ਖਹਿਰਾ ਇਸ ਵਾਰ ਬਠਿੰਡਾ ਸੀਟ ਤੋਂ ਅਜ਼ਮਾਉਣਗੇ ਆਪਣੀ ਕਿਸਮਤ, ਜਾਣੋ ਪਿਛੋਕੜ

04/05/2019 11:37:34 AM

ਬਠਿੰਡਾ (ਵੈੱਬ ਡੈਸਕ) : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਬਠਿੰਡਾ ਤੋਂ ਸੁਖਪਾਲ ਖਹਿਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੁਖਪਾਲ ਸਿੰਘ ਖਹਿਰਾ ਦਾ ਜਨਮ 13 ਜਨਵਰੀ, 1965 'ਚ ਕਪੂਰਥਲਾ ਵਿਖੇ ਹੋਇਆ ਸੀ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਰਹੇ ਹਨ ਤੇ 2007 ਤੋਂ 2012 ਤੱਕ ਭੁਲੱਥ ਤੋਂ ਵਿਧਾਇਕ ਰਹੇ ਹਨ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਮੈਦਾਨ 'ਚ ਉਤਾਰੇ ਗਏ ਖਹਿਰਾ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਨੂੰ ਹਰਾਇਆ ਸੀ। ਖਹਿਰਾ ਨੇ 48072 ਵੋਟਾਂ ਹਾਸਲ ਕੀਤੀਆਂ ਸਨ ਜਦਕਿ ਬੀਬੀ ਜਗੀਰ ਕੌਰ ਨੂੰ 39208 ਵੋਟਾਂ ਮਿਲੀਆਂ ਸਨ। 

ਸੁਖਪਾਲ ਖਹਿਰਾ ਦਾ ਸਿਆਸੀ ਸਫਰ 
ਸੁਖਪਾਲ ਦਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਹੋਇਆ ਤੇ ਪਹਿਲੀ ਵਾਰ ਕਪੂਰਥਲਾ ਜ਼ਿਲੇ ਦੇ ਪਿੰਡ ਰਾਮਗੜ੍ਹ ਤੋਂ ਪੰਚਾਇਤ ਮੈਂਬਰ ਚੁਣੇ ਗਏ। 1997 'ਚ ਖਹਿਰਾ ਨੇ ਯੂਥ ਕਾਂਗਰਸ ਜੁਆਇੰਨ ਕੀਤੀ ਤੇ ਪੰਜਾਬ ਯੂਥ ਕਾਂਗਰਸ ਦੇ ਉਪ ਮੁਖੀ ਚੁਣੇ ਗਏ। ਇਸ ਦੇ ਬਾਅਦ 1999 'ਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦੇ ਰੂਪ 'ਚ ਜ਼ਿੰਮੇਵਾਰੀ ਦਿੱਤੀ ਗਈ। 25 ਦਸੰਬਰ, 2015 'ਚ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ।

ਆਮ ਆਦਮੀ ਪਾਰਟੀ ਤੋਂ ਬਾਗੀ ਹੋਣਾ  
27 ਜੁਲਾਈ 2018 ਨੂੰ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਕੇ ਸਿਆਸਤ 'ਚ ਭੁਚਾਲ ਲਿਆ ਦਿੱਤਾ। ਜਿਸ ਤੋਂ ਬਾਅਦ 8 ਵਿਧਾਇਕਾਂ ਸਮੇਤ ਕੰਵਰ ਸੰਧੂ ਨੇ 2 ਅਗਸਤ ਨੂੰ ਬਠਿੰਡਾ ਕੰਨਵੈਸ਼ਨ 'ਚ ਸੁਖਪਾਲ ਖਹਿਰਾ ਦਾ ਸਾਥ ਦਿੰਦੇ ਹੋਏ ਖਹਿਰਾ ਨਾਲ ਮੋਢਾ ਜੋੜ ਲਿਆ। ਜਿਸ ਤੋਂ ਬਾਅਦ ਕੰਵਰ ਸੰਧੂ ਵੀ ਸੁਖਪਾਲ ਖਹਿਰਾ ਵਾਂਗ ਪਾਰਟੀ ਦੀਆਂ ਨਜ਼ਰਾਂ 'ਚ ਰੜਕਣ ਲੱਗ ਗਏ। ਇਕ ਤੋਂ ਬਾਅਦ ਇਕ ਚੱਲੇ ਵਿਵਾਦ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਸਖਤੀ ਦਿਖਾਉਂਦੇ ਹੋਏ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ। ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋ ਰਹੇ ਸੀ ਤੇ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। 'ਆਪ' ਦੀ ਕੌਰ ਕਮੇਟੀ ਦਾ ਵੀ ਬਿਆਨ ਹੈ ਕਿ ਪਿਛਲੇ ਸਮੇਂ ਤੋਂ ਦੋਵਾਂ ਆਗੂਆਂ ਨੂੰ ਸਮਝਾਉਣ ਦੇ ਯਤਨ ਕੀਤੇ ਜਾ ਰਹੇ ਸੀ ਪਰ ਗੱਲਬਾਤ ਕਿਸੇ ਕਿਨਾਰੇ ਨਾ ਲੱਗਣ ਕਾਰਨ ਉਹਨਾਂ ਨੂੰ ਫੌਰੀ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਲੈਣਾ ਪਿਆ। 

ਨਵੀਂ ਪਾਰਟੀ ਦਾ ਐਲਾਨ 
ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਤੋਂ 7 ਜਨਵਰੀ 2019 ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। ਖਹਿਰਾ ਵਲੋਂ ਇਸ ਪਾਰਟੀ ਦਾ ਨਾਂ 'ਪੰਜਾਬੀ ਏਕਤਾ ਪਾਰਟੀ' ਰੱਖਿਆ। ਇਸ ਤੋਂ ਥੋੜ੍ਹੇ ਸਮਾਂ ਬਾਅਦ ਹੀ ਪਾਰਟੀ ਦੇ ਨਾਂ ਨੂੰ ਲੈ ਕੇ ਕੁਝ ਸਮੱਸਿਆਵਾਂ ਆਈਆਂ, ਜਿਨ੍ਹਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਨਾਂ ਬਦਲ ਕੇ 'ਪੰਜਾਬ ਏਕਤਾ ਪਾਰਟੀ' ਰੱਖ ਦਿੱਤਾ ਗਿਆ।  

'ਪੰਜਾਬ ਏਕਤਾ ਪਾਰਟੀ' ਦਾ ਅਸਲੀ ਪ੍ਰਧਾਨ
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨਹੀਂ ਹਨ ਬਲਕਿ ਦਸਤਾਵੇਜ਼ਾਂ ਮੁਤਾਬਕ ਪਾਰਟੀ ਦੀ ਪ੍ਰਧਾਨਗੀ ਫਰੀਦਕੋਟ ਦੇ ਸਨਕਦੀਪ ਸਿੰਘ ਨੂੰ ਦਿੱਤੀ ਗਈ ਹੈ, ਜਿਸ ਸਮੇਂ ਪਾਰਟੀ ਦੀ ਸਥਾਪਨਾ ਹੋਈ ਸੀ, ਉਸ ਵੇਲੇ ਸੁਖਪਾਲ ਖਹਿਰਾ ਨੂੰ ਪਾਰਟੀ ਦਾ ਮੁੱਖ ਚਿਹਰਾ ਦੱਸਿਆ ਗਿਆ ਸੀ ਪਰ ਕਾਗਜ਼ੀ ਕਾਰਵਾਈ 'ਚ ਅਧਿਕਾਰਤ ਤੌਰ 'ਤੇ ਸਨਕਦੀਪ ਨੂੰ ਪਾਰਟੀ ਦਾ ਪ੍ਰਧਾਨ ਦੱਸਿਆ ਗਿਆ ਹੈ। ਫਰੀਦਕੋਟ ਦੇ ਹੀ ਜਸਵੰਤ ਸਿੰਘ ਪਾਰਟੀ ਦੇ ਜਨਰਲ ਸਕੱਤਰ ਹਨ ਤੇ ਇਥੋਂ ਦੇ ਹੀ ਕੁਲਦੀਪ ਸਿੰਘ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਗਿਆ ਹੈ। 


Baljeet Kaur

Content Editor

Related News