ਪੰਥਕ ਸਿਆਸਤ ''ਚ ਵੱਡੇ ਤੂਫਾਨ ਦੀ ਆਹਟ, ਕੌਣ ਬਣ ਸਕਦਾ ਸੁਧਾਰ ਲਹਿਰ ਦਾ ਪ੍ਰਧਾਨ, ਟਿਕੀਆਂ ਨਜ਼ਰਾਂ
Tuesday, Aug 05, 2025 - 11:36 AM (IST)

ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ 2 ਦਸੰਬਰ 2024 ਨੂੰ ਦਿੱਤੇ ਗਏ ਹੁਕਮਾਂ ਤੋਂ ਬਾਅਦ ਬਣਾਈ ਗਈ 5 ਮੈਂਬਰੀ ਕਮੇਟੀ ਅਕਾਲੀ ਦਲ (ਸੁਧਾਰ ਲਹਿਰ) ਵੱਲੋਂ ਪਾਰਟੀ ਵਿਚ 15 ਲੱਖ ਦੀ ਭਰਤੀ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸਭ ਦਰਮਿਆਨ ਸੁਧਾਰ ਲਹਿਰ ਵੱਲੋਂ ਪਾਰਟੀ ਦੇ ਡੈਲੀਗੇਟ ਇਜਲਾਸ ਲਈ 11 ਅਗਸਤ ਨੂੰ ਐੱਸ. ਜੀ. ਪੀ. ਸੀ. ਤੋਂ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਗਿਆ ਸੀ ਪਰ ਐੱਸ.ਜੀ.ਪੀ.ਸੀ. ਵੱਲੋਂ ਇਹ ਮਾਮਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਭੇਜ ਦਿੱਤੇ ਜਾਣ ਕਾਰਨ ਪੰਥਕ ਹਲਕਿਆਂ ਵਿਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਅੰਦਰੋਂ-ਅੰਦਰ ਇਹ ਸਵਾਲ ਉਠ ਰਹੇ ਹਨ ਕਿ ਕੀ ਸਿੰਘ ਸਾਹਿਬ ਇਸ ਮਾਮਲੇ ਵਿਚ ਦਖ਼ਲ ਦਿੰਦਿਆਂ ਇਜਲਾਸ ਨੂੰ ਰੋਕ ਸਕਦੇ ਹਨ ਜਾਂ ਫਿਰ ਉਹ ਦਸੰਬਰ ਦੇ ਹੁਕਮਨਾਮੇ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਯਾਦ ਰਹੇ ਕਿ 2 ਦਸੰਬਰ ਦੇ ਹੁਕਮਨਾਮੇ ਵਿਚ ਸਾਰੇ ਧੜਿਆਂ ਨੂੰ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਇਕੋ ਛੱਤ ਹੇਠਾਂ ਆਉਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਮੌਜੂਦਾ ਲੀਡਰਸ਼ਿਪ ਪੰਥ ਦੀ ਅਗਵਾਈ ਦਾ ਹੱਕ ਗੁਆ ਚੁੱਕੀ ਹੈ। ਜਥੇਦਾਰਾਂ ਦੇ ਇਸ ਫੈਸਲੇ ਤੋਂ ਸਪੱਸ਼ਟ ਹੋ ਗਿਆ ਸੀ ਕਿ ਨਵੀਂ ਭਰਤੀ ਤੋਂ ਬਾਅਦ ਪੰਥ ਦੀ ਅਗਵਾਈ ਲਈ ਨਵੇਂ ਚਿਹਰੇ ਅੱਗੇ ਲਿਆਉਣ ਦੀ ਗੱਲ ਆਖੀ ਗਈ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹੁਕਮ ਜਾਰੀ
ਦੂਜੇ ਪਾਸੇ ਇਸ ਸਭ ਦੇ ਬਾਵਜੂਦ ਅਕਾਲੀ ਦਲ (ਬ) ਵੱਲੋਂ ਆਪਣੇ ਤੌਰ 'ਤੇ ਆਪਣੀ ਭਰਤੀ ਭਰਤੀ ਕਰਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕਰ ਲਿਆ ਸੀ ਜਦਕਿ ਕਿ ਹੁਣ ਜਿਹੜੇ ਹਾਲਾਤ ਮੌਜੂਦਾ ਵਿਚ ਬਣ ਰਹੇ ਹਨ, ਇਹ ਪੰਜਾਬ ਦੀ ਪੰਥਕ ਸਿਆਸਤ ਵਿਚ ਨਵਾਂ ਭੂਚਾਲ ਲਿਆ ਸਕਦੇ ਹਨ ਕਿਉਂਕਿ ਮੌਜੂਦਾ ਸਿੰਘ ਸਾਹਿਬਾਨ ਦੂਜੇ ਧੜਿਆਂ ਜਿਨ੍ਹਾਂ ਵਿਚ ਸਿਮਰਨਜੀਤ ਸਿੰਘ ਮਾਨ ਤੇ ਅੰਮ੍ਰਿਤਪਾਲ ਸਿੰਘ ਹਨ, ਦੇ ਧੜਿਆਂ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਬਾਦਲ ਧੜੇ ਨੂੰ ਕਿਨਾਰੇ ਕਰਕੇ ਪੰਥ ਦੀ ਅਗਵਾਈ ਲਈ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਜੇ ਜਥੇਦਾਰ ਸੁਧਾਰ ਲਹਿਰ ਨੂੰ ਨਵਾਂ ਜਥੇਬੰਦਕ ਢਾਂਚਾ ਬਨਾਉਣ ਤੋਂ ਰੋਕਣਾ ਚਾਹੁਣ ਤਾਂ ਉਨ੍ਹਾਂ ਨੂੰ ਦੋ ਦਸੰਬਰ ਦੇ ਮੌਜੂਦਾ ਲੀਡਰਸ਼ਿਪ ਨੂੰ ਨਕਾਰਨਾ ਪਵੇਗਾ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖਿਰ ਪਾਵਰਕਾਮ ਨੇ ਸ਼ੁਰੂ ਕਰ ਦਿੱਤੀ ਕਾਰਵਾਈ
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜੇਕਰ ਸੁਧਾਰ ਲਹਿਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਇਜਲਾਸ ਦੀ ਇਜਾਜ਼ਤ ਨਹੀਂ ਮਿਲਦੀ ਹੈ ਤਾਂ ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਆਪਣਾ ਡੈਲੀਗੇਟ ਇਜਲਾਸ ਕਰ ਸਕਦੇ ਹਨ। ਚਰਚਾ ਇਹ ਵੀ ਹੈ ਕਿ ਜੇ ਸਿੰਘ ਸਾਹਿਬਾਨ ਵੱਲੋਂ ਸੁਧਾਰ ਲਹਿਰ ਦੇ ਆਗੂਆਂ ਨੂੰ ਪੰਥ ਦੀ ਅਗਵਾਈ ਕਰਨ ਤੋਂ ਵਰਜਿਆ ਜਾਂਦਾ ਹੈ ਤਾਂ ਸੁਧਾਰ ਲਹਿਰ ਪਾਰਟੀ ਦੀ ਅਗਵਾਈ ਲਈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਧੀ ਬੀਬੀ ਸਤਵੰਤ ਕੌਰ ਦੇ ਨਾਵਾਂ 'ਤੇ ਵਿਚਾਰ ਕਰ ਸਕਦਾ ਹੈ। ਇਸ ਨਾਲ ਪੰਥਕ ਹਲਕਿਆਂ ਵਿਚ ਟਕਰਾਅ ਵਧਣਾ ਸੁਭਾਵਕ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਸੁਧਾਰ ਲਹਿਰ ਦੇ ਆਗੂਆਂ ਵਲੋਂ ਦੂਜੇ ਅਕਾਲੀ ਧੜਿਆਂ ਨਾਲ ਕੁਝ ਮੁੱਢਲੀ ਗੱਲਬਾਤ ਵੀ ਕੀਤੀ ਗਈ ਹੈ ਪਰ ਬਹੁਤੇ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜਲਦੀ ਹੋਂਦ ਵਿਚ ਲਿਆਂਦਾ ਜਾਣਾ ਜ਼ਰੂਰੀ ਹੈ ਤਾਂ ਜੋ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚਾਲੂ ਸਾਲ ਦੌਰਾਨ ਹੀ ਹੋਣ ਜਾ ਰਹੀਆਂ ਚੋਣਾਂ ਲਈ ਆਪਣੇ- ਆਪ ਨੂੰ ਤਿਆਰ ਤੇ ਜਥੇਬੰਦ ਕਰ ਸਕੇ।
ਇਹ ਵੀ ਪੜ੍ਹੋ : ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e