਦੀ ਤਾਕ ਵਿਚ ਸੀ। ਇਸ ਉਪਰੰਤ ਪੁਲਸ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਮੁੱਖ ਦੋਸ਼ੀ ਅਮਿਤ ਧੀਗੜਾ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਅੰਦਰ ਵਰਿੰਦਾਵਾਨ ਪਾਸੋਂ 30 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਸ ਵੱਲੋਂ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਡਰ ਵੀ ਦਿੱਤਾ ਗਿਆ ਪ੍ਰੰਤੂ ਪੁਲਸ ਟੀਮਾਂ ਦੀ ਸਮਝਦਾਰੀ ਨਾਲ ਮਥੁਰਾ ਪੁਲਸ ਦੀ ਮਦਦ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਉਪਰੰਤ ਦੋਸ਼ੀ ਅਮਿਤ ਧੀਗੜਾ ਦੀ ਪੁੱਛਗਿੱਛ ਅਤੇ ਦੋਸ਼ੀ ਦੇ ਬੈਂਕ ਖਾਤਿਆਂ ਦੀ ਸਟੇਟਮੈਟ ਦੇ ਅਧਾਰ 'ਤੇ ਦੋਸ਼ੀ ਅਮਿਤ ਧੀਗੜਾ ਦੇ 3 ਸਾਥੀਆਂ  ਨੂੰ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ਸੀ। ਜਿਸ ਵਿਚ ਸਫਲਤਾ ਹਾਸਿਲ ਕਰਦੇ ਹੋਏ ਦੋਸ਼ੀ ਅਮਿਤ ਧੀਗੜਾ ਦੇ ਸਾਥੀ ਅਭਿਸ਼ੇਕ ਕੁਮਾਰ ਗੁਪਤਾ ਨੂੰ ਉਸਦੇ ਗਾਜੀਆਬਾਦ ਵਿਖੇ ਸਥਿਤ ਫਲੈਟ ਵਿਚੋਂ 7 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪਾਸੋਂ ਅਮਿਤ ਧੀਗੜਾ ਵੱਲੋ ਪੈਸੇ ਭੇਜ ਕੇ ਦਿੱਤੇ ਹੋਏ ਕਰੀਬ 10 ਤੋਲੇ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। 

ਐੱਸ. ਐੱਸ. ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਅਮਿਤ ਧੀਗੜਾ ਵੱਲੋਂ ਲੋਕਾਂ ਦੇ ਖਾਤਿਆਂ ਵਿਚ ਹੇਰ ਫੇਰ ਕਰਕੇ ਪੈਸੇ ਕੱਢ ਕੇ ਆਪਣੇ ਦੋਸ਼ਤ ਅਭਿਸ਼ੇਕ ਕੁਮਾਰ ਨੂੰ ਗਾਜੀਆਬਾਦ ਵਿਖੇ ਫਲੈਟ ਜਿਸ ਦੀ ਕੀਮਤ 1 ਕਰੋੜ 50 ਲੱਖ ਹੈ ਲੈ ਕੇ ਦਿੱਤਾ ਹੈ। ਇਸ ਤੋਂ ਇਲਾਵਾ ਦੋਸ਼ੀ ਦੇ ਖਾਤੇ ਵਿਚ ਅਮਿਤ ਧੀਗੜਾ ਵੱਲੋਂ ਭੇਜੇ ਗਏ ਕਰੀਬ 10 ਲੱਖ ਰੁਪਏ ਵੀ ਅਭਿਸ਼ੇਕ ਦੇ ਖਾਤੇ ਵਿਚ ਮੌਜੂਦ ਹਨ। ਇਸ ਤੋਂ ਇਲਾਵਾ ਅਭਿਸ਼ੇਕ ਗੁਪਤਾ ਦੇ ਫਲੈਟ ਵਿਚ 40 ਲੱਖ ਦਾ ਫਰਨੀਚਰ ਅਤੇ ਡੈਕੋਰੇਸ਼ਨ ਕੀਤੀ ਗਈ ਹੈ। ਜਿਸ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਤਰ੍ਹਾ ਪੁਲਸ ਟੀਮਾਂ ਵੱਲੋਂ ਦੋਸ਼ੀਆਂ ਦੀ ਕਰੀਬ 2.50 ਕਰੋੜ ਰੁਪਏ ਦੀ ਚੱਲ ਅਚੱਲ ਜਾਇਦਾਦ ਨੂੰ ਕਬਜ਼ੇ ਵਿਚ ਲਿਆ ਗਿਆ ਹੈ। ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਦੇ ਕਰੀਬ 2 ਕਰੋੜ ਰੁਪਏ ਦੇ ਹੋਰ ਬੈਕਵਰਡ ਲਿੰਕ ਸਥਾਪਿਤ ਕੀਤੇ ਜਾ ਚੁੱਕੇ ਹਨ। ਜਿਸ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿਚ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜਿਸ ਵਿਚ ਮੁੱਖ ਦੋਸ਼ੀ ਅਮਿਤ ਧੀਗੜਾ ਉਸ ਦੀ ਪਤਨੀ ਅਤੇ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਅਭਿਸ਼ੇਕ ਗੁਪਤਾ ਸ਼ਾਮਲ ਹਨ। 


author

Gurminder Singh

Content Editor

Related News