ਥਾਣਾ ਬਾਵਾ ਖੇਲ ’ਚ ਹਵਾਲਾਤੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪਬਲਿਕ ਡੀਲਿੰਗ ਬੰਦ
Saturday, Jun 20, 2020 - 07:42 AM (IST)
ਜਲੰਧਰ, (ਮ੍ਰਿਦੁਲ)–ਬੀਤੇ ਦਿਨੀਂ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਇਲਾਕੇ ਵਿਚ ਕੁੱਟਮਾਰ ਦੇ ਕੇਸ ਵਿਚ ਫੜੇ ਗਏ ਮੁਲਜ਼ਮ ਸੂਰਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪੂਰੇ ਥਾਣੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਸ ਨੂੰ ਫੜਨ ਤੋਂ ਲੈ ਕੇ ਸਿਵਲ ਹਸਪਤਾਲ ਵਿਖੇ ਮੈਡੀਕਲ ਲਈ ਲਿਜਾਣ ਵਾਲੇ 3 ਮੁਲਾਜ਼ਮਾਂ ਦਾ ਵੀ ਬੀਤੀ ਸ਼ਾਮ ਨੂੰ ਟੈਸਟ ਕਰਵਾ ਲਿਆ ਗਿਆ,ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਐੱਸ.ਐੱਚ. ਓ. ਨਿਰਲੇਪ ਸਿੰਘ ਨੇ ਮੁਲਜ਼ਮ ਸੂਰਜ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਰੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੁਲਜ਼ਮ ਨੂੰ ਸਿਵਲ ਹਸਪਤਾਲ ਕੁਆਰੰਟਾਈਨ ਜ਼ੋਨ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਐੱਸ. ਐੱਚ. ਓ. ਨਿਰਲੇਪ ਸਿੰਘ ਨੇ ਦੱਸਿਆ ਕਿ ਹਵਾਲਾਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਥਾਣੇ ਵਿਚ ਪਬਲਿਕ ਡੀਲਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਰਫ ਐਮਰਜੈਂਸੀ ਵਿਚ ਹੀ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਕੰਮ ਕੀਤਾ ਜਾਵੇਗਾ। ਬਾਕੀ ਨਾਰਮਲ ਪਬਲਿਕ ਡੀਲਿੰਗ ਨੂੰ ਬੰਦ ਕਰ ਕੇ ਸਾਰੇ ਮੁਲਾਜ਼ਮਾਂ ਨੂੰ ਵੀ ਆਦੇਸ਼ ਦਿੱਤੇ ਗਏ ਹਨ। ਅਜਿਹਾ ਨਹੀਂ ਹੈ ਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਨਹੀਂ ਸੁਣੀਆਂ ਜਾਣਗੀਆਂ ਪਰ ਫਿਲਹਾਲ ਅਹਿਤਿਆਤ ਵਰਤਦੇ ਹੋਏ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।