ਆਮ ਆਦਮੀ ਕਲੀਨਿਕਾਂ ਨੇ ਘਟਾਇਆ ਸਰਕਾਰੀ ਹਸਪਤਾਲਾਂ ਦਾ ਬੋਝ, ਨੇੜੇ ਮਿਲ ਰਹੀਆਂ ਸਹੂਲਤਾਂ
Saturday, Oct 19, 2024 - 02:30 PM (IST)
ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਲੋਕਾਂ ਨੂੰ ਹਰ ਬੀਮਾਰੀ ਦੇ ਇਲਾਜ ਲਈ ਹਸਪਤਾਲ ਨਹੀਂ ਜਾਣਾ ਪੈਂਦਾ ਤੇ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਸਿਹਤ ਸਹੂਲਤਾਂ ਮਿਲ ਜਾਂਦੀਆਂ ਹਨ।
ਸੂਬੇ 'ਚ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਤੋਂ ਬਾਅਦ ਸਿਵਲ ਹਸਪਤਾਲਾਂ 'ਤੇ ਵੀ ਬੋਝ ਘੱਟ ਹੋਇਆ ਹੈ। ਇਹ ਕਲੀਨਿਕ ਵਿਸ਼ੇਸ਼ ਤੌਰ 'ਤੇ ਓ.ਪੀ.ਡੀ. ਸੇਵਾਵਾਂ ਦੀ ਲੋੜ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਏ ਹਨ, ਜੋ ਹੁਣ ਤੱਕ ਲੰਬੀ ਲਾਈਨ ਵਿਚ ਖੜ੍ਹੇ ਹੋਣ ਦੇ ਡਰ ਕਾਰਨ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਨਹੀਂ ਲੈ ਰਹੇ ਸਨ। ਉਨ੍ਹਾਂ ਲੋਕਾਂ ਦਾ ਭਰੋਸਾ ਨਿੱਜੀ ਹਸਪਤਾਲਾਂ ਦੀ ਬਜਾਏ ਆਮ ਆਦਮੀ ਕਲੀਨਿਕਾਂ 'ਤੇ ਵੱਧ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਧਾਰਨ ਬੀਮਾਰੀਆਂ ਲਈ ਇੱਥੇ ਹਰ ਤਰ੍ਹਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਹਨ ਅਤੇ ਕਲੀਨਿਕਾਂ 'ਚ ਡਾਕਟਰ ਵੀ ਬਹੁਤ ਵਧੀਆ ਹਨ। ਆਮ ਲੋਕਾਂ ਨੂੰ ਮਾਨ ਸਰਕਾਰ ਨੇ ਮੁਹੱਲਾ ਕਲੀਨਿਕਾਂ ਦੇ ਰੂਪ ਵਿਚ ਵੱਡੀ ਸਹੂਲਤ ਦਿੱਤੀ ਹੈ ਕਿਉਂਕਿ ਗਰੀਬ ਲੋਕ ਮਹਿੰਗੇ ਹਸਪਤਾਲਾਂ 'ਚ ਆਪਣਾ ਇਲਾਜ ਨਹੀਂ ਕਰਵਾ ਸਕਦੇ। ਇਨ੍ਹਾਂ ਕਲੀਨਿਕਾਂ 'ਚ ਸਰਦੀ, ਜ਼ੁਕਾਮ, ਬੁਖਾਰ, ਬੀ. ਪੀ., ਸ਼ੂਗਰ, ਸਕਿੱਨ ਨਾਲ ਸਬੰਧਿਤ ਅਤੇ ਹੋਰ ਬੀਮਾਰੀਆਂ ਦੇ ਬਹੁਤ ਜ਼ਿਆਦਾ ਮਰੀਜ਼ ਆਉਂਦੇ ਹਨ। ਇਨ੍ਹਾਂ ਸਹੂਲਤਾਂ ਕਾਰਨ ਲੋਕਾਂ ਵਲੋਂ ਪੰਜਾਬ ਸਰਕਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ 872 ਆਮ ਆਦਮੀ ਕਲੀਨਿਕ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਇਹ ਆਮ ਆਦਮੀ ਕਲੀਨਿਕ ਜਿੱਥੇ ਹਰ ਲੋੜਵੰਤ ਸਹੂਲਤ ਨਾਲ ਲੈਸ ਹਨ, ਉਥੇ ਹੀ ਇਨ੍ਹਾਂ ਸਦਕਾ ਪੰਜਾਬ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਸਿਹਤ ਕ੍ਰਾਂਤੀ ਦੇ ਵੱਧਦੇ ਕਦਮਾਂ ਦੇ ਚੱਲਦੇ ਪੰਜਾਬ ਦੇ ਕਰੋੜਾਂ ਲੋਕ ਹੁਣ ਤਕ ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਇਲਾਜ ਕਰਵਾ ਚੁੱਕੇ ਹਨ। ਮੁਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਮੁੱਖ ਉਦੇਸ਼ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਕਲੀਨਿਕਾਂ 'ਚ ਮੁਫ਼ਤ ਇਲਾਜ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ।