ਚੰਗੇ-ਚੰਗਿਆਂ ਨੂੰ ਮਾਤ ਦਿੰਦੇ ਹਨ ਇਸ ਆਸ਼ਰਮ ਦੇ ਨੇਤਰਹੀਣ ਬੱਚੇ ਤੇ ਅਧਿਆਪਕ (ਵੀਡੀਓ)

09/18/2019 12:42:23 PM

ਬਰਨਾਲਾ (ਪੁਨੀਤ ਮਾਨਪਿੰਡ) - ਨਰਾਇਣਗੜ੍ਹ ਸੋਹੀਆ ਦਾ ਅਨਾਥ ਆਸ਼ਰਮ ਨੇਤਰਹੀਣ ਬੱਚਿਆਂ ਲਈ ਮਿਸਾਲ ਬਣਦਾ ਜਾ ਰਿਹਾ ਹੈ। ਆਸ਼ਰਮ 'ਚ ਰਹਿ ਰਹੇ ਨੇਤਰਹੀਣ ਬੱਚੇ ਤਬਲਾ ਵਜਾਉਣ ਤੋਂ ਲੈ ਕੇ ਕੰਪਿਊਟਰ ਤੱਕ ਚਲਾ ਲੈਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਬਿਲਕੁਲ ਵੀ ਨਹੀਂ ਲੱਗਦਾ ਕਿ ਇਹ ਬੱਚੇ ਸਾਧਾਰਣ ਬੱਚਿਆਂ ਨਾਲੋਂ ਘੱਟ ਹਨ। ਅੱਖਾਂ ਦੀ ਰੌਸ਼ਨੀ ਤੋਂ ਬਿਨ੍ਹਾਂ ਹੀ ਇਨ੍ਹਾਂ ਬੱਚਿਆਂ ਨੇ ਆਪਣੇ ਜੀਵਨ 'ਚ ਉਜਾਲਾ ਕੀਤਾ ਹੋਇਆ ਹੈ, ਜਿਸ ਦਾ ਸਿਹਰਾ ਬਾਬਾ ਸੂਬਾ ਸਿੰਘ ਜੀ ਨੂੰ ਜਾਂਦਾ ਹੈ। ਜਾਣਕਾਰੀ ਅਨੁਸਾਰ ਬਾਬਾ ਸੂਬਾ ਸਿੰਘ ਜੀ ਬਰਨਾਲਾ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਨੇਤਰਹੀਣ ਅਨਾਥ ਆਸ਼ਰਮ ਚਲਾਉਂਦੇ ਹਨ, ਜਿਸ 'ਚ ਕਰੀਬ 30 ਬੱਚੇ ਕੰਪਿਊਟਰ ਤੋਂ ਲੈ ਕੇ ਸੰਗੀਤ ਤੱਕ ਦੀ ਸਿੱਖਿਆ ਹਾਸਲ ਕਰ ਰਹੇ ਹਨ। ਇਹ ਸਾਰੇ ਬੱਚੇ ਗੁਰਦੁਆਰਾ ਸਾਹਿਬ 'ਚ ਹੀ ਰਹਿੰਦੇ ਹਨ, ਜਿਥੇ ਉਨ੍ਹਾਂ ਦੇ ਖਾਣ-ਪੀਣ ਦਾ ਇੰਤਜ਼ਾਮ ਇੰਨਾਂ ਵਧੀਆ ਕੀਤਾ ਕੀਤਾ ਹੋਇਆ ਹੈ ਕਿ ਜਿੰਨਾਂ ਕਿਸੇ ਦੇ ਘਰ 'ਚ ਵੀ ਨਹੀਂ ਹੁੰਦਾ ਹੋਵੇਗਾ।

PunjabKesari

ਉਕਤ ਨੇਤਰਹੀਣ ਬੱਚੇ ਇੱਥੋਂ ਮਿਹਨਤ ਦੇ ਖੰਭ ਲਗਾ ਕੇ ਆਪਣੇ ਸੁਪਨਿਆਂ 'ਚ ਰੰਗ ਭਰ ਰਹੇ ਹਨ। ਦੱਸ ਦੇਈਏ ਕਿ ਬੱਚੇ ਤਾਂ ਬੱਚੇ ਇਸ ਆਸ਼ਰਮ ਦੇ ਸਾਰੇ ਅਧਿਆਪਕ ਵੀ ਕਮਾਲ ਹਨ। ਚਾਹੇ ਇਹ ਬੱਚੇ ਅਧਿਆਪਕਾਂ ਨੂੰ ਦੇਖ ਨਹੀਂ ਸਕਦੇ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਕਾਲਤ ਕਰ ਚੁੱਕੇ ਮਨਦੀਪ ਸਿੰਘ, ਜੋ ਇਨ੍ਹਾਂ ਬੱਚਿਆਂ ਨੂੰ ਸ਼ਤਰੰਜ ਅਤੇ ਕੰਪਿਊਟਰ ਆਦਿ ਸਿਖਾਉਂਦੇ ਹਨ ਖੁਦ ਨੇਤਰਹੀਣ ਹਨ। ਮਨਦੀਪ ਸਿੰਘ ਯੂ-ਟਿਊਬ 'ਤੇ ਆਪਣੇ 4-5 ਚੈਨਲ ਚਲਾਉਣ ਦੇ ਨਾਲ-ਨਾਲ ਲੋਕਾਂ ਨੂੰ ਪ੍ਰੇਰਣਾ ਵੀ ਦਿੰਦੇ ਹਨ।

PunjabKesari

ਇਸ ਆਸ਼ਰਮ ਨੂੰ ਚਲਾ ਰਹੇ ਬਾਬਾ ਸੂਬਾ ਸਿੰਘ ਖੁਦ ਵੀ ਨੇਤਰਹੀਣ ਹਨ, ਜਿਸ ਕਾਰਨ ਉਨ੍ਹਾਂ ਨੇ 20 ਸਾਲ ਪਹਿਲਾਂ ਹੀ ਆਪਣੇ ਵਰਗੇ ਬੱਚਿਆਂ ਦੀ ਜ਼ਿੰਦਗੀ ਸੰਵਾਰਨ ਦਾ ਸੋਚ ਲਿਆ ਸੀ। ਬਾਬਾ ਸੂਬਾ ਸਿੰਘ ਜੀ ਦੇ ਨਾਲ ਮਿਲ ਕੇ ਕਈ ਦਾਨੀ ਸੱਜਣ ਇਨ੍ਹਾਂ ਬੱਚਿਆਂ ਦਾ ਖਰਚਾ ਚੁੱਕ ਰਹੇ ਹਨ। ਇਸ ਆਸ਼ਰਮ 'ਚ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਆਦਿ ਸੂਬਿਆਂ ਦੇ ਅਨਾਥ ਅਤੇ ਜਨਮ ਤੋਂ ਅੰਨ੍ਹੇ ਬੱਚੇ ਪੜ੍ਹ ਰਹੇ ਹਨ। ਬਾਹਰ ਚਾਹੇ ਸਮਾਜ ਵਿਚ ਇਨ੍ਹਾਂ ਬੱਚਿਆਂ ਨੂੰ ਠੋਕਰਾਂ ਮਿਲੀਆਂ ਹੋਣ ਪਰ ਇਥੇ ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਂਦੀ ਹੈ।


rajwinder kaur

Content Editor

Related News