ਬਾਰਡਰ ਨਾਲ ਲੱਗਦੇ ਪਿੰਡਾਂ ''ਚ ਸ਼ਾਮ 6 ਤੋਂ ਰਾਤ 12 ਵਜੇ ਤੱਕ ਉੱਚੀ ਆਵਾਜ਼ ''ਚ ਸਪੀਕਰ ਚਲਾਉਣ ''ਤੇ ਪਾਬੰਦੀ

06/12/2024 3:11:01 PM

ਗੁਰਦਾਸਪੁਰ (ਵਿਨੋਦ) : ਇੱਥੇ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜ਼ਿਲ੍ਹੇ 'ਚ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਸ਼ਾਮ 6.00 ਵਜੇ ਤੋਂ ਰਾਤ 12.00 ਵਜੇ ਤੱਕ ਉੱਚੀ ਆਵਾਜ਼ ਵਿਚ ਸਪੀਕਰ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਧਾਰਮਿਕ ਸਥਾਨਾਂ 'ਤੇ ਲਗਾਏ ਜਾਣ ਵਾਲੇ ਸਪੀਕਰਾਂ ਦੀ ਆਵਾਜ਼ ਘੱਟ ਰੱਖਣ ਸਬੰਧੀ ਵੀ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਮਿਤੀ 05.06.2024 ਤੋਂ ਲੈ ਕੇ ਮਿਤੀ 04.08.2024 ਤੱਕ ਲਾਗੂ ਰਹੇਗਾ।

ਇਹ ਹੁਕਮ ਜਾਰੀ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਸਰਹੱਦੀ ਏਰੀਆ ਹੋਣ ਕਰਕੇ ਰੋਜ਼ਾਨਾ ਡਰੋਨ ਰਾਹੀਂ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਖ਼ੇਪ ਇੰਡੋ-ਪਾਕਿ ਬਾਰਡਰ ਤੇ ਭੇਜਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

ਬੀਤੇ ਦਿਨੀਂ ਸੁਰੱਖਿਆ ਏਜੰਸੀਆਂ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਕਿ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਸ਼ਾਮ ਵੇਲੇ ਪਿੰਡ ਵਾਸੀਆਂ ਵੱਲੋਂ ਉੱਚੀ ਆਵਾਜ਼ 'ਚ ਸਪੀਕਰ ਲਗਾਏ ਜਾਂਦੇ ਹਨ, ਜਿਸ ਕਰਕੇ ਗਸ਼ਤ ਕਰਨ ਵਾਲੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਕਈ ਵਾਰ ਡਰੋਨ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਲਈ ਇਸ ਨਾਲ ਹੁੰਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਇਸ ਹੁਕਮ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।


Babita

Content Editor

Related News