ਬਰਨਾਲਾ ਦੇ ਪਿੰਡ ''ਚ ਖ਼ੌਫ਼ਨਾਕ ਘਟਨਾ, ਇੱਕੋ ਕਮਰੇ ''ਚੋਂ ਮਿਲੀਆਂ ਨੌਜਵਾਨ ਲੜਕੇ-ਲੜਕੀ ਦੀਆਂ ਲਾਸ਼ਾਂ
Friday, Dec 26, 2025 - 05:48 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਟੱਲੇਵਾਲ ਵਿਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਇਕ ਘਰ ਦੇ ਕਮਰੇ ਵਿਚੋਂ ਇਕ ਨੌਜਵਾਨ ਅਤੇ ਇਕ ਲੜਕੀ ਦੀਆਂ ਲਾਸ਼ਾਂ ਸ਼ੱਕੀ ਹਾਲਾਤ ਵਿਚ ਮਿਲੀਆਂ। ਇਸ ਘਟਨਾ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਟੱਲੇਵਾਲ ਦੇ ਇਕ ਘਰ ਵਿਚ ਦੋ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ। ਮੌਕੇ 'ਤੇ ਦੇਖਿਆ ਗਿਆ ਕਿ ਨੌਜਵਾਨ ਦੀ ਲਾਸ਼ ਕਮਰੇ ਵਿਚ ਪੱਖੇ ਨਾਲ ਕੱਪੜੇ ਰਾਹੀਂ ਲਮਕ ਰਹੀ ਸੀ ਜਦਕਿ ਲੜਕੀ ਦੀ ਲਾਸ਼ ਉਸੇ ਕਮਰੇ ਵਿਚ ਬੈੱਡ 'ਤੇ ਪਈ ਸੀ। ਪੁਲਸ ਦੀ ਮੁੱਢਲੀ ਜਾਂਚ ਮੁਤਾਬਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਿਆ ਜਾਪਦਾ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਫੈ਼ਸਲਾ, ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਲਾਭ
ਥਾਣਾ ਟੱਲੇਵਾਲ ਦੇ ਐੱਸ.ਐੱਚ.ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਜੋ ਕਿ ਪਰਵਿੰਦਰ ਸਿੰਘ (ਉਮਰ ਕਰੀਬ 30 ਸਾਲ) ਪੁੱਤਰ ਰਜਿੰਦਰ ਸਿੰਘ, ਵਾਸੀ ਕਾਉਂਕੇ (ਮਾਛੀਵਾੜਾ), ਜ਼ਿਲ੍ਹਾ ਲੁਧਿਆਣਾ ਅਤੇ ਬਲਜੀਤ ਕੌਰ (ਉਮਰ ਕਰੀਬ 25 ਸਾਲ) ਪੁੱਤਰੀ ਕੁਲਦੀਪ ਸਿੰਘ, ਵਾਸੀ ਅਲੀਗੜ੍ਹ (ਜਗਰਾਉਂ) ਹਨ। ਐੱਸ.ਐੱਚ.ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਕਰੀਬ 7 ਵਜੇ ਇਸ ਘਟਨਾ ਦੀ ਸੂਚਨਾ ਮਿਲੀ ਸੀ। ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੋਰੈਂਸਿਕ (ਪ੍ਰੋਸੈਸਿੰਗ) ਟੀਮਾਂ ਨੂੰ ਬੁਲਾਇਆ ਗਿਆ ਤਾਂ ਜੋ ਘਟਨਾ ਸਥਾਨ ਤੋਂ ਪੁਖ਼ਤਾ ਸਬੂਤ ਇਕੱਠੇ ਕੀਤੇ ਜਾ ਸਕਣ।
ਇਹ ਵੀ ਪੜ੍ਹੋ : ਪਾਕਿ ਗੈਂਗਸਟਰ ਵੱਲੋਂ ਸਾਬਕਾ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਨੂੰ ਧਮਕੀ
ਪੁਲਸ ਅਧਿਕਾਰੀਆਂ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ ਪਰ ਅਸਲ ਸੱਚਾਈ ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਵਾਂ ਮ੍ਰਿਤਕਾਂ ਦਾ ਆਪਸ ਵਿਚ ਕੀ ਰਿਸ਼ਤਾ ਸੀ ਅਤੇ ਉਹ ਟੱਲੇਵਾਲ ਵਿਖੇ ਕਿਸ ਹਾਲਤ ਵਿਚ ਰਹਿ ਰਹੇ ਸਨ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਸ ਵੱਲੋਂ ਮਾਮਲੇ ਦੀ ਵੱਖੋ-ਵੱਖਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਕੋ ਕਮਰੇ ਵਿਚ ਦੋ ਨੌਜਵਾਨ ਜ਼ਿੰਦਗੀਆਂ ਦੇ ਇਸ ਤਰ੍ਹਾਂ ਖ਼ਤਮ ਹੋ ਜਾਣ ਕਾਰਨ ਪਿੰਡ ਵਾਸੀਆਂ ਵਿਚ ਡਰ ਅਤੇ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : 3 ਕਰੋੜ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ, ਪੰਜਾਬ ਸਰਕਾਰ ਨੇ ਦਿੱਤੀ ਪ੍ਰਵਾਨਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
