ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ

Saturday, Oct 10, 2026 - 01:28 PM (IST)

ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ

ਮਾਨਸਾ (ਮਨਜੀਤ ਕੌਰ) : ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪ੍ਰਾਜੈਕਟ ਹੈੱਡ ਪ੍ਰਭਜੋਤ ਸਿੰਘ ਸਿੱਧੂ ਅਤੇ ਪ੍ਰਸ਼ਾਸਨ ਨੂੰ ਇਕ ਗੰਭੀਰ ਮੰਗ ਪੱਤਰ ਅਤੇ ਚਿਤਾਵਨੀ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਆਗੂਆਂ ਨੇ ਸੇਵਾ ਕੇਂਦਰਾਂ ’ਚ ਕੰਮ ਕਰਦੇ ਸਕਿਓਰਿਟੀ ਗਾਰਡਾਂ, ਐੱਲ.ਆਰ.ਓ. ਅਤੇ ਡੀ.ਐੱਸ.ਡੀ. ਆਪਰੇਟਰਾਂ ਦੀਆਂ ਲਮਕਦੀਆਂ ਮੰਗਾਂ ਅਤੇ ਸ਼ੋਸ਼ਣ ਖਿਲਾਫ ਆਵਾਜ਼ ਬੁਲੰਦ ਕੀਤੀ। ਯੂਨੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਿਓਰਿਟੀ ਗਾਰਡਾਂ ਦੀ ਤਨਖਾਹ ਤੇ ਛੁੱਟੀਆਂ, ਸਕਿਓਰਿਟੀ ਗਾਰਡਾਂ ਦੀ ਪਿਛਲੇ 2 ਮਹੀਨਿਆਂ ਦੀ ਤਨਖਾਹ ਬਿਨਾਂ ਕਿਸੇ ਵਜ੍ਹਾ ਤੋਂ ਰੋਕੀ ਹੋਈ ਹੈ ਅਤੇ ਉਨ੍ਹਾਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ।

ਆਪਰੇਟਰਾਂ ਦਾ ਟੀ.ਏ., ਐੱਲ.ਆਰ.ਓ. ਆਪਰੇਟਰਾਂ ਦਾ ਪਿਛਲੇ 6 ਮਹੀਨਿਆਂ ਤੋਂ ਸਫਰੀ ਭੱਤਾ ਪੈਂਡਿੰਗ ਹੈ। ਡੀ.ਐੱਸ.ਡੀ ਆਪਰੇਟਰਾਂ ਦਾ ਟੀ.ਏ. ਤੇ ਸਰਕਾਰੀ ਛੁੱਟੀਆਂ, ਡੀ.ਐੱਸ.ਡੀ. ਆਪਰੇਟਰਾਂ ਦਾ ਪਿਛਲੇ 4 ਮਹੀਨਿਆਂ ਦਾ ਟੀ.ਏ. ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਬਣਦੀਆਂ ਸਰਕਾਰੀ ਛੁੱਟੀਆਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। 12 ਅਕਤੂਬਰ ਤੋਂ ਕਲਮ ਛੋੜ ਹੜਤਾਲ ਅਤੇ ਪੁਤਲੇ ਫੂਕਣ ਦਾ ਐਲਾਨ, ਯੂਨੀਅਨ ਆਗੂਆਂ ਨੇ ਸਾਫ ਸ਼ਬਦਾਂ ’ਚ ਚਿਤਾਵਨੀ ਦਿੱਤੀ ਹੈ ਕਿ ਜੇਕਰ 12 ਅਕਤੂਬਰ ਤਕ ਇਨ੍ਹਾਂ ਸਾਰੀਆਂ ਮੰਗਾਂ ਦਾ ਯੋਗ ਹੱਲ ਨਾ ਕੀਤਾ ਗਿਆ, ਤਾਂ 12 ਅਕਤੂਬਰ 2026 ਤੋਂ ਪੂਰੇ ਪੰਜਾਬ ਦੇ ਸੇਵਾ ਕੇਂਦਰਾਂ ਦੇ ਸਮੂਹ ਮੁਲਾਜ਼ਮ ਅਣਮਿੱਥੇ ਸਮੇਂ ਲਈ ’ਕਲਮ ਛੋੜ ਹੜਤਾਲ’ ਸ਼ੁਰੂ ਕਰਨਗੇ।

ਇਸ ਦੌਰਾਨ ਮੁਲਾਜ਼ਮ ਡਿਊਟੀ ’ਤੇ ਤਾਂ ਆਉਣਗੇ ਪਰ ਪੋਰਟਲ ’ਤੇ ਕੋਈ ਕੰਮ ਜਾਂ ਪਬਲਿਕ ਐਂਟਰੀ ਨਹੀਂ ਕਰਨਗੇ। ਇਸ ਦੇ ਨਾਲ ਹੀ 12 ਅਕਤੂਬਰ ਨੂੰ ਹੀ ਪੰਜਾਬ ਦੇ ਸਮੂਹ ਜ਼ਿਲਾ ਹੈੱਡਕੁਆਟਰਾਂ ’ਤੇ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਇਸ ਹੜਤਾਲ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਖੱਜਲ-ਖੁਆਰੀ ਦੀ ਪੂਰੀ ਜ਼ਿੰਮੇਵਾਰੀ ਸੇਵਾ ਕੇਂਦਰ ਪ੍ਰਬੰਧਕਾਂ/ ਮੈਨੇਜਮੈਂਟ ਦੀ ਹੋਵੇਗੀ। ਇਸ ਮੰਗ-ਪੱਤਰ ਦੀਆਂ ਕਾਪੀਆਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਤਕਨੀਕੀ ਅਫਸਰਾਂ ਨੂੰ ਵੀ ਭੇਜ ਦਿੱਤੀਆਂ ਗਈਆਂ ਹਨ।


author

Gurminder Singh

Content Editor

Related News