ਬਠਿੰਡੇ ਤੋਂ ਭਿੜ ਸਕਦੀਆਂ ਹਨ ਦਰਾਣੀ-ਜਠਾਣੀ

11/15/2018 11:33:54 AM

ਬੁਢਲਾਡਾ(ਮਨਜੀਤ)— ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਪੰਜ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਕਾਰੀ ਲੋਕ ਸਭਾ ਸੀਟ ਵਜੋਂ ਜਾਣੀ ਜਾਂਦੀ ਬਠਿੰਡਾ ਲੋਕ ਸਭਾ ਸੀਟ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਵਰਕਰਾਂ ਨਾਲ ਮੀਟਿੰਗਾਂ ਆਰੰਭ ਕਰਕੇ ਸੰਕੇਤ ਦਿੱਤਾ ਹੈ। ਇਸ ਸੰਕੇਤ ਰਾਹੀਂ ਉਨ੍ਹਾਂ ਨੇ ਜ਼ਾਹਰ ਕੀਤਾ ਹੈ ਕਿ ਉਹ ਹਲਕਾ ਬਠਿੰਡਾ ਤੋਂ ਹੀ ਚੋਣ ਲੜਨਗੇ। ਦੂਜੇ ਪਾਸੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਬੀਬਾ ਬਾਦਲ ਨੂੰ ਚਾਰੇ ਪਾਸਿਓਂ ਚੋਣ ਦੰਗਲ ਵਿਚ ਘੇਰਨ ਲਈ ਆਪਣੇ ਸੁਭਾਵਕ ਉਮੀਦਵਾਰਾਂ ਦੇ ਪਰ ਖੋਲਣੇ ਸ਼ੁਰੂ ਕਰ ਦਿੱਤੇ ਹਨ।

ਸੂਤਰਾਂ ਅਨੁਸਾਰ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧਰਮ ਪਤਨੀ ਵੀਨੂੰ ਬਾਦਲ ਦੀਆਂ ਚੋਣ ਲੜਨ ਦੀਆਂ ਚਰਚਾਵਾਂ ਜ਼ੋਰਾਂ-ਸ਼ੋਰਾਂ 'ਤੇ ਹਨ। ਇਸ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨੌਜਵਾਨ ਵਰਗ ਨੂੰ ਪੰਜਾਬ ਵਿਚ ਵੱਧ ਤੋਂ ਵੱਧ ਸੀਟਾਂ ਦੇਣ ਦਾ ਯਤਨ ਹੈ। ਮਾਨਸਾ ਜ਼ਿਲੇ ਤੋਂ ਪਾਰਟੀ ਦੇ ਜ਼ਿਲਾ ਪ੍ਰਧਾਨ ਬਿਕਰਮ ਸਿੰਘ ਮੋਫਰ ਦੇ ਉਮੀਦਵਾਰ ਬਣਨ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ, ਕਿਉਂਕਿ ਬਿਕਰਮ ਸਿੰਘ ਮੋਫਰ ਦੇ ਪਿਤਾ ਅਜੀਤਇੰਦਰ ਸਿੰਘ ਹਲਕਾ ਸਰਦੂਲਗੜ੍ਹ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉੱਥੇ ਹੀ ਬਿਕਰਮ ਸਿੰਘ ਮੋਫਰ ਬੇਅੰਤ ਸਿੰਘ ਦਾ ਪੋਤ ਜਵਾਈ ਹੋਣ ਕਰਕੇ ਪਾਰਟੀ ਦੇ ਮੁੱਢਲੇ ਉਮੀਦਵਾਰਾਂ ਵਜੋਂ ਜ਼ਿਕਰ ਹੋ ਰਿਹਾ ਹੈ। ਦੂਜੇ ਪਾਸੇ ਲੋਕ ਇਨਸਾਫ ਪਾਰਟੀ ਵੱਲੋਂ ਮਾਨਸਾ ਹਲਕੇ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਦੇ ਉਮੀਦਵਾਰ ਬਣਾਏ ਜਾਣ ਦੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਹਨ। ਸ਼੍ਰੀ ਮਿੱਤਲ ਜਿੱਥੇ ਅਗਰਵਾਲ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਬੁਢਲਾਡਾ ਹਲਕੇ ਦੇ ਜੰਮਪਲ ਹੋਣ ਕਾਰਨ ਵਧੀਆ ਸਿਆਸੀ ਲੜਾਈ ਦੇਣ ਦੀ ਸੰਭਾਵਨਾ ਰੱਖਦੇ ਹਨ।

ਸਿਆਸੀ ਮਹਾਰਥੀਆਂ ਅਨੁਸਾਰ ਸਾਬਕਾ ਆਈ.ਪੀ.ਐੱਸ ਅਧਿਕਾਰੀ ਸੁਖਦੇਵ ਸਿੰਘ ਭੱਟੀ ਜਾਂ ਉੇਨ੍ਹਾਂ ਦੀ ਧਰਮ ਪਤਨੀ ਬੁਢਲਾਡਾ ਹਲਕੇ ਤੋਂ 2 ਵਾਰ ਚੋਣ ਲੜ ਚੁੱਕੀ ਰਣਜੀਤ ਕੌਰ ਭੱਟੀ ਨੂੰ ਫਰੀਦਕੋਟ ਰਿਜ਼ਰਵ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਜੱਗ ਜਾਹਿਰ ਹੋ ਚੁੱਕੀਆਂ ਹਨ ਕਿਉਂਕਿ ਭੱਟੀ ਪਰਿਵਾਰ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਹਨ।


cherry

Content Editor

Related News