ਬਾਦਲ ਨੂੰ ''ਬਾਦਸ਼ਾਹ ਦਰਵੇਸ਼'' ਕਹਿਣ ਵਾਲੇ ਭੂੰਦੜ ਨੇ ਹੱਥ ਜੋੜ ਕੇ ਮੰਗੀ ਮੁਆਫੀ

Tuesday, Sep 11, 2018 - 06:36 PM (IST)

ਨਵੀਂ ਦਿੱਲੀ\ਚੰਡੀਗੜ੍ਹ (ਕਮਲ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ। ਭੂੰਦੜ ਨੇ ਕਿਹਾ ਕਿ ਬਾਦਲ ਲਈ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਅਨਜਾਣੇ ਵਿਚ ਨਿਕਲ ਗਏ ਸਨ, ਇਸ ਲਈ ਉਹ ਗੁਰੂ ਸਾਹਿਬ ਅਤੇ ਸਿੱਖ ਸੰਗਤ ਤੋਂ ਭੁੱਲ ਬਖਸ਼ਾ ਰਹੇ ਹਨ। 

ਦੱਸਣਯੋਗ ਹੈ ਕਿ ਐਤਵਾਰ ਨੂੰ ਅਬੋਹਰ ਵਿਚ ਅਕਾਲੀ ਦਲ ਵਲੋਂ ਕਾਂਗਰਸ ਖਿਲਾਫ ਕੀਤੀ ਰੈਲੀ ਗਈ ਸੀ, ਜਿਸ ਵਿਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿ ਕੇ ਸੰਬੋਧਨ ਕੀਤਾ ਸੀ। ਜਦਕਿ ਇਹ ਸ਼ਬਦ ਸਿੱਖਾਂ ਵਲੋਂ ਸਿਰਫ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਲਈ ਵਰਤੇ ਜਾਂਦੇ ਹਨ। 

ਇਸ ਬਿਆਨ ਤੋਂ ਬਾਅਦ ਭੂੰਦੜ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਸਨ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਗੁਰਸੇਵਕ ਸਿੰਘ ਹਰਪਾਲਪੁਰ ਨੇ ਤਾਂ ਜ਼ਿਲਾ ਮੋਹਾਲੀ ਦੇ ਸੋਹਾਣਾ ਥਾਣੇ 'ਚ ਇਸ ਦੀ ਬਕਾਇਦਾ ਸ਼ਕਾਇਤ ਵੀ ਦਰਜ ਕਰਵਾਈ ਸੀ। ਗੁਰਸੇਵਕ ਸਿੰਘ ਨੇ ਕਿਹਾ ਸੀ ਕਿ ਭੂੰਦੜ ਦੇ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ।


Related News