ਸੁੱਕੀ ਨਹਿਰ ਦੇਖ ਭੜਕੇ ਛੱਠਵਰਤੀ, ਹਾਈਵੇ 'ਤੇ ਕੀਤਾ ਚੱਕਾ ਜਾਮ

Saturday, Nov 02, 2019 - 02:27 PM (IST)

ਬਠਿੰਡਾ (ਪਰਮਿੰਦਰ, ਅਮਿਤ ਸ਼ਰਮਾ) : ਛੱਠ ਪੁਰਬ ਮੌਕੇ ਨਹਿਰ 'ਚ ਪਾਣੀ ਨਾ ਹੋਣ ਕਾਰਣ ਛੱਠਵਰਤੀ ਭੜਕ ਗਏ ਅਤੇ ਉਨ੍ਹਾਂ ਨੇ ਨਹਿਰ ਨਜ਼ਦੀਕ ਹਾਈਵੇ 'ਤੇ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਹਾਲਾਂਕਿ ਛੱਠ ਦਾ ਪੂਜਨ ਸ਼ਾਮ ਵੇਲੇ ਆਯੋਜਿਤ ਕੀਤਾ ਜਾਣਾ ਸੀ ਪਰ ਨਹਿਰ ਵਿਚ ਪਾਣੀ ਨਾ ਹੋਣ ਤੋਂ ਲੋਕ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਖਿਲਾਫ ਸਵੇਰੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਬਾਅਦ 'ਚ ਸ਼ਾਮ ਨੂੰ ਪ੍ਰਸ਼ਾਸਨ ਨੇ ਨਹਿਰ ਅਤੇ ਕੁਝ ਰਜਬਾਹਿਆਂ 'ਚ ਪਾਣੀ ਛੱਡਿਆ, ਜਿਥੇ ਛੱਠਵਰਤੀਆਂ ਨੇ ਪੂਜਾ ਕੀਤੀ ਅਤੇ ਸੂਰਜ ਦੇਵਤਾ ਨੂੰ ਅਰਘ ਦਿੱਤਾ।

PunjabKesari

ਜਾਣਕਾਰੀ ਅਨੁਸਾਰ ਬਠਿੰਡਾ 'ਚ ਛੱਠ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਕਤ ਤਿਉਹਾਰ ਦੌਰਾਨ ਇਕ ਦਿਨ ਸ਼ਾਮ ਨੂੰ ਪਾਣੀ 'ਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ ਜਦਕਿ ਦੂਜੇ ਦਿਨ ਸਵੇਰੇ ਉਗਦੇ ਸੂਰਜ ਦਾ ਪੂਜਨ ਅਤੇ ਮੂਰਤੀ ਵਿਸਰਜਨ ਕੀਤਾ ਜਾਂਦਾ ਹੈ। ਸ਼ਨੀਵਾਰ ਸ਼ਾਮ ਨੂੰ ਉਕਤ ਸਮਾਗਮ ਨਹਿਰ 'ਤੇ ਆਯੋਜਿਤ ਕੀਤਾ ਜਾਣਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਚਲ ਰਹੀ ਨਹਿਰਬੰਦੀ ਦੇ ਕਾਰਣ ਨਹਿਰ 'ਚ ਪਾਣੀ ਨਹੀਂ ਆ ਰਿਹਾ ਸੀ। ਛੱਠਵਰਤੀਆਂ ਨੇ ਆਪਣੇ ਟੈਂਟ ਅਤੇ ਹੋਰ ਪ੍ਰਬੰਧ ਨਹਿਰ ਕਿਨਾਰਿਆਂ 'ਤੇ ਕੀਤੇ ਪਰ ਪਾਣੀ ਨਾ ਆਉਣ ਕਾਰਣ ਉਨ੍ਹਾਂ ਦਾ ਗੁੱਸਾ ਭੜਕ ਗਿਆ।

PunjabKesari

ਹਾਲਾਂਕਿ ਪ੍ਰਸ਼ਾਸਨ ਵੱਲੋਂ ਬਹਿਮਣ ਰਜਬਾਹਾ, ਕੋਟਭਾਈ ਰਜਬਾਹਾ ਅਤੇ ਬਠਿੰਡਾ ਰਜਬਾਹਾ 'ਤੇ ਛੱਠ ਵਰਤ ਦੌਰਾਨ ਪਾਣੀ ਮੁਹੱਈਆ ਕਰਵਾਏ ਜਾਣ ਦੀ ਜਾਣਕਾਰੀ ਦਿੱਤੀ ਸੀ ਪਰ ਜ਼ਿਆਦਾਤਰ ਛੱਠਵਰਤੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਸਵੇਰੇ ਹੀ ਛੱਠਵਰਤੀਆਂ ਨੇ ਨਹਿਰ 'ਤੇ ਇਕੱਠੇ ਹੋ ਕੇ ਚੱਕਾ ਜਾਮ ਕਰ ਦਿੱਤਾ। ਜਾਮ ਦੌਰਾਨ ਪ੍ਰਦਰਸ਼ਨਕਾਰੀ ਰਾਹਗੀਰਾਂ ਨਾਲ ਵੀ ਉਲਝਦੇ ਰਹੇ ਅਤੇ ਕਰੀਬ ਇਕ ਘੰਟੇ ਤੱਕ ਚੱਕਾ ਜਾਮ ਰਿਹਾ। ਪ੍ਰਦਰਸ਼ਨ ਦੌਰਾਨ ਨਹਿਰ ਦੇ ਦੋਵੇਂ ਪਾਸੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ। ਬਾਅਦ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਧਰਨਾ ਹਟਾਇਆ ਗਿਆ।


author

cherry

Content Editor

Related News