ਨਵਰਾਤਿਆਂ ਮੌਕੇ ਰਾਹੁਲ ਅਰੋੜਾ ਦਾ ਨਵਾਂ ਧਾਰਮਿਕ ਭਜਨ ''ਮੇਰੇ ਨਾਲ ਹੈ ਚਿੰਤਾਪੁਰਨੀ'' ਹੋਵੇਗਾ ਰਿਲੀਜ਼
Saturday, Oct 03, 2026 - 06:10 PM (IST)
ਮਾਨਸਾ (ਮਨਜੀਤ) : “ਜਿੱਥੇ ਮਾਂ ਦਾ ਨਾਮ ਜਪਿਆ ਜਾਵੇ, ਉੱਥੇ ਚਿੰਤਾਵਾਂ ਦੇ ਹਨੇਰੇ ਛਟ ਜਾਂਦੇ ਹਨ ਅਤੇ ਮਨ ਵਿਚ ਸ਼ਰਧਾ ਦਾ ਚਾਨਣ ਹੋ ਜਾਂਦਾ ਹੈ।” ਇਸੇ ਧਾਰਮਿਕ ਭਾਵਨਾ ਅਤੇ ਮਾਤਾ ਦੇ ਚਰਨਾਂ ਪ੍ਰਤੀ ਅਟੁੱਟ ਸ਼ਰਧਾ ਨੂੰ ਸਮਰਪਿਤ ਧਾਰਮਿਕ ਭਜਨ ਗਾਇਕ ਰਾਹੁਲ ਅਰੋੜਾ ਤਰਨ ਤਾਰਨ ਦਾ ਨਵਾਂ ਧਾਰਮਿਕ ਭਜਨ ‘ ਮੇਰੇ ਨਾਲ ਹੈ ਚਿੰਤਾਪੁਰਨੀ ' ਨਵਰਾਤਿਆਂ ਦੇ ਪਾਵਨ ਮੌਕੇ ’ਤੇ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਭਜਨ ਦਾ ਫਿਲਮਾਂਕਣ ਮਾਤਾ ਚਿੰਤਾਪੁਰਨੀ ਦੇ ਪਾਵਨ ਦਰਬਾਰ ਵਿਖੇ ਕੀਤਾ ਗਿਆ ਹੈ, ਜਿਸ ਵਿਚ ਮਾਤਾ ਦੇ ਦਰਬਾਰ ਦੀ ਆਧਿਆਤਮਿਕ ਮਹਿਮਾ, ਸ਼ਰਧਾ ਅਤੇ ਭਗਤੀ ਦੇ ਰੰਗਾਂ ਨੂੰ ਖੂਬਸੂਰਤੀ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਧਾਰਮਿਕ ਭਜਨ ਗਾਇਕ ਰਾਹੁਲ ਅਰੋੜਾ ਨੇ ਕਿਹਾ ਕਿ ਮੇਰੇ ਨਾਲ ਹੈ ਚਿੰਤਾਪੁਰਨੀ ' ਉਨ੍ਹਾਂ ਲਈ ਸਿਰਫ਼ ਇਕ ਭਜਨ ਨਹੀਂ, ਸਗੋਂ ਮਾਤਾ ਦੇ ਚਰਨਾਂ ਵਿੱਚ ਉਨ੍ਹਾਂ ਦੀ ਸ਼ਰਧਾ, ਵਿਸ਼ਵਾਸ ਅਤੇ ਪਿਆਰ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਮਾਤਾ ਚਿੰਤਾਪੁਰਨੀ ਜੀ ਦੀ ਕਿਰਪਾ ਸਦਾ ਉਨ੍ਹਾਂ ਦੇ ਸਿਰ ’ਤੇ ਬਣੀ ਰਹੇ ਅਤੇ ਮਾਂ ਦੀ ਮਹਿਮਾ ਦਾ ਗੁਣਗਾਨ ਕਰਨ ਦਾ ਸੁਭਾਗ ਉਨ੍ਹਾਂ ਨੂੰ ਹਮੇਸ਼ਾ ਮਿਲਦਾ ਰਹੇ। ਉਨ੍ਹਾਂ ਆਸ ਪ੍ਰਗਟਾਈ ਕਿ ਨਵਰਾਤਿਆਂ ਦੇ ਪਵਿੱਤਰ ਦਿਨਾਂ ਵਿੱਚ ਰਿਲੀਜ਼ ਹੋਣ ਵਾਲਾ ਇਹ ਭਜਨ ਸੰਗਤਾਂ ਦੇ ਮਨਾਂ ਨੂੰ ਸਕੂਨ, ਸ਼ਰਧਾ ਅਤੇ ਭਗਤੀ ਨਾਲ ਭਰ ਦੇਵੇਗਾ।
