ਪੰਜਾਬ ਨੈਸ਼ਨਲ ਬੈਂਕ ''ਚੋਂ ਸੋਨਾ ਚੋਰੀ ਮਾਮਲੇ ''ਚ ਮੁਲਜ਼ਮ ਗ੍ਰਿਫ਼ਤਾਰ

Tuesday, Aug 05, 2025 - 06:19 PM (IST)

ਪੰਜਾਬ ਨੈਸ਼ਨਲ ਬੈਂਕ ''ਚੋਂ ਸੋਨਾ ਚੋਰੀ ਮਾਮਲੇ ''ਚ ਮੁਲਜ਼ਮ ਗ੍ਰਿਫ਼ਤਾਰ

ਬੁਢਲਾਡਾ (ਬਾਂਸਲ) : ਬੁਢਲਾਡਾ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਚੌਕੀਦਾਰ ਵੱਲੋਂ ਬੈਂਕ ਦੀ ਤਿਜੋਰੀ ਵਿਚ ਰੱਖਿਆ ਸੋਨਾ ਚੋਰੀ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਸ ਨੇ ਚੌਕੀਦਾਰ ਨੂੰ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਚੌਕੀਦਾਰ ਨੇ ਕਿਸੇ ਵੀ ਬੈਂਕ ਅਧਿਕਾਰੀ ਜਾਂ ਕਰਮਚਾਰੀ ਨੂੰ ਇਸ ਬਾਰੇ ਦੱਸੇ ਬਿਨਾਂ ਬੈਂਕ ਵਿਚ ਰੱਖਿਆ ਲਗਭਗ 36 ਤੋਲੇ ਸੋਨਾ ਹੌਲੀ-ਹੌਲੀ ਚੋਰੀ ਕਰ ਲਿਆ ਸੀ। ਬੈਂਕ ਅਧਿਕਾਰੀਆਂ ਨੇ ਚੌਕੀਦਾਰ ਨੂੰ ਸੋਨੇ ਦੀ ਤਿਜੋਰੀ ਦੀ ਰਾਖੀ ਲਈ ਲਗਾਇਆ ਸੀ। ਜਦੋਂ ਤਿਜੋਰੀ ਵਿਚੋਂ ਸੋਨਾ ਗਾਇਬ ਹੋ ਗਿਆ ਤਾਂ ਬੈਂਕ ਅਧਿਕਾਰੀ ਘਬਰਾ ਗਏ। ਬੈਂਕ ਮੈਨੇਜਰ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਮੋਹਨ ਸਿੰਘ ਔਲਖ, ਐੱਸਪੀ (ਇਨਵੇ) ਮਾਨਸਾ ਨੇ ਦੱਸਿਆ ਕਿ 31 ਜੁਲਾਈ ਨੂੰ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਬੈਂਕ ਮੈਨੇਜਰ ਸੰਜੇ ਕੁਮਾਰ ਨੇ ਥਾਣਾ ਸਿਟੀ ਬੁਢਲਾਡਾ ਨੂੰ ਸੂਚਿਤ ਕੀਤਾ ਕਿ 22 ਜੁਲਾਈ ਨੂੰ ਬੈਂਕ ਦੇ ਚੌਕੀਦਾਰ ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਵੱਲੋਂ ਬੈਂਕ ਲਾਕਰ ਵਿੱਚੋਂ ਸੋਨੇ ਦੇ 6 ਪੈਕੇਟ, ਜਿਨ੍ਹਾਂ ਦੀ ਕੀਮਤ 37 ਲੱਖ ਰੁਪਏ ਸੀ, ਚੋਰੀ ਕਰ ਲਏ ਗਏ। 

ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ, ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਵਿਰੁੱਧ ਧਾਰਾ 305 (ਈ) ਬੀਐੱਨਐੱਸ, ਥਾਣਾ ਸਿਟੀ ਬੁਢਲਾਡਾ ਤਹਿਤ ਮਾਮਲਾ ਦਰਜ ਕੀਤਾ ਗਿਆ। ਜਿਸ ’ਤੇ ਥਾਣਾ ਸਿਟੀ ਬੁਢਲਾਡਾ ਦੇ ਮੁੱਖ ਅਫ਼ਸਰ ਨੇ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੋਰੀ ਕੀਤੇ ਸੋਨੇ ਵਿਚੋਂ 174 ਗ੍ਰਾਮ 680 ਮਿਲੀਗ੍ਰਾਮ ਬਰਾਮਦ ਕੀਤਾ ਅਤੇ ਬਾਕੀ 179 ਗ੍ਰਾਮ 99 ਮਿਲੀਗ੍ਰਾਮ ਸੋਨਾ ਬਜਾਜ ਫਾਈਨਾਂਸ ਵਿਚ ਰੱਖਿਆ ਗਿਆ ਸੀ, ਸੋਨਾ ਬਰਾਮਦ ਕਰਨ ਲਈ ਬੈਂਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਨਾਲ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Gurminder Singh

Content Editor

Related News