ਗਿਆਨੀ ਹਰਪ੍ਰੀਤ ਸਿੰਘ ਨਾਲ SAD ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਨੇ ਕੀਤੀ ਮੁਲਾਕਾਤ
Thursday, Oct 17, 2024 - 07:04 PM (IST)
ਬਠਿੰਡਾ (ਵੈੱਬ ਡੈਸਕ)-ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਰੱਦ ਕਰ ਦਿੱਤਾ ਗਿਆ ਹੈ। ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸ੍ਰੀ ਦਮਦਮਾ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ।
ਇਹ ਵੀ ਪੜ੍ਹੋ- ਟਿਊਸ਼ਨ ਪੜ੍ਹਨ ਜਾ ਰਹੇ ਸੋਹਣੇ-ਸੁਨੱਖੇ ਮੁੰਡੇ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਸ ਦੇ ਇਲਾਵਾ ਇਸ ਮੌਕੇ 96 ਕਰੋੜੀ ਬਾਬਾ ਬਲਬੀਰ ਸਿੰਘ ਬਾਬਾ ਬੁੱਢਾ ਦਲ ਵੱਲੋਂ ਨਿਹੰਗ ਸਿੰਘਾਂ ਦਾ ਜਥਾ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਸਿੰਘ ਸਾਹਿਬ ਨੂੰ ਕੌਮ ਦੀ ਸੇਵਾ ਕਰਨ ਲਈ ਕਿਹਾ ਜਾਵੇਗਾ। ਬਾਬਾ ਬਲਬੀਰ ਸਿੰਘ ਦਾ ਸੁਨੇਹਾ ਜਥੇਦਾਰ ਨੂੰ ਦਿੱਤਾ ਜਾਵੇਗਾ। ਦੋਹਾਂ ਵਿਚ ਕਰੀਬ 2 ਘੰਟੇ ਮੀਟਿੰਗ ਚੱਲੀ। ਮੁਲਾਕਾਤ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਜਾਈਏ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਇਥੇ ਮੱਥਾ ਟੇਕਣ ਆਉਂਦਾ ਹਾਂ, ਮੈਂ ਹਰ ਵਾਰ ਉਨ੍ਹਾਂ ਨੂੰ ਮਿਲ ਕੇ ਜਾਂਦਾ ਹਾਂ। ਅੱਜ ਵੀ ਤਖ਼ਤ ਸਾਹਿਬ ਉੱਤੇ ਮੱਥਾ ਟੇਕਣ ਆਇਆ ਅਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਿਰਸਾ ਵਲਟੋਹਾ ਵੱਲੋਂ ਜੋ ਵੀ ਬਿਆਨਬਾਜੀ ਕੀਤੀ ਉਹ ਬਹੁਤ ਮਾੜੀ ਗੱਲ ਹੈ, ਜੋ ਵੀ ਉਨ੍ਹਾਂ ਨੇ ਕਿਹਾ ਇਸ ਤੋਂ ਮਾੜੀ ਭਾਸ਼ਾ ਕੋਈ ਨਹੀਂ ਹੋ ਸਕਦੀ।
ਭੂੰਦੜ ਨੇ ਕਿਹਾ ਕਿ ਹੁਣ ਵਿਰਸਾ ਸਿੰਘ ਵਲਟੋਹਾ ਦਾ ਹੁਣ ਪਾਰਟੀ ਨਾਲ ਕੋਈ ਲੈਣ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਜੋ ਵੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਉਸ ਨੂੰ ਲੈ ਕੇ ਪਾਰਟੀ ਵੱਲੋਂ ਮੈਂ (ਪਾਰਟੀ ਦਾ ਸੇਵਾਦਾਰ) ਵੀ ਖਿਮਾਂ ਜਾਚਕ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਫੋਨ ਆਇਆ ਕਿ ਜਥੇਦਾਰ ਵੱਲੋਂ ਅਸਤੀਫ਼ੇ ਨੂੰ ਲੈ ਕੇ ਮੀਟਿੰਗ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਤਾਂ ਮੈਂ ਕਿਹਾ ਕਿ ਜੋ ਵੀ ਉਨ੍ਹਾਂ ਨੇ ਕੀਤਾ ਉਹ ਹੁਕਮ ਸਿਰ ਮੱਥੇ ਹੈ। ਅਕਾਲੀ ਦਲ ਦੇ ਆਈ. ਟੀ. ਵਿੰਗ ਉੱਤੇ ਜੇਕਰ ਕੋਈ ਸਵਾਲ ਖੜ੍ਹੇ ਹੋਏ ਹਨ, ਤਾਂ ਮੈਂ ਇਸ ਬਾਰੇ ਪੂਰੀ ਜਾਂਚ ਪੜਤਾਲ ਕਰਵਾ ਦਿਆਂਗੇ। ਜੋ ਵੀ ਸਾਹਮਣੇ ਆਵੇਗਾ, ਇਸ ਬਾਰੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੀਡੀਆ ਨੂੰ ਹੱਥ ਜੋੜ ਕੇ ਕੀਤੀ ਅਪੀਲ ਕੀਤੀ ਕਿ ਇਸ ਧਾਰਮਿਕ ਮੁੱਦੇ ਬਹੁਤਾ ਨਾ ਉਭਾਰਨ। ਸਮੁੱਚੀ ਪਾਰਟੀ ਵੱਲੋਂ ਹੱਥ ਜੋੜ ਕੇ ਖਿਮਾ ਜਾਚਨਾ ਕੀਤੀ ਗਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਜੇਕਰ ਹੁਣ ਪਾਰਟੀ ਵਿੱਚੋਂ ਕੋਈ ਵਿਅਕਤੀ ਅਜਿਹੀ ਹਰਕਤ ਕਰੇਗਾ ਜਾਂ ਤਾਂ ਉਹ ਪਾਰਟੀ ਵਿੱਚ ਰਹੇਗਾ ਜਾਂ ਮੈਂ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਦਿੱਤਾ ਸੀ ਅਸਤੀਫ਼ਾ
ਦੱਸਣਯੋਗ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵੱਜੋਂ ਬੀਤੇ ਦਿਨ ਅਸਤੀਫ਼ਾ ਦੇ ਦਿੱਤਾ ਗਿਆ ਸੀ। ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਤਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਸਵਾਲ ਚੁੱਕੇ ਜਾ ਰਹੇ ਸਨ। ਇਹ ਸਾਰੇ ਵਿਵਾਦ ਦਰਿਆਨ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਰਹਿ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ- ਕੁੱਲੜ੍ਹ ਪਿੱਜ਼ਾ ਕੱਪਲ ਵੱਲੋਂ ਸੁਰੱਖਿਆ ਦੀ ਮੰਗ ਕਰਨ ਮਗਰੋਂ ਨਿਹੰਗ ਸਿੰਘ ਨੇ ਮੁੜ ਲਾਈਵ ਹੋ ਕੇ ਦਿੱਤੀ ਚਿਤਾਵਨੀ
ਭਾਵੁਕ ਹੁੰਦਿਆਂ ਗਿਆਨੀ ਹਰਪ੍ਰੀਤ ਸਿੰਘ ਬੋਲੇ, ਮੈਂ ਬੇਦਾਗ ਜਾ ਰਿਹਾ ਹਾਂ
ਵੀਡੀਓ ਸੰਦੇਸ਼ ਵਿਚ ਭਾਵੁਕ ਹੁੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਮੈਂ ਬੇਦਾਗ ਜਾ ਰਿਹਾ ਹਾਂ। ਸੇਵਾ ਦੌਰਾਨ ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਖਿਮਾ ਦਾ ਯਾਚਕ ਹਾਂ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਮੇਰੇ ਅਤੇ ਮੇਰੇ ਪਰਿਵਾਰ ਖ਼ਿਲਾਫ਼ ਨਿੱਜੀ ਹਮਲੇ ਕਰ ਰਿਹਾ ਹੈ। ਮੈਨੂੰ ਵਲਟੋਹਾ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਲਟੋਹਾ ਦੀ ਪੁਸ਼ਤ-ਪਨਾਹੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਕਰ ਰਿਹਾ ਹੈ। ਵਲਟੋਹਾ ਨੇ ਹੁਣ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਮੇਰੇ ਪਰਿਵਾਰ ਨੂੰ ਨੰਗਿਆਂ ਕਰਨ ਦੇ ਸੁਨੇਹੇ ਭਿਜਵਾਏ ਜਾ ਰਹੇ । ਮੇਰੀ ਜਾਤ ਤੱਕ ਪਰਖੀ ਗਈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਵਿਰਸਾ ਸਿੰਘ ਵਲਟੋਹਾ ਇੰਨਾ ਘਟੀਆ ਅਤੇ ਇੰਨਾ ਹੇਠਾਂ ਡਿੱਗੇਗਾ। ਇਹੋ ਜਿਹੇ ਹਾਲਾਤ ਵਿਚ ਅਸੀਂ ਤਖ਼ਤ ਦੀ ਸੇਵਾ ਨਹੀਂ ਕਰ ਸਕਦੇ। ਇਹ ਸਾਰੀਆਂ ਗੱਲਾਂ ਮੇਰੇ ਬਰਦਾਸ਼ਤ ਤੋਂ ਬਾਹਰ ਹਨ। ਇਸ ਸਭ ਦੇ ਬਾਵਜੂਦ ਮੇਰੀ ਸੰਸਥਾ ਸ਼੍ਰੋਮਣੀ ਕਮੇਟੀ ਇਸ ਸਾਰੇ ਮਾਮਲੇ ਵਿਚ ਚੁੱਪ ਹੈ। ਜਿੱਥੇ ਮੈਂ ਇਕ ਜੱਥੇਦਾਰ ਹਾਂ ਉਥੇ ਮੈਂ ਧੀਆਂ ਦਾ ਪਿਓ ਵੀ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਅਤੇ ਮੇਰੀ ਬੇਨਤੀ ਹੈ ਕਿ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ। ਉਹ ਜਥੇਦਾਰੀ ਤੋਂ ਅਸਤੀਫ਼ਾ ਦੇ ਰਹੇ ਹਨ। ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਜਿਹੜੀ ਵੀ ਸਹੂਲਤ ਅਤੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਉਹ ਵਾਪਸ ਕਰਦੇ ਹਨ, ਉਹ ਇਨ੍ਹਾਂ ਅਫੋਰਡ ਨਹੀਂ ਕਰ ਸਕਦੇ। ਉਹ ਇਕ ਨਿਮਾਣੇ ਸਿੱਖ ਵਾਂਗ ਛੋਟੇ ਜਿਹੇ ਘਰ ਵਿਚ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਅਤੇ ਮੁਕਤਸਰ ਸਾਹਿਬ ਦਾ ਹੈੱਡ ਗ੍ਰੰਥੀ ਬਣਾਇਆ। ਮੈਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਦਿੱਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਵੀ ਸੇਵਾ ਦਿੱਤੀ। ਮੈਂ ਮਾਣ ਨਾਲ ਕਹਿੰਦਾ ਹਾਂ ਕਿ ਸਿੱਖ ਸੰਸਥਾਵਾਂ ਵੱਲੋਂ ਮੇਰੇ ਸਿਰ 'ਤੇ ਰੱਖੀ ਗਈ ਪੱਗ ਨੂੰ ਮੈਂ ਮਾਣ ਨਾਲ ਘਰ ਲੈ ਕੇ ਜਾ ਰਿਹਾ ਹਾਂ, ਇਸ ਨੂੰ ਕੋਈ ਦਾਗ ਤੱਕ ਨਹੀਂ ਲੱਗਣ ਦਿੱਤਾ, ਮੈਂ ਬੇਦਾਗ ਹੋ ਕੇ ਘਰ ਜਾ ਰਿਹਾ ਹਾਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਧ ਰਹੀ ਇਹ ਭਿਆਨਕ ਬੀਮਾਰੀ, ਸਾਵਧਾਨ ਰਹਿਣ ਲੋਕ, ਮਰੀਜ਼ਾਂ ਦੇ ਵੱਧ ਰਹੇ ਅੰਕੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ