ਬਠਿੰਡਾ ''ਚ Air Force ਸਟੇਸ਼ਨ ਨੇੜੇ ਦੋ ਧਮਾਕੇ, ਜ਼ਿਲ੍ਹੇ ''ਚ ਰੈੱਡ ਅਲਰਟ ਜਾਰੀ
Saturday, May 10, 2025 - 09:57 AM (IST)

ਬਠਿੰਡਾ (ਵਿਜੈ ਵਰਮਾ): ਸ਼ਨੀਵਾਰ ਸਵੇਰੇ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਨੇੜੇ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਇੰਨੀ ਉੱਚੀ ਸੀ ਕਿ ਨੇੜਲੇ ਇਲਾਕਿਆਂ ਦੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ੌਜ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਵਾਹਾਂ ਮੁਤਾਬਕ ਦੋ ਧਮਾਕਿਆਂ ਦੀ ਆਵਾਜ਼ ਆਈ ਸੀ ਜਿਸ ਤੋਂ ਬਾਅਦ ਸਾਇਰਨ ਵੀ ਵੱਜਣ ਲੱਗ ਪਏ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਸ਼ਹਿਰ 'ਚ ਸਵੇਰੇ-ਸਵੇਰੇ ਵੱਡਾ ਧਮਾਕੇ! ਵੱਜ ਰਹੇ ਖ਼ਤਰੇ ਦੇ ਘੁੱਗੂ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ
ਫ਼ੌਜ ਅਤੇ ਪ੍ਰਸ਼ਾਸਨ ਚੌਕਸ
ਧਮਾਕਿਆਂ ਤੋਂ ਬਾਅਦ ਫ਼ੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਹਰ ਕਿਸੇ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਜ਼ਿਲ੍ਹੇ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਰੂਰੀ ਲੋੜ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਆਪਣੀ ਸੁਰੱਖਿਆ ਲਈ ਸਾਵਧਾਨ ਰਹਿਣ। ਉਨ੍ਹਾਂ ਨੇ ਸਾਫ਼ ਕੀਤਾ ਕਿ ਬਿਜਲੀ ਸਪਲਾਈ ਜਾਰੀ ਰਹੇਗੀ ਪਰ ਹੋਰ ਸੁਰੱਖਿਆ ਉਪਾਅ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ।
ਵੀਰਵਾਰ ਰਾਤ ਵੀ ਹੋਏ ਸਨ ਧਮਾਕੇ
ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਵੀ ਬਠਿੰਡਾ 'ਚ ਚਾਰ ਤੋਂ ਵੱਧ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ। ਪਿੰਡ ਤੁੰਗਵਾਲੀ 'ਚ ਇੱਕ ਘਰ ਦੀਆਂ ਖਿੜਕੀਆਂ ਅਤੇ ਦਰਵਾਜਿਆਂ ਨੂੰ ਨੁਕਸਾਨ ਪਹੁੰਚਿਆ। ਪਿੰਡ ਬੀੜ ਤਲਾਬ, ਬੁਰਜ ਮਹਮਾ ਅਤੇ ਹੋਰ ਨੇੜਲੇ ਖੇਤਾਂ ਵਿੱਚ ਬਮ ਵਰਗੀਆਂ ਚੀਜ਼ਾਂ ਦੇ ਟੁਕੜੇ ਮਿਲੇ, ਜਿਨ੍ਹਾਂ ਨੂੰ ਫੌਜ ਦੇ ਜਵਾਨਾਂ ਨੇ ਕਬਜ਼ੇ 'ਚ ਲੈ ਲਿਆ। ਪਿੰਡਵਾਸੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਲਗਭਗ 10:45 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਕਈ ਲੋਕਾਂ ਨੇ ਅਕਾਸ਼ 'ਚ ਚਮਕ ਦੇਖੀ ਅਤੇ ਫਿਰ ਧਮਾਕਾ ਮਹਿਸੂਸ ਕੀਤਾ। ਪਿੰਡਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ ਲੋਕ ਫੌਜ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਲਗਾਤਾਰ ਹੋ ਰਹੇ ਧਮਾਕੇ, ਸੁੱਤੇ ਪਏ ਮੁੰਡੇ ਉੱਪਰ ਆ ਡਿੱਗੇ ਮਿਜ਼ਾਈਲ ਦੇ ਟੁਕੜੇ! ਟੁੱਟੇ ਗੱਡੀਆਂ ਦੇ ਸ਼ੀਸ਼ੇ
ਜਾਂਚ ਜਾਰੀ
ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਆਤੰਕਵਾਦੀ ਸਾਜ਼ਿਸ਼ ਨੂੰ ਨਕਾਰ ਨਹੀਂ ਰਹੀਆਂ। NIA ਅਤੇ ਹੋਰ ਖੁਫੀਆ ਏਜੰਸੀਆਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਬੰਬ ਸਕਵਾਡ ਅਤੇ ਫੌਰੇਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਅਤੇ ਸਬੂਤ ਇਕੱਠੇ ਕਰਨ ਦਾ ਕੰਮ ਜਾਰੀ ਹੈ। ਬਠਿੰਡਾ ਦੀ ਸਥਿਤੀ ਫਿਲਹਾਲ ਸੰਵੇਦਨਸ਼ੀਲ ਬਣੀ ਹੋਈ ਹੈ। ਫ਼ੌਜ ਅਤੇ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਵਜੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਅਪਡੇਟ ਦਿੱਤੇ ਜਾਂਦੇ ਰਹਿਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8