ਲੋਕਾਂ ਨੂੰ ਘੱਟ ਗੈਸ ਵਾਲੇ LPG ਸਿਲੰਡਰ ਸਪਲਾਈ ਕਰਨ ਵਾਲੀ ਏਜੰਸੀ ਸਸਪੈਂਡ
Thursday, Oct 08, 2026 - 07:04 PM (IST)
ਬਰੇਟਾ (ਬਾਂਸਲ)- ਖਪਤਕਾਰਾਂ ਨੂੰ ਵਜ਼ਨ ਵਿਚ ਘੱਟ ਗੈਸ ਸਿਲੰਡਰ ਸਪਲਾਈ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਅੱਜ ਤੜਕਸਾਰ ਬਰੇਟਾ ਦੀ ਇਕ ਗੈਸ ਏਜੰਸੀ 'ਤੇ ਅਚਾਨਕ ਛਾਪਾ ਮਾਰਿਆ। ਜਾਂਚ ਦੌਰਾਨ ਗੜਬੜੀਆਂ ਸਾਹਮਣੇ ਆਉਣ 'ਤੇ ਟੀਮ ਨੇ ਏਜੰਸੀ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ।
ਜਾਣਕਾਰੀ ਅਨੁਸਾਰ ਟੀਮ ਸਵੇਰੇ ਤੜਕੇ ਹੀ ਏਜੰਸੀ ਦੇ ਗੋਦਾਮ ਵਿਚ ਪਹੁੰਚ ਗਈ ਅਤੇ ਸਿਲੰਡਰਾਂ ਦੀ ਤੋਲ ਕਰਵਾਈ। ਜਾਂਚ ਦੌਰਾਨ ਕਈ ਸਿਲੰਡਰਾਂ ਵਿੱਚ ਗੈਸ ਨਿਰਧਾਰਤ ਮਾਪਦੰਡ ਨਾਲੋਂ ਘੱਟ ਪਾਈ ਗਈ। ਟੀਮ ਨੇ ਏਜੰਸੀ ਦੇ ਰਿਕਾਰਡ, ਸਟਾਕ ਅਤੇ ਤੋਲ ਕੰਡਿਆਂ ਦੀ ਵੀ ਜਾਂਚ ਕੀਤੀ। ਖਪਤਕਾਰਾਂ ਵੱਲੋਂ ਕਾਫ਼ੀ ਸਮੇਂ ਤੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਘਰਾਂ ਵਿੱਚ ਪਹੁੰਚਣ ਵਾਲੇ ਸਿਲੰਡਰਾਂ ਦਾ ਵਜ਼ਨ ਪੂਰਾ ਨਹੀਂ ਹੁੰਦਾ ਅਤੇ ਗੈਸ ਜਲਦੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਹੀ ਇਹ ਕਾਰਵਾਈ ਕੀਤੀ ਗਈ।
ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਪਤਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ 'ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏਜੰਸੀ ਖ਼ਿਲਾਫ਼ ਅਗਲੀ ਕਾਰਵਾਈ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਕਾਰਵਾਈ ਨਾਲ ਇਲਾਕੇ ਦੇ ਹੋਰ ਗੈਸ ਡਿਸਟ੍ਰੀਬਿਊਟਰਾਂ ਵਿਚ ਵੀ ਹੜਕੰਪ ਮਚ ਗਿਆ ਹੈ, ਜਦਕਿ ਖਪਤਕਾਰਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਲੋਕਾਂ ਦੀ ਮੰਗ ਹੈ ਕਿ ਅਜਿਹੀ ਜਾਂਚ ਸਮੇਂ-ਸਮੇਂ 'ਤੇ ਹੁੰਦੀ ਰਹਿਣੀ ਚਾਹੀਦੀ ਹੈ।
