ਮੱਝਾਂ ਨਾਲ ਭਰੀਆਂ ਪਿੱਕਅੱਪ ਗੱਡੀਆਂ ਨੂੰ ਲੋਕਾਂ ਨੇ ਕੀਤਾ ਕਾਬੂ
Tuesday, Aug 18, 2026 - 07:36 PM (IST)
ਬਰੇਟਾ (ਬਾਂਸਲ): ਇੱਥੋਂ ਨੇੜਲੇ ਪਿੰਡ ਦਿਆਲਪੁਰਾ ਦੇ ਲੋਕਾਂ ਨੇ ਮੱਝਾਂ ਨਾਲ ਭਰੀਆਂ ਚਾਰ ਪਿੱਕਕਪ ਗੱਡੀਆਂ ਨੂੰ ਦਿਆਲਪੁਰਾ ਰੋਡ ਤੋਂ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਿਆਲਪੁਰਾ ਦੇ ਸਰਪੰਚ ਗੁਰਦੀਪ ਸਿੰਘ ਮੋਂਟੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਿਆਲਪੁਰਾ ਪਿੰਡ ਦੇ ਦੋ ਕਿਸਾਨਾਂ ਦੀਆਂ ਮੱਝਾਂ ਚੋਰੀ ਹੋ ਗਈਆ ਸਨ । ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪਹਿਰੇ ਲਗਾਏ ਜਾ ਰਹੇ ਹਨ।
ਰਾਤ ਪਹਿਰਾ ਦੇ ਰਹੇ ਪਿੰਡ ਵਾਸੀਆਂ ਨੇ ਬੁਢਲਾਡਾ ਤੋਂ ਬਰੇਟਾ ਵੱਲ ਜਾ ਰਹੀਆਂ ਚਾਰ ਮੱਝਾਂ ਨਾਲ ਭਰੀਆਂ ਪਿਕਅਪ ਗੱਡੀਆਂ ਨੂੰ ਰੋਕਿਆਂ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਅੱਜ ਫਿਰ ਇਹ ਲੋਕ ਕਿਸੇ ਪਿੰਡ ਵਿੱਚੋ ਮੱਝਾਂ ਚੋਰੀ ਕਰਕੇ ਲਿਆਏ ਹਨ । ਪਿੰਡ ਵਾਸੀਆਂ ਨੇ ਤੁਰੰਤ ਬਰੇਟਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਮੱਝਾਂ ਸਮੇਤ ਗੱਡੀਆਂ ਨੂੰ ਪੁਲਿਸ ਹਵਾਲੇ ਕੀਤਾ।
ਦੂਜੇ ਪਾਸੇ ਜਦੋਂ ਇਸ ਮਾਮਲੇ ਵਿਚ ਬਰੇਟਾ ਪੁਲਸ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਸ਼ੂ ਚੋਰੀ ਦੇ ਨਹੀਂ ਹਨ। ਇਨ੍ਹਾਂ ਪਸ਼ੂਆਂ ਦਾ ਮਾਲਕ ਆਸ਼ੂ ਕੁਮਾਰ ਡੇਅਰੀ ਵਾਲਾ ਬੁਢਲਾਡਾ ਮਾਲਕ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਪਿੰਡਾਂ ਵਿਚੋਂ ਪਸ਼ੂਆਂ ਦੀ ਖਰੀਦਦਾਰੀ ਕਰਕੇ ਦੂਜੇ ਸੂਬੇ ਵਿਚ ਵੇਚਦਾ ਹੈ।
