ਬੀ. ਐੱਸ. ਐੱਫ. ਜਵਾਨ ਸਿਮਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ (ਵੀਡੀਓ)

Wednesday, Oct 24, 2018 - 12:34 PM (IST)

ਬਟਾਲਾ (ਬੇਰੀ) : ਸ਼ਹੀਦ ਬੀ. ਐੱਸ. ਐੱਫ. ਜਵਾਨ ਸਿਮਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਸਮੇਸ਼ ਨਗਰ ਬਟਾਲਾ ਜੋ ਕਿ ਬੀ. ਐੱਸ. ਐੱਫ. ਐੱਮ. ਈ. (ਅਸਮ) ਮਿਜ਼ੋਰਮ 'ਚ ਬ੍ਰਹਮਾ ਬਾਰਡਰ 'ਤੇ ਤਾਇਨਾਤ ਸੀ, ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਿਆ ਸੀ, ਦੀ ਸੋਮਵਾਰ ਦੇਰ ਰਾਤ ਮ੍ਰਿਤਕ ਦੇਹ ਬਟਾਲਾ ਪਹੁੰਚੀ ਅਤੇ ਮੰਗਲਵਾਰ ਕੁਤਬੀਨੰਗਲ ਸ਼ਮਸ਼ਾਨਘਾਟ ਵਿਖੇ ਸ਼ਹੀਦ ਸਿਮਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਸਿਮਰਦੀਪ ਸਿੰਘ ਦੀ ਚਿਖਾ ਨੂੰ ਅਗਨੀਂ ਉਸ ਦੇ ਪਿਤਾ ਬਲਜੀਤ ਸਿੰਘ ਵਲੋਂ ਦਿਖਾਈ ਗਈ। 

ਇਸ ਮੌਕੇ ਜਿਥੇ ਸਾਰਾ ਪਰਿਵਾਰ ਅਤੇ ਇਲਾਕਾ ਗਮ ਦੇ ਮਾਹੌਲ 'ਚ ਡੁੱਬਾ ਹੋਇਆ ਸੀ, ਉਥੇ ਨਾਲ ਹੀ ਉਸ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰ ਚੁੱਕੀ ਉਸ ਦੀ ਮਾਤਾ ਪਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਹੀਦ ਸਿਮਰਦੀਪ ਸਿੰਘ ਜੋ ਕਿ 22 ਸਾਲ ਦੀ ਭਰੀ ਜਵਾਨੀ 'ਚ ਦੇਸ਼ ਲਈ ਆਪਾ ਵਾਰ ਗਿਆ, ਦਾ ਵਿਆਹ 21 ਨਵੰਬਰ ਨੂੰ ਹੋਣਾ ਯਕੀਨੀ ਹੋਇਆ ਸੀ ਪਰ ਕੁਦਰਤ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲ ਸਕਿਆ।

ਇਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਜਿਥੇ ਬੀ. ਐੱਸ. ਐੱਫ. ਦੀ ਟੁੱਕੜੀ ਪਹੁੰਚੀ, ਉਥੇ ਨਾਲ ਹੀ ਸ਼ਹਿਰ ਦੇ ਲੋਕ, ਰਾਜਨੀਤਕ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਸ਼ਹੀਦ ਸਿਮਰਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਮੌਕੇ ਸ਼ਰਧਾਂਜਲੀ ਦੇਣ ਵਾਲਿਆਂ 'ਚ ਸਾਬਕਾ ਮੰਤਰੀ ਪੰਜਾਬ ਅਸ਼ਵਨੀ ਸੇਖੜੀ, ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀਨੰਗਲ, ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਅਮਰਦੀਪ ਸਿੰਘ ਚੀਮਾ, ਤਹਿਸੀਲਦਾਰ ਅਰਵਿੰਦ ਸਲਵਾਨ ਸਮੇਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ।    


Related News