ਸੜਕ ਹਾਦਸੇ ''ਚ 7 ਸਾਲਾ ਬੱਚੀ ਦੀ ਮੌਤ, ਲੋਕਾਂ ਨੇ ਕੀਤਾ ਨੈਸ਼ਨਲ ਹਾਈਵੇ ਜਾਮ (ਵੀਡੀਓ)
Monday, Jul 08, 2019 - 11:22 AM (IST)
ਬਠਿੰਡਾ (ਅਮਿਤ ਸ਼ਰਮਾ) : ਸੜਕ ਹਾਦਸੇ ਵਿਚ 7 ਸਾਲਾ ਬੱਚੀ ਚਾਹਤ ਸ਼ਰਮਾ ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਵੱਲੋਂ ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ 'ਚ ਸ਼ਾਮਲ ਤੇ ਮੁਹੱਲਾ ਵਾਸੀ ਸੁਰਜੀਤ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਨਗਰ ਵਾਲੀ ਸੜਕ ਮੇਨ ਹਾਈਵੇ ਤੋਂ ਨਿਕਲਦੀ ਹੈ, ਜਿਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਰਪੋਰੇਸ਼ਨ ਤੋਂ ਇਕ ਵੱਖ ਲੇਨ ਬਣਾਉਣ ਦੀ ਮੰਗ ਕੀਤੀ ਗਈ ਸੀ, ਜੋ ਕਿ ਅਜੇ ਤੱਕ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੱਖ ਲੇਨ ਨਹੀਂ ਬਣਾਈ ਜਾਂਦੀ ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜ਼ਾਰੀ ਰਹੇਗਾ।
ਉਥੇ ਹੀ ਮੌਕੇ 'ਤੇ ਪਹੁੰਚੇ ਡੀ. ਐੱਸ.ਪੀ. ਕੁਲਵੰਤ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ. ਐੱਸ.ਪੀ. ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੇਸ਼ ਆ ਰਹੀ ਮੁਸ਼ਕਲ ਦਾ ਹੱਲ ਕੱਢਣ ਲਈ ਉਨ੍ਹਾਂ ਵਲੋਂ ਦਿੱਤਾ ਮੰਗ ਪੱਤਰ ਡੀ.ਸੀ. ਦਫਤਰ ਪਹੁੰਚਾ ਦਿੱਤਾ ਜਾਵੇਗਾ।