ਰਿਆਨ ਸਕੂਲ ਦੇ ਬੱਚੇ ਨਾਲ ਕੁੱਟਮਾਰ

Friday, Sep 29, 2017 - 02:24 AM (IST)

ਲੁਧਿਆਣਾ,  (ਜ.ਬ.)-  ਇਕ ਪਾਸੇ ਜਿੱਥੇ ਹਰਿਆਣਾ ਦੇ ਗੁੜਗਾਓਂ ਸਥਿਤ ਰਿਆਨ ਇੰਟਰਨੈਸ਼ਨਲ ਵਿਚ ਹੋਈ ਇਕ ਬੱਚੇ ਦੀ ਹੱਤਿਆ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ, ਉਥੇ ਅੱਜ ਮਹਾਨਗਰ ਲੁਧਿਆਣਾ ਵਿਚ ਚੰਡੀਗੜ੍ਹ ਰੋਡ, ਜਮਾਲਪੁਰ ਵਿਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਚੌਥੀ ਦੇ ਇਕ ਵਿਦਿਆਰਥੀ ਨਾਲ ਸਕੂਲ ਦੇ ਪੀ. ਟੀ. ਮਾਸਟਰ ਅਤੇ ਕਲਾਸ ਟੀਚਰ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਅਤੇ ਧਮਕਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਤ ਬੱਚੇ ਦੇ ਪਿਤਾ ਨੇ ਸਬੰਧਿਤ ਥਾਣਾ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੰਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਹਰਕਤ ਵਿਚ ਆਈ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਦੇਰ ਤੱਕ ਸਬ-ਡਵੀਜ਼ਨ ਸਾਹਨੇਵਾਲ ਦੇ ਏ. ਸੀ. ਪੀ. ਹਰਕੰਵਲ ਕੌਰ ਅਤੇ ਏ. ਸੀ. ਪੀ. ਈਸਟ ਪਵਨਜੀਤ ਚੌਧਰੀ ਵੱਲੋਂ ਸ਼ਿਕਾਇਤਕਰਤਾ ਪਰਿਵਾਰ ਨਾਲ ਮੀਟਿੰਗ ਕੀਤੀ ਜਾ ਰਹੀ ਸੀ। ਬੱਚੇ ਨਾਲ ਕੁੱਟਮਾਰ ਤੋਂ ਬਾਅਦ ਦੋਵੇਂ ਅਧਿਆਪਕ ਸ਼ਹਿਰ ਤੋਂ ਬਾਹਰ ਦੱਸੇ ਜਾ ਰਹੇ ਹਨ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਦੇ ਪਿਤਾ ਜਸਵਿੰਦਰ ਸਿੰਘ ਵਾਸੀ ਅਹਾਤਾ ਮੁਹੰਮਦ ਤੈਯਾਰ ਨੇੜੇ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਨੇ ਦੱਸਿਆ ਕਿ ਉਸ ਦਾ ਬੱਚਾ ਮਨਮੁਖ ਸਿੰਘ ਉਰਫ ਆਸ਼ੀਸ਼ ਰਿਆਨ ਇੰਟਰਨੈਸ਼ਨਲ ਸਕੂਲ ਜਮਾਲਪੁਰ ਵਿਚ ਚੌਥੀ ਜਮਾਤ ਦਾ ਵਿਦਿਆਰਥੀ ਹੈ। ਬੀਤੀ 27 ਸਤੰਬਰ ਨੂੰ ਸਕੂਲ 'ਚ ਖੇਡਦਾ ਹੋਇਆ ਇਕ ਬੱਚਾ ਨੈਤਿਕ ਕਪੂਰ ਡਿੱਗ ਗਿਆ ਅਤੇ ਉਸ ਦਾ ਦੰਦ ਟੁੱਟ ਗਿਆ, ਜਿਸ ਤੋਂ ਬਾਅਦ ਸਕੂਲ ਵੱਲੋਂ ਉਸ ਦੀ ਪਤਨੀ ਹਰਜੀਤ ਕੌਰ ਤੇ ਦੂਜੇ ਬੱਚੇ ਦੇ ਪਰਿਵਾਰ ਨੂੰ ਬੁਲਾਇਆ ਗਿਆ। ਦੋਵਾਂ ਬੱਚਿਆਂ ਨੂੰ ਸਮਝਾਉਣ ਤੋਂ ਬਾਅਦ ਉਨ੍ਹਾਂ ਸੌਰੀ ਫੀਲ ਕਰਦੇ ਹੋਏ ਮਾਮਲੇ ਨੂੰ ਖਤਮ ਕਰ ਦਿੱਤਾ ਪਰ ਜਦੋਂ ਉਨ੍ਹਾਂ ਦਾ ਬੱਚਾ ਸਕੂਲ ਪਰਤਿਆ ਤਾਂ ਉਸ ਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਸਨ। ਪੁੱਛਣ 'ਤੇ ਮਨਮੁਖ ਨੇ ਦੱਸਿਆ ਕਿ ਉਸ ਦੇ ਕਲਾਸ ਟੀਚਰ ਤੇ ਪੀ. ਟੀ. ਮਾਸਟਰ ਨੇ ਉਸ ਨੂੰ ਪੀ. ਟੀ. ਰੂਮ ਵਿਚ ਲਿਜਾ ਕੇ ਉਸ ਦੀ ਡੰਡੇ ਅਤੇ ਥੱਪੜਾਂ ਨਾਲ ਕੁੱਟਮਾਰ ਕੀਤੀ, ਜਿਨ੍ਹਾਂ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਬੁਰੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਜਸਵਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਇਸ ਕਦਰ ਡਰਿਆ ਹੋਇਆ ਹੈ ਕਿ ਉਹ ਕੁਝ ਬੋਲ ਵੀ ਨਹੀਂ ਰਿਹਾ।
ਪੂਰੇ ਮਾਮਲੇ ਦਾ ਪਤਾ ਲੱਗਣ 'ਤੇ ਉਹ ਸਕੂਲ ਪੁੱਜੇ ਅਤੇ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ। ਜਦੋਂ ਦੋਵਾਂ ਅਧਿਆਪਕਾਂ ਨੂੰ ਸਕੂਲ ਵਿਚ ਬੁਲਾਉਣ ਲਈ ਕਿਹਾ ਤਾਂ ਬੱਚੇ ਦੀ ਕਲਾਸ ਟੀਚਰ ਨੇ ਕਿਹਾ ਕਿ ਉਹ ਦਿੱਲੀ ਜਾ ਰਹੀ ਹੈ ਤੇ ਰਸਤੇ ਵਿਚ ਹੈ, ਜਦਕਿ ਪੀ. ਟੀ. ਅਧਿਆਪਕ ਵੀ ਸ਼ਹਿਰ ਤੋਂ ਬਾਹਰ ਸੀ। ਪੀੜਤ ਬੱਚੇ ਦੇ ਪਿਤਾ ਨੇ ਦੋਸ਼ ਲਾਇਆ ਕਿ ਉਕਤ ਅਧਿਆਪਕ ਉਸ ਦੇ ਬੱਚੇ ਨਾਲ ਕੁੱਟਮਾਰ ਕਰ ਕੇ ਤੇ ਧਮਕੀਆਂ ਦੇਣ ਤੋਂ ਬਾਅਦ ਫਰਾਰ ਹੋ ਗਏ ਹਨ। ਉਸ ਦਾ ਬੱਚਾ ਸ਼ੁਰੂ ਤੋਂ ਹੀ ਉਕਤ ਸਕੂਲ ਵਿਚ ਪੜ੍ਹਦਾ ਹੈ, ਕਿਤੇ ਪ੍ਰਦੂਮਣ ਕਾਂਡ ਵਰਗਾ ਹਾਦਸਾ ਉਸ ਦੇ ਬੱਚੇ ਨਾਲ ਵੀ ਨਾ ਹੋ ਜਾਵੇ, ਜਿਸ ਕਾਰਨ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੈ।


Related News