ਮੁੜ ਗਰਮਾਉਣ ਲੱਗਾ ਢਿੱਲੋਂ ਬ੍ਰਦਰਜ਼ ਦਾ ਮਾਮਲਾ, ਸਾਬਕਾ ਇੰਸਪੈਕਟਰ ਨਵਦੀਪ ਸਿੰਘ ਬਾਰੇ ਹੋਏ ਅਹਿਮ ਖ਼ੁਲਾਸੇ

Sunday, Oct 27, 2024 - 05:29 PM (IST)

ਮੁੜ ਗਰਮਾਉਣ ਲੱਗਾ ਢਿੱਲੋਂ ਬ੍ਰਦਰਜ਼ ਦਾ ਮਾਮਲਾ, ਸਾਬਕਾ ਇੰਸਪੈਕਟਰ ਨਵਦੀਪ ਸਿੰਘ ਬਾਰੇ ਹੋਏ ਅਹਿਮ ਖ਼ੁਲਾਸੇ

ਜਲੰਧਰ (ਵਰੁਣ)–ਜਸ਼ਨਦੀਪ ਸਿੰਘ ਢਿੱਲੋਂ ਅਤੇ ਉਸ ਦੇ ਪਿਤਾ ਦਾ ਡੀ. ਐੱਨ. ਏ. ਫੇਲ੍ਹ ਹੋਣ ਤੋਂ ਬਾਅਦ ਮਾਮਲਾ ਨਵਾਂ ਰੁਖ਼ ਲੈ ਰਿਹਾ ਹੈ। ਢਿੱਲੋਂ ਬ੍ਰਦਰਜ਼ ਨੇ ਜਦੋਂ ਬਿਆਸ ਦਰਿਆ ਵਿਚ ਛਾਲ ਮਾਰੀ ਤਾਂ ਉਸ ਦੇ 48 ਘੰਟਿਆਂ ਬਾਅਦ ਮਾਨਵਜੀਤ ਢਿੱਲੋਂ ਦਾ ਮੋਬਾਇਲ ਆਨ ਹੋਇਆ ਸੀ ਅਤੇ ਲੋਕੇਸ਼ਨ ਤਰਨਤਾਰਨ ਦੀ ਨਿਕਲੀ ਸੀ। ਉਥੇ ਹੀ, ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਿਕਾਇਤਕਰਤਾ ਧਿਰ ਨੇ ਮਾਣਯੋਗ ਸੁਪਰੀਮ ਕੋਰਟ ਵਿਚ ਪਟੀਸ਼ਨ ਲਾ ਕੇ ਨਵਦੀਪ ਸਿੰਘ ’ਤੇ ਦੋਸ਼ ਲਾਏ ਸਨ ਕਿ ਉਸ ਨੇ ਜਸ਼ਨਦੀਪ ਨਾਲ ਵੀ ਕੁੱਟਮਾਰ ਕੀਤੀ ਸੀ ਪਰ ਨਵਦੀਪ ਸਿੰਘ ਦਾ ਮੋਬਾਇਲ ਰਿਕਾਰਡ ਕੱਢਿਆ ਤਾਂ ਪਤਾ ਲੱਗਾ ਕਿ ਦੋਵੇਂ ਕਦੀ ਵੀ ਇਕ-ਦੂਜੇ ਨੂੰ ਮਿਲੇ ਹੀ ਨਹੀਂ ਸਨ। ਉਨ੍ਹਾਂ ਦੇ ਮੋਬਾਇਲ ਦੀ ਲੋਕੇਸ਼ਨ ਦੇ ਟਾਵਰ ਕਦੀ ਵੀ ਇਕ ਨਿਕਲੇ ਹੀ ਨਹੀਂ।

ਇਹ ਵੀ ਪੜ੍ਹੋ- ਪੰਜਾਬ 'ਚ ਝੋਨੇ ਦੀ ਖ਼ਰੀਦ ਨਾ ਹੋਣ 'ਤੇ MP ਡਾ. ਅਮਰ ਸਿੰਘ ਦਾ ਵੱਡਾ ਬਿਆਨ

ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਨੇ ਐੱਸ. ਆਈ. ਟੀ. ਅਤੇ ਸੁਲਤਾਨਪੁਰ ਕੋਰਟ ਵਿਚ ਆਪਣਾ ਪੱਖ ਰੱਖ ਕੇ ਕਿਹਾ ਕਿ ਨਵਦੀਪ ਸਿੰਘ ਨੇ ਕਾਨੂੰਨ ਦੇ ਅਨੁਸਾਰ ਮਾਨਵ ’ਤੇ ਕਾਰਵਾਈ ਕੀਤੀ ਸੀ, ਜਦੋਂ ਕਿ ਉਸ ਦੇ 2 ਵਾਰ ਹੋਏ ਮੈਡੀਕਲ ਵਿਚ ਵੀ ਕੁੱਟਮਾਰ ਹੋਣ ਦੇ ਸਬੂਤ ਨਹੀਂ ਮਿਲੇ। ਹੁਣ ਸਵਾਲ ਇਹ ਬਣਦਾ ਹੈ ਕਿ ਜਿਹੜੇ ਲੋਕਾਂ ਨੂੰ ਨਵਦੀਪ ਸਿੰਘ ਜਾਣਦੇ ਹੀ ਨਹੀਂ ਸਨ ਅਤੇ ਇਕ ਐੱਸ. ਐੱਚ. ਓ. ਦੀ ਪਾਵਰ ਵਰਤਦੇ ਹੋਏ ਥਾਣੇ ਵਿਚ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ’ਤੇ ਐਕਸ਼ਨ ਲੈਣ ਦੀ ਰਿਪੋਰਟ ਵੀ ਦਾਇਰ ਕਰ ਦਿੱਤੀ ਗਈ ਅਤੇ ਫਿਰ ਖ਼ੁਦਕੁਸ਼ੀ ਲਈ ਮਜਬੂਰ ਕਿਵੇਂ ਕੀਤਾ ਜਾ ਸਕਦਾ ਹੈ, ਹਾਲਾਂਕਿ ਕਾਨੂੰਨ ਦੇ ਮੁਤਾਬਕ ਆਈ. ਪੀ. ਸੀ. ਦੀ ਧਾਰਾ 306 ਤਹਿਤ ਉਦੋਂ ਕੋਈ ਕਾਰਵਾਈ ਹੋ ਸਕਦੀ ਹੈ, ਜਦੋਂ ਮੁਲਜ਼ਮ ਅਤੇ ਪੀੜਤ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੋਣ।

ਪੀੜਤ ਦੀ ਕੋਈ ਵੀਡੀਓ, ਸੁਸਾਈਡ ਨੋਟ ਜਾਂ ਫਿਰ ਪੀੜਤ ਦੀ ਮੌਤ ਤੋਂ ਪਹਿਲਾਂ ਦਿੱਤੇ ਬਿਆਨਾਂ ’ਤੇ ਧਾਰਾ 306 ਸਟੈਂਡ ਕਰ ਸਕਦੀ ਹੈ, ਹਾਲਾਂਕਿ ਸ਼ਿਕਾਇਤਕਰਤਾ ਮਾਨਵਦੀਪ ਉੱਪਲ ਨੇ ਹੁਣ ਇਹ ਗੱਲ ਵੀ ‘ਜਗ ਬਾਣੀ’ ਨੂੰ ਦੱਸੀ ਕਿ ਜਦੋਂ ਬਿਆਸ ਦਰਿਆ ’ਤੇ ਜਦੋਂ ਮਾਨਵ ਢਿੱਲੋਂ ਅਤੇ ਉਹ ਖੁਦ ਗਏ ਤਾਂ ਪਹਿਲਾਂ ਤੋਂ ਹੀ ਪੁਲ ’ਤੇ ਮੌਜੂਦ ਜਸ਼ਨਪ੍ਰੀਤ ਨਾਲ ਇਕੱਲਾ ਮਾਨਵ ਢਿੱਲੋਂ ਹੀ ਗਿਆ ਸੀ ਅਤੇ ਉਸਨੂੰ ਦੂਰ ਰੱਖਿਆ ਸੀ। ਇਸ ਦੌਰਾਨ ਦੋਵੇਂ ਭਰਾ ਇਕ-ਦੂਜੇ ਨਾਲ ਲੱਗਭਗ ਪੌਣਾ ਘੰਟਾ ਗੱਲਾਂ ਕਰਦੇ ਰਹੇ ਅਤੇ ਬਾਅਦ ਵਿਚ ਦਰਿਆ ਵਿਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ 'ਚ ਕਰੋੜਾਂ ਦੀਆਂ ਦਵਾਈਆਂ ਦੇ ਘਪਲੇ 'ਤੇ ਸਿਹਤ ਮੰਤਰੀ ਦੇ ਸਖ਼ਤ ਹੁਕਮ

ਇਹ ਗੱਲ ਵੀ ਹੁਣ ਸਾਹਮਣੇ ਆਈ ਹੈ ਕਿ ਜਿਸ ਸਮੇਂ ਥਾਣਾ ਨੰਬਰ 1 ਵਿਚ ਮਾਨਵ ਢਿੱਲੋਂ ਨੇ ਬਦਸਲੂਕੀ ਕੀਤੀ ਸੀ ਤਾਂ ਮੌਕੇ ’ਤੇ ਮੌਜੂਦ 8 ਚਸ਼ਮਦੀਦ ਗਵਾਹਾਂ ਨੇ ਐੱਸ. ਆਈ. ਟੀ. ਸਾਹਮਣੇ ਬਿਆਨ ਦਿੱਤੇ ਹਨ ਕਿ ਮਾਨਵ ਢਿੱਲੋਂ ਦੀ ਗਲਤੀ ਕਾਰਨ ਹੀ ਪੁਲਸ ਨੇ ਉਸ ਖ਼ਿਲਾਫ਼ 107/51 ਦੀ ਕਾਰਵਾਈ ਕੀਤੀ ਸੀ। ਉਥੇ ਹੀ, ਕਪੂਰਥਲਾ ਪੁਲਸ ਇਸ ਮਾਮਲੇ ’ਚ ਕੋਈ ਵੀ ਫੈਸਲਾ ਨਹੀਂ ਲੈ ਪਾ ਰਹੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ’ਚ ਕਪੂ੍ਰਥਲਾ ਪੁਲਸ ਨੇ ਸਿਰਫ ਕੇਸ ਦਰਜ ਹੋਣ ਤੋਂ ਇਲਾਵਾ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ, ਜਿਸ ਤੋਂ ਸਾਫ ਹੈ ਕਿ ਕਿਤੇ ਨਾ ਕਿਤੇ ਕਪੂਰਥਲਾ ਪੁਲਸ ਨੇ ਉਸ ਲਾਸ਼ ਦੇ ਮਿਲਣ ਤੋਂ ਬਾਅਦ ਕੇਸ ਦਰਜ ਕਰ ਲਿਆ, ਜਿਸ ਨੂੰ ਲੈ ਕੇ ਅਜੇ ਸਪੱਸ਼ਟ ਹੀ ਨਹੀਂ ਹੋ ਸਕਿਆ ਕਿ ਉਹ ਲਾਸ਼ ਜਸ਼ਨਪ੍ਰੀਤ ਦੀ ਹੀ ਸੀ ਜਾਂ ਫਿਰ ਕਿਸੇ ਹੋਰ ਦੀ।

ਮਾਨਵਦੀਪ ਉੱਪਲ ਨੇ ਰਾਜ਼ੀਨਾਮਾ ਕਰਨ ਨੂੰ ਕਿਹਾ ਤਾਂ ਬਣਾ ਲਈ ਦੂਰੀ : ਜਤਿੰਦਰਪਾਲ ਢਿੱਲੋਂ
ਦੂਜੇ ਪਾਸੇ ਇਸ ਸਬੰਧੀ ਢਿੱਲੋਂ ਬ੍ਰਦਰਜ਼ ਦੇ ਪਿਤਾ ਜਤਿੰਦਰਪਾਲ ਢਿੱਲੋਂ ਦਾ ਕਹਿਣਾ ਹੈ ਕਿ ਮਾਨਵਦੀਪ ਬਿਨਾਂ ਉਸ ਦੀ ਮਨਜ਼ੂਰੀ ਤੋਂ ਜਾਂਚ ਦੇ ਦਸਤਾਵੇਜ਼ ਜਨਤਕ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਾਸ਼ ਜਸ਼ਨ ਦੀ ਹੀ ਸੀ ਕਿਉਂਕਿ ਉਸਦੇ ਬੂਟ ਅਤੇ ਪੈਂਟ ਉਹੀ ਸਨ, ਜੋ ਉਹ 17 ਅਗਸਤ 2023 ਨੂੰ ਘਰੋਂ ਪਹਿਨ ਕੇ ਨਿਕਲਿਆ ਸੀ। ਇਸ ਤੋਂ ਇਲਾਵਾ ਉਸਦੀ ਜੇਬ ਵਿਚੋਂ ਜਲੰਧਰ ਵਾਲੇ ਕਮਰੇ ਦੀ ਚਾਬੀ ਵੀ ਮਿਲੀ ਹੈ, ਹਾਲਾਂਕਿ ਇਹ ਕਲੀਅਰ ਨਹੀਂ ਹੋ ਸਕਿਆ ਕਿ ਉਕਤ ਚਾਬੀ ਨਾਲ ਕਪੂਰਥਲਾ ਪੁਲਸ ਨੇ ਉਕਤ ਕਮਰੇ ਦੇ ਤਾਲੇ ਨੂੰ ਲਾ ਕੇ ਚੈੱਕ ਕੀਤਾ ਸੀ ਜਾਂ ਫਿਰ ਨਹੀਂ।

ਇਹ ਵੀ ਪੜ੍ਹੋ- ਭਾਜਪਾ ਆਪਣੇ ਮਨੋਰਥ ’ਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ : ਭਗਵੰਤ ਮਾਨ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News